ਸਿੱਖ ਖਬਰਾਂ

ਪ੍ਰਬੰਧਕਾਂ ਵਲੋਂ ਗਿਆਨੀ ਇਕਬਾਲ ਸਿੰਘ ਦਾ ਅਸਤੀਫਾ ਪ੍ਰਵਾਨ; ਜਾਂਚ ਜਾਰੀ ਰਹੇਗੀ: ਗਿਆਨੀ ਹਰਪ੍ਰੀਤ ਸਿੰਘ

March 5, 2019 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) : ਗੰਭੀਰ ਇਲਜ਼ਾਮਾਂ ਤਹਿਤ ਵਿਵਾਦਾਂ ਵਿਚ ਘਿਰੇ ਗਿਆਨੀ ਇਕਬਾਲ ਸਿੰਘ ਵਲੋਂ 3 ਮਾਰਚ ਨੂੰ ਜਥੇਦਾਰੀ ਤੋਂ ਦਿਤੇ ਅਸਤੀਫੇ ਨੂੰ ਤਖਤ ਸਾਹਿਬ ਪ੍ਰਬੰਧਕੀ ਬੋਰਡ ਦੀ ਇਕਤਰਤਾ ਨੇ ਪ੍ਰਵਾਨ ਕਰ ਲਿਆ ਹੈ।

ਨਵੇਂ ਜਥੇਦਾਰ ਬਾਰੇ ਕੋਈ ਸਪਸ਼ਟ ਫੈਸਲਾ ਨਾ ਕਰਦਿਆਂ ਪ੍ਰਬੰਧਕੀ ਬੋਰਡ ਨੇ ਤਖਤ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਰਜਿੰਦਰ ਸਿੰਘ ਨੂੰ ਅਗਲੇ ਫੈਸਲੇ ਤੀਕ ਅੰਦਰੂਨੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਪ ਦਿੱਤੀ ਹੈ।

ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਗਿਆਨੀ ਇਕਬਾਲ ਸਿੰਘ ਉਪਰ ਲੱਗੇ ਦੋਸ਼ਾਂ ਦੀ ਜਾਂਚ ਜਾਰੀ ਰਹੇਗੀ।

ਪਹਿਲਾਂ ਤੋਂ ਗਠਿਤ 7 ਮੈਂਬਰੀ ਕਮੇਟੀ ਵਿੱਚ ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਦੋ ਮੈਂਬਰ ਵੀ ਸ਼ਾਮਿਲ ਕੀਤੇ ਜਾਣਗੇ ।ਉਨ੍ਹਾਂ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਤੇ ਗਿਆਨੀ ਇਕਬਾਲ ਸਿੰਘ ਅਕਾਲ ਤਖਤ ਸਾਹਿਬ ਤੇ ਤਲਬ ਵੀ ਕੀਤੇ ਜਾ ਸਕਦੇ ਹਨ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਵਾਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਪ੍ਰਾਪਤ ਜਾਣਕਾਰੀ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਪਹਿਲਾਂ ਤੋਂ ਤੈਅ ਇੱਕਤਰਤਾ ਹੋਈ ਜਿਸ ਵਿੱਚ ਪ੍ਰਧਾਨ ਸ: ਅਵਤਾਰ ਸਿੰਘ ਹਿੱਤ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਗੋਬਿੰਦ ਸਿੰਘ ਲੋਂਗੋਵਾਲ, ਕਮਿੱਕਰ ਸਿੰਘ, ਰਾਜਾ ਸਿੰਘ, ਲਖਬੀਰ ਸਿੰਘ, ਤਰਲੋਚਨ ਸਿੰਘ, ਹਰਬੰਸ ਸਿੰਘ ਖਨੂਜਾ ਤੇ ਜਗਜੋਤ ਸਿੰਘ ਸੋਹੀ ਸਮੇਤ ਕੁੱਲ 15 ਮੈਂਬਰੀ ਕਮੇਟੀ ਵਿੱਚੋਂ 10 ਮੈਂਬਰ ਹਾਜਰ ਸਨ।

⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – AFTER GIANI HARPREET SINGH’S DIRECTIVE, BOARD MEMBERS ACCEPT GIANI IQBAL SINGH’S RESIGNATION

ਦੱਸਿਆ ਗਿਆ ਹੈ ਕਿ ਗਿਆਨੀ ਇਕਬਾਲ ਸਿੰਘ ਉਪਰ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਜਾਂਚ ਕਮੇਟੀ ਦੇ ਮੁੱਢਲੇ ਲੇਖੇ ਦੇ ਆਧਾਰ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕਲ੍ਹ ਹੀ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨੂੰ ਲਿਖੀ ਇੱਕ ਚਿੱਠੀ ਵਿੱਚ ਆਦੇਸ਼ ਦਿੱਤਾ ਸੀ ਕਿ ਗਿਆਨੀ ਇਕਬਾਲ ਸਿੰਘ ਵਲੋਂ 3 ਮਾਰਚ 2019 ਨੂੰ ਦਿੱਤਾ ਅਸਤੀਫਾ ਪ੍ਰਵਾਨ ਕਰ ਲਿਆ ਜਾਏ।

ਗਿਆਨੀ ਇਕਬਾਲ ਸਿੰਘ

ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਨੇ ਅਸਤੀਫਾ ਪ੍ਰਵਾਨ ਕਰਦਿਆਂ ਇਸਦੀ ਜਾਣਕਾਰੀ ਬੋਰਡ ਦੀ ਇਕਤਰਤਾ ਵਿੱਚ ਦਿੱਤੀ ਜਿਸਨੂੰ ਹਾਜਰ ਮੈਂਬਰਾਨ ਨੇ ਪ੍ਰਵਾਨਗੀ ਦੇ ਦਿੱਤੀ। ਇਕਤਰਤਾ ਨੇ ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਤੋਂ ਬਾਅਦ ਅਗਲਾ ਜਥੇਦਾਰ ਲੱਭਣ ਲਈ ਕੋਈ ਕਾਹਲੀ ਨਹੀਂ ਵਿਖਾਈ ਬਲਕਿ ਤਖਤ ਸਾਹਿਬ ਵਿਖੇ ਮੁਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਰਜਿੰਦਰ ਸਿੰਘ ਨੂੰ ਅਗਲੇ ਫੈਸਲੇ ਤੀਕ ਅੰਦਰੂਨੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਪ ਦਿੱਤੀ ਹੈ।

ਪ੍ਰਬੰਧਕ ਕਮੇਟੀ ਦੇ ਫੈਸਲੇ ਬਾਰੇ ਜਾਰੀ ਬਿਆਨ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਗਿਆਨੀ ਇਕਬਾਲ ਸਿੰਘ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਜਾਰੀ ਰਹੇਗੀ। ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਜਾਰੀ ਪ੍ਰੈਸ ਰਲੀਜ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ‘ਗਿਆਨੀ ਇਕਬਾਲ ਸਿੰਘ ਦੇ ਉੱਪਰ ਲੱੱਗੇ ਦੋਸ਼ਾਂ ਦੀ ਪੜਤਾਲ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।ਇਸ ਪੜਤਾਲੀਆ ਕਮੇਟੀ ਵੱਲੋਂ ਕੀਤੀ ਗਈ ਸਿਫਾਰਸ਼ ਨੂੰ ਪ੍ਰਵਾਨ ਕਰਦਿਆਂ ਉਹਨਾਂ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਦਾ ਅਸਤੀਫਾ ਪ੍ਰਵਾਨ ਕਰਨ ਦਾ ਆਦੇਸ਼ ਕੀਤਾ ਸੀ ਜਿਸ ਦੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ ਪਾਲਣਾ ਕੀਤੀ ਹੈ। ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਨੂੰ ਮੁੜ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ। ਪੜਤਾਲੀਆ ਕਮੇਟੀ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਇੱਕ ਜਾਂ ਦੋ ਮੈਂਬਰ ਵੀ ਸ਼ਾਮਲ ਕੀਤੇ ਜਾਣਗੇ।ਜੇਕਰ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਉੱਪਰ ਲੱਗੇ ਦੋਸ਼ ਸਹੀ ਪਾਏ ਗਏ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਪ੍ਰਬੰਧਕੀ ਬੋਰਡ ਦੀ ਅੱਜ ਹੋਈ ਇਕਤਰਤਾ ਵਿੱਚ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿਲੋਂ ਸ਼ਾਮਿਲ ਨਹੀ ਹੋਏ। ਗਿਆਨੀ ਇਕਬਾਲ ਸਿੰਘ ਵਲੋਂ ਦਿੱਤਾ ਅਸਤੀਫਾ,ਜਨਰਲ ਸਕੱਤਰ ਦੇ ਨਾਮ ਸੀ, ਜੋ ਮਹਿੰਦਰ ਸਿੰਘ ਢਿੱਲੋਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਸੰਗਤਾਂ ਵਲੋਂ ਆਦੇਸ਼ ਮਿਲੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: