ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਕਸ਼ਮੀਰ ਵਾਦੀ ਚੋਂ ਪਾਕਿਸਤਾਨ ਨੂੰ ਜਾਂਦੇ ਸਾਰੇ ਰਾਹ ਖੋਲ੍ਹਣ ਦੀ ਮੰਗ ਲੋਕ ਲਹਿਰ ਬਣਨ ਲੱਗੀ

February 2, 2019 | By

ਲੱਦਾਖ: ਬੀਤੇ ਕੱਲ੍ਹ ਲੱਦਾਖ ਇਲਾਕੇ ‘ਚ ਪੈਂਦੇ ਕਸਬੇ ਕਾਰਗਿਲ ਵਿੱਚ ਹਜ਼ਾਰਾਂ ਲੋਕਾਂ ਨੇ ਕਾਰਗਿਲ ਤੋਂ ਸਕਾਰਦੂ ਤੱਕ ਦਾ ਰਾਹ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਪ੍ਰਦਰਸ਼ਨ ਕਰਨ ਵਾਲਿਆਂ ਦੀ ਮੰਗ ਸੀ ਕਿ ਭਾਰਤੀ ਕਬਜੇ ਵਾਲੇ ਕਸ਼ਮੀਰ ਦੇ ਕਾਰਗਿਲ ਅਤੇ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਦੇ ਸ਼ਹਿਰ ਸਕਾਦੂ ਵਿਚਲੀ ਸੜਕ ਦੁਬਾਰਾ ਖੋਲ੍ਹੀ ਜਾਵੇ।

ਇਸ ਮੰਗ ਬਾਰੇ ਮੁੱਖ ਰੋਸ ਰੈਲੀ ਕਾਰਗਿਲ ਕਸਬੇ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਹੋਈ ਜਿਸ ਵਿਚ ਕਸ਼ਮੀਰੀ ਆਗੂ ਸ਼ੇਖ ਨਾਜ਼ੀਰ ਮੇਹਦੀ ਮੁਹੰਮਦ ਅਤੇ ਹੋਰ ਸਮਾਜਿਕ,ਰਾਜਨੀਤਕ ਕਾਰਕੁੰਨਾਂ ਨੇ ਹਿੱਸਾ ਲਿਆ।

ਕਸ਼ਮੀਰੀ ਆਗੂ ਨੇ ਬੋਲਦਿਆਂ ਕਿਹਾ ਕਿ “ਇਸ ਸੜਕ (ਕਾਰਗਿਲ-ਸਕਾਰਦੂ) ਦੇ ਬੰਦ ਹੋਣ ਨਾਲ ਤਕਰੀਬਨ 12000 ਤੋਂ 15000 ਹਜ਼ਾਰ ਪਰਿਵਾਰ ਇੱਕ ਦੂਜੇ ਤੋਂ ਵੱਖ ਹੋ ਗਏ ਹਨ।ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਨਵੀ ਭਾਵਨਾਵਾਂ ਦਾ ਖਿਆਲ ਕਰਦਿਆਂ ਕਾਰਗਿਲ-ਸਕਾਰਦੂ ਸੜਕ ਅਤੇ ਤੁਰਤੁਕ-ਖਾਪੁਲੋ ਸੜਕ ਖੋਲ੍ਹੇ।

 

ਪਾਕਿਸਤਾਨ ਨੂੰ ਜਾਂਦੇ ਰਵਾਇਤੀ ਰਾਹ ਖੋਲ੍ਹਣ ਦੀ ਮੰਗ ਬਾਰੇ ਕਸ਼ਮੀਰ ‘ਚ ਬੀਤੇ ਕਲ੍ਹ ਥਾਂ-ਥਾਂ ਰੋਸ ਪ੍ਰਦਰਸ਼ਨ ਹੋਏ।

ਭਾਰਤੀ ਸੰਸਦ ਵਲੋਂ 1994 ਵਿਚ ਪ੍ਰਵਾਨ ਕੀਤੇ ਗਏ ਮਤੇ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਭਾਰਤ ਗਿਲਗਿਲ -ਬਾਲਟਿਸਤਾਨ ਨੂੰ ਆਪਣਾ ਅਟੁੱਟ ਅੰਗ ਮੰਨਦਾ ਹੈ ਤਾਂ ਉੱਸ ਨੂੰ ਗਿਲਗਿਟ-ਬਾਲਟਿਸਤਾਨ ਦੇ ਲੋਕਾਂ ਦੇ ਦੁੱਖ ਦਾ ਵੀ ਖਿਆਲ ਕਰਨਾ ਚਾਹੀਦਾ ਹੈ। ਨਵੀਂ ਦਿੱਲੀ ਨੂੰ ਇਹ ਮਸਲਾ ਪਾਕਿਸਤਾਨ ਸਰਕਾਰ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕਹਿ ਚੁੱਕਿਐ ਕਿ ਉਹ ਰਾਹ ਖੋਲ੍ਹਣ ਲਈ ਤਿਆਰ ਹੈ।

ਲੱਦਾਖ ਇਲਾਕੇ ਦੀਆਂ ਹੋਰ ਕਈ ਥਾਵਾਂ ਉੱਤੇ ਵੀ ਰਵਾਇਤੀ ਰਾਹ ਖੋਲ੍ਹੇ ਜਾਣ ਦੀ ਮੰਗ ਬਾਰੇ ਰੋਸ ਪ੍ਰਦਰਸ਼ਨ ਹੋਏ।

ਰਾਜਨੀਤਕ ਆਗੂਆਂ ਨੇ ਵੀ ਮੰਗ ਨੂੰ ਦਿੱਤਾ ਪੂਰਾ ਸਮਰਥਨ

ਕਸ਼ਮੀਰ ਵਿਚਲੀਆਂ ਵੱਡੀਆਂ ਰਾਜਨੀਤਕ ਧਿਰਾਂ ਦੇ ਆਗੂਆਂ ਨੇ ਵੀ ਇਸ ਲੋਕ ਮੰਗ ਨੂੰ ਆਪਣਾ ਸਮਰਥਨ ਦਿੱਤਾ ਹੈ। ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਆਪਣੇ ਟਵਿੱਟਰ ਖਾਤੇ ਉੱਤੇ ਲਿਖਿਆ ਕਿ ਸਾਡੀ ਜਥੇਬੰਦੀ ਲੋਕ ਦੀ ਇਸ ਸਹੀ ਮੰਗ ਨਾਲ ਖੜ੍ਹੀ ਹੈ ਅਤੇ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਭਾਰਤੀ ਪ੍ਰਧਾਨ ਮੰਤਰੀ ਜਦੋਂ ਅਗਲੀ ਵਾਰ ਕਸ਼ਮੀਰ ਆਉਣਗੇ ਤਾਂ ਇਸ ਬਾਰੇ ਕੋਈ ਮਹੱਤਵਪੂਰਨ ਐਲਾਨ ਕਰਨਗੇ।

ਪੀਡੀਪੀ (Peoples Democratic Party)  ਦੀ ਪ੍ਰਧਾਨ ਅਤੇ ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਨੇ ਵੀ ਇਸ ਦਾ ਸਮਰਥਨ ਕਰਦਿਆਂ ਆਪਣੇ ਟਵਿੱਟਰ ਖਾਤੇ ਉੱਤੇ ਪਾਇਆ ਕਿ ਸਾਰੇ ਰਵਾਇਤੀ ਰਾਹ ਖੁਲ੍ਹਣ ਨਾਲ ਕਸ਼ਮੀਰ ਦੇ ਲੋਕ ਬਾਹਰੀ ਦੁਨੀਆਂ ਦੇ ਹੋਰ ਵੀ ਨੇੜੇ ਹੋ ਜਾਣਗੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: