ਸਿੱਖ ਖਬਰਾਂ

ਬਲਾਚੌਰ ਪੁਲਿਸ ਸਿੱਖ ਨੌਜਵਾਨ ‘ਤੇ ਨਵਾਂ ਮਾਮਲਾ ਪਾ ਕੇ ਆਪ ਸਵਾਲਾਂ ਦੇ ਘੇਰੇ ਚ ਉਲਝੀ

February 13, 2019 | By

ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਕੋਲੋਂ ਕਿਤਾਬਾਂ, ਸ਼ਹੀਦਾਂ ਦੀਆਂ ਇਤਿਹਾਸਕ ਤਸਵੀਰਾਂ ਅਤੇ ਇਸ਼ਤਿਹਾਰ ਮਿਲਣ ਕਾਰਨ ਉਹਨਾਂ ਨੂੰ “ਦੇਸ਼ ਵਿਰੁਧ ਜੰਗ ਛੇੜਨ” ਦਾ ਦੋਸ਼ੀ ਗਰਦਾਨਦਿਆਂ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਉੱਠ ਰਹੇ ਸਵਾਲਾਂ ਦੇ ਦੌਰਮਿਆਨ ਹੀ ਬਲਾਚੌਰ ਪੁਲਿਸ ਇਨ੍ਹਾਂ ਨੌਜਵਾਨਾਂ ਵਿਚੋਂ ਅਰਵਿੰਦਰ ਸਿੰਘ ਨੂੰ ਨਵੇਂ ਮਾਮਲੇ ਵਿਚ ਨਾਮਜ਼ਦ ਕਰਕੇ ਆਪ ਹੀ ਸਵਾਲਾਂ ਦੇ ਘੇਰੇ ਚ ਆ ਗਈ ਹੈ।

ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਨਵਾਂਸ਼ਹਿਰ ਦੇ ਸੈਸ਼ਨ ਜੱਜ ਰਣਧੀਰ ਵਰਮਾ ਨੇ 31 ਜਨਵਰੀ ਨੂੰ ‘ਦੇਸ਼ ਵਿਰੁਧ ਜੰਗ ਛੇੜਨ’ ਦਾ ਦੋਸ਼ੀ ਐਲਾਨਿਆ ਸੀ ਤੇ 5 ਫਰਵਰੀ ਨੂੰ ਉਹਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਇਨ੍ਹਾਂ ਨੌਜਵਾਨਾਂ ਵਿਚੋਂ ਅਰਵਿੰਦਰ ਸਿੰਘ ਖਿਲਾਫ 7 ਫਰਵਰੀ ਨੂੰ ਬਲਾਚੌਰ ਪੁਲਿਸ ਨੇ ਨਵਾਂ ਮਾਮਲਾ ਦਰਜ਼ ਕੀਤਾ ਹੈ। ਬਲਾਚੌਰ ਪੁਲਿਸ ਦਾ ਕਹਿਣਾ ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਨੂੰ ਪਸਤੌਲ ਅਤੇ ਕਾਰਤੂਸ ਦਿੱਤੇ ਹਨ ਜਦਕਿ ਤੱਥ ਇਹ ਹੈ ਕਿ ਗੁਰਦੀਪ ਸਿੰਘ ਮਈ 2016 ਤੋਂ ਹੀ ਜੇਲ੍ਹ ਵਿਚ ਕੈਦ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਗੁਰਦੀਪ ਸਿੰਘ, ਜਿਸ ਨੂੰ ਮੁਕੰਦਪੁਰ ਪੁਲਿਸ ਨੇ ਐਨ.ਡੀ.ਪੀ.ਐਸ. ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ, ਦੇ “ਖੁਲਾਸੇ” ਉੱਤੇ ਅਰਵਿੰਦਰ ਸਿੰਘ ਤੇ ਤਿੰਨ ਹੋਰਾਂ ਖਿਲਾਫ ਅਸਲਾ ਕਾਨੂੰਨ ਅਤੇ ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਚ ਬਲਾਚੌਰ ਪੁਲਿਸ ਵਲੋਂ 7 ਫਰਵਰੀ ਨੂੰ ਦਰਜ ਕੀਤੀ ਗਈ ਐਫ.ਆਈ.ਆਰ. ਚ ਕਿਹਾ ਗਿਆ ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਨੂੰ ਇਕ ਪਸਤੌਲ ਅਤੇ 6 ਕਾਰਤੂਸ ਦਿੱਤੇ ਸਨ ਤਾਂ ਕਿ ਉਹ ਸਰੋਆ ਤੇ ਬਛੌੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈ ਸਕੇ।

ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ ਨੂੰ ਮਈ 2016 ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਉਹ ਜੇਲ੍ਹ ਵਿੱਚ ਹੀ ਹੈ। ਦੂਜੇ ਬੰਨੇ ਸਰੋਆ ਪਿੰਡ ਵਿਚ ਬੇਅਦਬੀ ਦੀ ਘਟਨਾ ਜਨਵਰੀ 2017 ਵਿਚ ਵਾਪਰੀ ਸੀ ਅਤੇ ਬਛੋਆ ਵਿਚਲੀ ਬੇਅਦਬੀ ਦੀ ਘਟਨਾ ਜੂਨ 2018 ਦੀ ਹੈ। ਭਾਵ ਕਿ ਦੋਵੇਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਕਿ ਅਰਵਿੰਦਰ ਸਿੰਘ ਜੇਲ੍ਹ ਵਿਚ ਹੀ ਕੈਦ ਸੀ।

ਇਸ ਦੇ ਮੱਦੇਨਜ਼ਰ ਪੁਲਿਸ ਦਾ ਇਹ ਦਾਅਵਾ ਸਵਾਲਾਂ ਦੇ ਘੇਰੇ ਚ ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਪਸਤੌਲ ਅਤੇ ਕਾਰਤੂਸ ਦੇ ਕੇ ਇਹਨਾਂ ਘਟਨਾਵਾਂ ਦਾ ਬਦਲਾ ਲੈਣ ਲਈ ਕਿਹਾ ਸੀ।ਟਾਈਮਜ਼ ਆਫ ਇੰਡੀਆਂ ਵਿਚ ਲੱਗੀ ਇਕ ਖਬਰ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੇ ਡੀ.ਐਸ.ਪੀ. ਰਾਜਪਾਲ ਸਿੰਘ ਨੇ ਇਸ ਅਖਬਾਰ ਦੇ ਪੱਤਰਕਾਰ ਨੇ ਬਾਬਤ ਪੁੱਛਿਆ ਤਾਂ ਉਸ ਨੇ ਕਿਹਾ: “ਮੈਂ ਉਸ (ਗੁਰਦੀਪ ਸਿੰਘ) ਦੀ ਪੁੱਛਗਿੱਛ ਕਤਿੀ ਸੀ ਤੇ ਉਸਨੇ ਕਿਹਾ ਕਿ ਉਸ ਵੇਲੇ ਉਹ (ਅਰਵਿੰਦਰ ਸਿੰਘ) ਜੇਲ੍ਹ ਤੋਂ ਬਾਹਰ ਸੀ” (ਆਈ ਕੁਅਸ਼ਚਨਡ ਹਿਮ (ਗੁਰਦੀਪ) ਐਂਡ ਹੀ ਟੋਲਡ ਮੀਂ ਦੈਟ ਹੀ (ਅਰਵਿੰਦਰ) ਵਾਜ਼ ਆਊਟ ਆਫ ਜੇਲ੍ਹ ਦੈਨ”)।

ਖਬਰ ਵਿਚ ਇਸ ਗੱਲ ਦਾ ਖਾਸ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਨੇ ਡੀ.ਐਸ.ਪੀ. ਦੇ ਧਿਆਨ ਵਿਚ ਇਹ ਲਿਆਂਦਾ ਕਿ ਅਰਵਿੰਦਰ ਸਿੰਘ ਤਾਂ ਗ੍ਰਿਫਤਾਰੀ ਤੋਂ ਬਾਅਦ ਮੁੜ ਜੇਲ੍ਹ ਵਿਚੋਂ ਬਾਹਰ ਹੀ ਨਹੀਂ ਆਇਆ ਤਾਂ ਡੀ.ਐਸ.ਪੀ. ਨੇ ਇਸ ਗੱਲ ਦੀ ਅੜੀ ਕੀਤੀ ਕਿ ਨਹੀਂ ਅਰਵਿੰਦਰ ਸਿੰਘ ਉਦੋਂ ਜੇਲ੍ਹ ਤੋਂ ਬਾਹਰ ਹੀ ਸੀ।

ਸੀਨੀਅਰ ਪੱਤਰਕਾਰ ਆਈ. ਪੀ. ਸਿੰਘ ਵਲੋਂ ਲਾਈ ਗਈ ਇਸ ਖਬਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸੋਮਵਾਰ ਦੇਰ ਸ਼ਾਮ ਨੂੰ ਨਵਾਂਸ਼ਹਿਰ ਦੇ ਪੁਲਿਸ ਮੁਖੀ (ਐਸ.ਐਸ.ਪੀ.) ਦੀਪਕ ਹਿਲੋਰੀ ਨੇ ਪੁਲਿਸ ਦੇ ਇਸ ਉਲਟ ਦਾਅਵੇ ਬਾਰੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਪਰ ਮੰਗਲਾਵਾਰ (ਲੰਘੇ ਕੱਲ੍ਹ) ਉਸਨੇ ਕਿਹਾ ਕਿ ਅਰਵਿੰਦਰ ਸਿੰਘ ਅਸਲ ਵਿਚ ਜੇਲ੍ਹ ਵਿਚੋਂ ਹੀ ਕਾਰਵਾਈਆਂ ਚਲਾ ਰਿਹਾ ਸੀ।

ਜਦੋਂ ਐਸ.ਐਸ.ਪੀ. ਨੂੰ ਇਹ ਪੁੱਛਿਆ ਗਿਆ ਕਿ ਮਾਮਲੇ ਦੀ ਜਾਂਚ ਕਰਨ ਵਾਲੇ ਡੀ.ਐਸ.ਪੀ. ਦਾ ਕਹਿਣਾ ਹੈ ਕਿ ਉਦੋਂ ਅਰਵਿੰਦਰ ਸਿੰਘ ਜੇਲ੍ਹ ਤੋਂ ਬਾਹਰ ਸੀ ਤਾਂ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ “ਮੈਨੂੰ ਨਹੀਂ ਪਤਾ ਕਿ ਉਸਨੇ (ਡੀ.ਐਸ.ਪੀ. ਨੇ) ਤੁਹਾਨੂੰ ਕੀ ਦੱਸਿਆ ਹੈ”।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: