ਸਿਆਸੀ ਖਬਰਾਂ » ਸਿੱਖ ਖਬਰਾਂ

ਸ਼ਹੀਦਾਂ ਦੀਆਂ ਤਸਵੀਰਾਂ, ਕਿਤਾਬਾਂ ਮਿਲਣ ਨੂੰ ‘ਜੰਗ ਛੇੜਨ’ ਦੀ ਕਾਰਵਾਈ ਦੱਸ ਕੇ 3 ਸਿੱਖਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ

February 7, 2019 | By

ਚੰਡੀਗੜ੍ਹ:  ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਨੇ ਵਕੀਲਾਂ, ਕਾਨੂੰਨੀ ਮਾਹਿਰਾਂ ਸਮੇਤ ਹਰ ਕਿਸੇ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ।

ਖਾੜਕੂ ਸਿੱਖ ਸੰਘਰਸ਼ ਦੇ ਮੁੱਖ ਮਾਮਲਿਆਂ, ਸਮੇਤ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਮਾਮਲ ਦੇ, ਨੂੰ ਅਦਾਲਤਾਂ ਨੇ ਸਰਕਾਰ ਵਿਰੁਧ ਜੰਗ ਛੇੜਨ ਦੀ ਕਾਰਵਾਈ ਨਹੀਂ ਸੀ ਮੰਨਿਆ ਪਰ ਇਸ ਅਦਾਲਤ ਨੇ ਇਕ ਬਿਲਕੁਲ ਬੇਅਧਾਰ ਮਾਮਲੇ ਨੂੰ ਇਹ ‘ਜੰਗ ਛੇੜਨ ਦੀ ਕਾਰਵਾਈ’ ਬਣਾ ਦਿੱਤਾ ਹੈ।

ਬੀਤੇ ਕਲ੍ਹ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਦੀ ਅਦਾਲਤ ਵਲੋਂ ਤਿੰਨ ਸਿੱਖ ਕਾਰਕੁੰਨਾ ਨੂੰ ਭਾਰਤੀ ਸਜਾਵਲੀ ਦੀ ਧਾਰਾ(ਅਨੁਭਾਗ) 121(ਰਾਜ ਵਿਰੁੱਧ ਜੰਗ ਵਿੱਢਣ) ਅਤੇ 121ਏ (ਰਾਜ ਵਿਰੁੱਧ ਜੰਗ ਵਿੱਢਣ ਦੀ ਤਿਆਰੀ) ਅਧੀਨ  ਉਮਰਕੈਦ ਦੀ ਸਜਾ ਸੁਣਾ ਦਿੱਤੀ ਗਈ।।

ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਲੋਂ ਰਾਜ ਵਿਰੁੱਧ ਜੰਗ ਵਿੱਢਣ ਦੇ ਦੋਸ਼ੀ ਐਲਾਨੇ ਗਏ ਤਿੰਨ ਸਿੱਖਾਂ ਦੀ ਤਸਵੀਰ।

ਵਧੀਕ ਸਥਾਨਕ ਜੱਜ ਰਣਧੀਰ ਸ਼ਰਮਾ{ਸ਼ਹੀਦ ਭਗਤ ਸਿੰਘ ਨਗਰ} ਵਲੋਂ ਤਿੰਨ ਸਿੱਖਾਂ ਨੂੰ ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਛਾਪਾਂ,ਨਿਰੰਕਾਰੀ ਕਾਂਡ 1978 ‘ਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਅਤੇ ਇੱਕ ਮੋਬਾਈਲ ਫੋਨ(ਸੈਮਸੰਗ) ਦੀ ਬਰਾਮਦਗੀ ਦੇ ਅਧਾਰ ‘ਤੇ ਰਾਜ ਵਿਰੁੱਧ ਜੰਗ ਵਿੱਢਣ ਦਾ ਦੋਸ਼ੀ ਐਲਾਨਿਆ ਗਿਆ ਹੈ।

ਪੁਲਸ ਦੀ ਕਹਾਣੀ ਮੁਤਾਬਕ “24 ਮਈ 2016 ਨੂੰ ਸੀਨੀਅਰ ਇੰਸਪੈਕਟਰ ਗੁਰਦਿਆਲ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਜਾਡਲਾ ਸੜਕ, ਰਾਹੋਂ ਵਿਖੇ ਗਸ਼ਤ ਕਰ ਰਿਹਾ ਸੀ ਜਿੱਥੇ ਡੀਐਸਪੀ ਮੁਖਤਿਆਰ ਰਾਏ ਆਪਣੇ ਬੰਦੂਕਚੀ ਅਤੇ ਹੋਰਨਾਂ ਪੁਲਸ ਮੁਲਾਜ਼ਮਾਂ ਨਾਲ ਪਹੁੰਚਿਆ ਅਤੇ ਉਹਨਾਂ ਨਾਲ ਜੁੜ ਗਿਆ। ਇਸ ਮਗਰੋਂ ਉਸ ਤਾਂ ‘ਤੇ ਨਾਕਾ ਲਾਇਆ ਗਿਆ ਅਤੇ 10:18 ਤੇ ਉਸਨੂੰ ਇੱਕ ਗੁਪਤ ਜਾਣਕਾਰੀ ਹਾਸਲ ਹੋਈ ਕਿ ਪਿੰਡ ਪੱਲੀਆਂ ਖੁਰਦ ਦਾ ਰਹਿਣ ਵਾਲਾ ਅਰਵਿੰਦਰ ਸਿੰਘ ਸਿੱਖ ਜਥੇਬੰਦੀ “ਬੱਬਰ ਖਾਲਸਾ” ਦਾ ਸਰਗਰਮ ਕਾਰਕੁੰਨ ਹੈ ਅਤੇ ਸੱਤ-ਅੱਠ ਮਹੀਨੇ ਪਹਿਲਾਂ ਦੋਹਾ ਕਤਰ ਤੋਂ ਵਾਪਸ ਪਰਤਿਆ ਹੈ।

ਪੁਲਸ ਦੀ ਕਹਾਣੀ ਮੁਤਾਬਕ “ਅਰਵਿੰਦਰ ਸਿੰਘ ਸਿੱਖ ਨੌਜਵਾਨਾਂ ਨੂੰ ਬੱਬਰ ਖਾਲਸਾ ‘ਚ ਭਰਤੀ ਹੋਣ ਲਈ ਉਕਸਾ ਰਿਹਾ ਸੀ ਅਤੇ ਭਾਰਤ ਵਿਰੁੱਧ ਜੰਗ ਵਿੱਢਣ ਦੀ ਵਿਉਂਤ ਘੜ ਰਿਹਾ ਸੀ।”
ਪੁਲਸ ਦਾ ਕਹਿਣੈ ਏਸ ਜਾਣਕਾਰੀ ਨੂੰ ਸਹੀ ਮੰਨਦਿਆਂ ਅਸੀਂ ਇਸਨੂੰ ਦਰਜ ਕੀਤਾ ਅਤੇ ਥਾਣੇ ਭੇਜਿਆ, ਜਿਸ ਅਧਾਰ ਉੱਤੇ ਐਫਆਈਆਂਰ ਦਰਜ ਕੀਤੀ ਗਈ ਅਤੇ ਇਸਦੀ ਜਾਂਚ ਡੀਐਸਪੀ ਮੁਖਤਿਆਰ ਰਾਏ ਵਲੋਂ ਆਪਣੇ ਹੱਥਾਂ ‘ਚ ਲੈ ਲਈ ਗਈ।

ਹੋਰ ਜਾਣਕਾਰੀ ਲਈ ਪੜ੍ਹੋ-  Sikh Activists Sentenced to Life Imprisonment for Waging “Paper” War Against Indian State

ਪੁਲਸ ਦਾ ਕਹਿਣੈ ਕਿ ਉਹਨਾਂ ਅਰਵਿੰਦਰ ਸਿੰਘ ਨੂੰ ਰਾਹੋਂ ਬੱਸ ਅੱਡੇ ਤੋਂ 25 ਮਈ 2016 ਨੂੰ ਗਿਰਫਤਾਰ ਕੀਤਾ, ਉਸ ਕੋਲੋਂ ਸੈਮਸੰਗ ਦਾ ਇੱਕ ਮੋਬਾਈਲ ਫੋਨ ਬਰਾਮਦ ਹੋਇਆ।

ਪੁਲਸ ਦਾ ਕਹਿਣੈ ਕਿ ਸੁਰਜੀਤ ਸਿੰਘ ਨੇ ਰਣਜੀਤ ਸਿੰਘ ਨਾਲ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ‘ਤੇ ਖਾਲਿਸਤਾਨ ਬਾਰੇ ਜਾਣਕਾਰੀ ਦਿੰਦੇ ਪੋਸਟਰ ਲਾਏ।

ਪੁਲਸ ਅਨੁਸਾਰ ਰਣਜੀਤ ਸਿੰਘ ਪਾਸੋਂ 2 ਬੋਰਡ ਅਤੇ ਸਾਕਾ ਨੀਲਾ ਤਾਰਾ ਦੀਆਂ 10 ਕਿਤਾਬਾਂ ਬਰਾਮਦ ਹੋਈਆਂ।

ਗਿਰਫਤਾਰ ਕੀਤੇ ਗਏ ਬੰਦਿਆਂ ਨੇ ਪੁਲਸ ਅਤੇ ਸਰਕਾਰੀ ਵਕੀਲਾਂ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ।

ਪੁਲਸ ਵਲੋਂ ਇਸ ਮਾਮਲੇ ਵਿਚ 97 ਕਿਤਾਬਾਂ, 198 ਤਸਵੀਰਾਂ, ਨਿਰੰਕਾਰੀ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ(13) ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਨਾਲ ਸੰਬੰਧਤ ਹਜਾਰ ਕਿਤਾਬਾਂ ਬਰਾਮਦ ਕੀਤੀਆਂ ਗਈਆਂ।

ਇਸ ਮੁਕੱਦਮੇ ਦੇ ਸਾਰੇ ਸਰਕਾਰੀ ਗਵਾਹ ਪੁਲਸ ਮੁਲਾਜ਼ਮ ਹਨ, ਅਦਾਲਤੀ ਫੈਸਲੇ ‘ਚ ਗਵਾਹਾਂ ਦੇ ਨਾਂ – ਪ੍ਰੇਮ ਕੁਮਾਰ, ਦਲਜੀਤ ਸਿੰਘ, ਜਰਨੈਲ ਸਿੰਘ, ਸੁਧੀਰ ਕੁਮਾਰ, ਸੁਖਵਿੰਦਰ ਸਿੰਘ, ਦਲਬੀਰ ਸਿੰਘ ਵਿਰਕ, ਗਗਨਦੀਪ ਸਿੰਘ, ਅਮਰਜੋਤੀ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਬੱਗਾ ਸਿੰਘ, ਸੁਨੀਲ ਕੁਮਾਰ, ਰਾਮ ਪਾਲ, ਸੋਢੀ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਵੇਦਪ੍ਰਕਾਸ਼, ਮੋਹਿੰਦਰਪਾਲ ਸਿੰਘ, ਡੀਐਸਪੀ ਮੁਖਤਿਆਰ ਸਿੰਘ ਦਰਜ ਹਨ।

ਅਦਾਲਤ ਵਲੋਂ ਤਿੰਨਾਂ ਸਿੱਖਾਂ {ਅਰਵਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ} ਨੂੰ ਧਾਰਾ121 ਅਧੂਨ ਉਮਰਕੈਦ ਅਤੇ ਇੱਕ ਲੱਖ ਰਪਏ ਜੁਰਮਾਨਾ ਅਤੇ ਧਾਰਾ 121ਏ ਦੇ ਅਧੀਨ ਦੱਸ ਸਾਲ ਦੀ ਕੈਦ ਦੇ ਨਾਲ 25000 ਰੁਪਏ ਜੁਰਮਾਨਾ ਲਾਇਆ ਗਿਆ ਹੈ।

ਇਸ ਮਾਮਲੇ ‘ਚ ਬਚਾਅ ਪੱਖ ਦੇ ਵਕੀਲ – ਐਚ.ਕੇ ਭਾਂਬੀ, ਰਾਜਨ ਸਾਰੀਨ, ਸਰਬਜੀਤ ਸਿੰਘ ਬੈਂਸ ਅਤੇ ਐਚ.ਐਲ ਸੁਮਨ ਸਨ।

ਅਦਾਲਤੀ ਫੈਸਲੇ ‘ਚ ਕਈ ਕਨੂੰਨੀ ਘਾਟਾਂ ਹਨ : ਜਸਪਾਲ ਸਿੰਘ ਮੰਝਪੁਰ

ਬੰਦੀ ਸਿੰਘਾਂ ਦੇ ਮੁਕੱਦਮਿਆਂ ਦੀ ਪੈਰਵਾਈ ਕਰਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਦਾ ਕਹਿਣੈ ਕੇ ਇਸ ਅਦਾਲਤੀ ਫੈਸਲੇ ‘ਚ ਕਈ ਕਨੂੰਨੀ ਘਾਟਾਂ ਹਨ।

ਉਹਨਾਂ ਦੱਸਿਆ ਕਿ ” ਮੈਂ ਭਾਵੇਂ ਇਸ ਮੁਕੱਦਮੇ ਦੀ ਪੈਰਵਾਈ ਨਹੀਂ ਕਰ ਰਿਹਾ ਪਰ ਮੈਂ ਇਸ ਅਦਾਲਤੀ ਫੈਸਲੇ ਦਾ ਚੰਗੀ ਤਰ੍ਹਾਂ ਮੁਤਾਲਿਆ ਕੀਤਾ ਹੈ ਜਿਸ ਤੋਂ ਇਹ ਸਾਫ ਜਾਹਰ ਹੈ ਕਿ ਫੈਸਲਾ (Charges Beyond Reasonable Doubt} ਦੇ ਸਿਧਾਂਤ ‘ਤੇ ਬਿਲਕੁਲ ਵੀ ਖਰਾ ਨਹੀਂ ਉੱਤਰਦਾ ਪਰ ਅਦਾਲਤ ਨੇ ਗਲਤ ਢੰਗ ਨਾਲ ਸਬੂਤਾਂ ਦਾ ਭਾਰ ਗਿਰਫਤਾਰ ਕੀਤੇ ਬੰਦਿਆਂ ‘ਤੇ ਪਾ ਕੇ ਦੋਸ਼ੀ ਐਲਾਨਿਆ ਹੈ।

ਉਹਨਾਂ ਦੱਸਿਆ ਕਿ ਅਦਾਲਤ ਨੇ ਇਸ ਤੱਥ ਵੱਲ੍ਹ ਕੋਈ ਧਿਆਨ ਹੀ ਨਹੀਂ ਦਿੱਤਾ ਕਿ ਬੰਦਿਆਂ ਕੋਲੋਂ ਕਿਸੇ ਵੀ ਤਰ੍ਹਾ ਦੇ ਹਥਿਆਰ ਬਰਾਮਦ ਨਹੀਂ ਹੋਏ ਸਗੋਂ ਕੁਝ ਕੁ ਕਿਤਾਬਾਂ ਅਤੇ ਤਸਵੀਰਾਂ ਦੀ ਬਰਾਮਦਗੀ ਨੂੰ ਰਾਜ ਵਿਰੁੱਧ ਜੰਗ ਵਿੱਢਣ ਦੇ ਦੋਸ਼ ਦਾ ਅਧਾਰ ਬਣਾਇਆ ਗਿਆ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: