ਵੀਡੀਓ » ਸਿੱਖ ਖਬਰਾਂ

ਗਤਕੇ ਦੇ ਵਪਾਰੀਕਰਨ ਵਾਲੀ ਖੇਡ ਇਕੋ ਦਮ ਨਹੀਂ ਖੇਡੀ ਗਈ; ਸਾਰੇ ਦੋਸ਼ੀ ਬੇਪਰਦ ਹੋਣੇ ਜਰੂਰੀ

March 22, 2019 | By

ਲੇਖਕ: ਨਰਿੰਦਰ ਪਾਲ ਸਿੰਘ*

ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸ਼ਤਰ ਵਿਦਿਆ ਗਤਕਾ ਨੁੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ ਜਿਥੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ ਕੁਤਾਹੀ ਕਰਨ ਵਾਲੀ ਕੰਪਨੀ ਖਿਲਾਫ ਧਾਰਮਿਕ ਤੇ ਕਾਨੂੰਨੀ ਸਜਾ ਦੀ ਮੰਗ ਕੀਤੀ ਹੈ ਉਥੇ ਕੁਝ ਸਵਾਲ ਅਜੇਹੇ ਹਨ ਜੋ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਵੱਲ ਝਾਤ ਦੀ ਮੰਗ ਕਰਦੇ ਹਨ।

ਜਿਥੋਂ ਤੀਕ ਸਵਾਲ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖਸ਼ ਵਲੋਂ ਸ਼ਬਦ ‘ਗਤਕਾ’ ਅਤੇ ‘ਗਤਕਾ ਸਿੱਖ ਮਾਰਸ਼ਲ ਆਰਟਸ’ ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਪਾਸ ਪੇਟੈਂਟ ਕਰਵਾਣ ਦਾ ਹੈ, ਇਹ ਸਾਰਾ ਕੁਝ ਰਾਤੋ ਰਾਤ ਨਹੀ ਹੋਇਆ।

ਸਬੰਧਤ ਸ਼ਖਸ਼ ਨੇ ਸਭ ਤੋਂ ਪਹਿਲਾਂ 22 ਜੂਨ 2018 ਨੂੰ ਗਤਕਾ ਸਿੱਖ ਮਾਰਸ਼ਲ ਆਰਟਸ, ਫਿਰ 25 ਜੂਨ 2018 ਨੂੰ ਗਤਕਾ, 25 ਜੂਨ 2018 ਨੂੰ ਇੰਡੀਅਨ ਗਤਕਾ ਫੈਡਰੇਸ਼ਨ ਅਤੇ 26 ਜੂਨ 2018 ਨੂੰ ਵਰਲਡ ਗਤਕਾ ਲੀਗ ਨਾਮੀ ਤਿੰਨ ਵੱਖ ਵੱਖ ਸੰਸਥਾਵਾਂ ਜਾਂ ਵਰਤੋਂ ਵਿੱਚ ਆਣ ਵਾਲੀਆਂ ‘ਵਸਤਾਂ’ ਨੂੰ ਪੇਟੈਂਟ ਕਰਵਾਣ ਲਈ ਸਬੰਧਤ ਵਿਭਾਗਾਂ ਪਾਸ ਪ੍ਰਤੀ ਦਰਖਾਸਤ 4500/- ਰੁਪਏ ਸਰਕਾਰੀ ਖਰਚ ਸਹਿਤ ਦਰਖਾਸਤ ਦਾਖਲ ਕਰਵਾਈ।

8 ਅਕਤੂਬਰ 2018 ਨੂੰ ਹਰਪ੍ਰੀਤ ਸਿੰਘ ਦੇ ਨਾਮ ਪੇਟੈਂਟ ਹੋਈ ਇੰਡੀਅਨ ਗਤਕਾ ਫੈਡਰੇਸ਼ਨ ਨੇ ਇਨਕਮ ਟੈਕਸ ਵਿਭਾਗ ਪਾਸੋਂ ਇਜਾਜਤ ਹਾਸਿਲ ਕਰਨ ਲਈ ਬੇਨਤੀ ਪੱਤਰ ਦਾਇਰ ਕੀਤਾ ਤੇ ਉਸੇ ਦਿਨ ਹੀ ਸਰਟੀਫਿਕੇਟ ਵੀ ਜਾਰੀ ਹੋ ਗਿਆ।

ਹੁਣ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖਸ ਦੀ ਸੰਸਥਾ ਇੰਡੀਅਨ ਗਤਕਾ ਫੈਡਰੇਸ਼ਨ ਨੇ 22 ਮਾਰਚ 2019 ਤੋਂ 29 ਮਾਰਚ 2019 ਤੀਕ ਵਰਲਡ ਗਤਕਾ ਲੀਗ ਦੇ ਬੈਨਰ ਹੇਠ ਗਤਕਾ ਮੁਕਾਬਲੇ ਕਰਾਉਣ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।

ਸੰਸਥਾ ਨੇ ਇਸ ਮਸਕਦ ਲਈ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ 15 ਜਨਵਰੀ 2019 ਨੂੰ ਇੱਕ ਕਰੋੜ 75 ਲੱਖ ਰੁਪਏ ਦੀ ਫੀਸ ਅਦਾ ਕਰਕੇ ਇਜਾਜਤ ਵੀ ਲੈ ਲਈ। 28 ਜਨਵਰੀ ਨੂੰ ਇਸੇ ਸਟੇਡੀਅਮ ਲਈ 25 ਲੱਖ ਰੁਪਏ ਦੀ ਇੱਕ ਹੋਰ ਰਕਮ ਜਮਾ ਕਰਵਾ ਦਿੱਤੀ ਗਈ।

ਹੁਣ ਜਦੋਂ ਸਾਰਾ ਪਾਣੀ ਸਿਰ ਉਤੋਂ ਲੰਘ ਚੱੁਕਾ ਹੈ ਤਾਂ ਕੁਝ ਗਤਕਾ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਦਾਅਵੇ ਕਰ ਰਹੀਆਂ ਹਨ ਕਿ ਉਹ ਇਸ ਬਾਰੇ ਕਾਨੂੰਨੀ ਮਾਹਿਰਾਂ ਨਾਲ ਸਲਾਹਾਂ ਕਰ ਰਹੇ ਹਨ। ਮਾਮਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਸ਼ਿਕਾਇਤ ਰੂਪ ਵਿੱਚ ਪੁਜਦਾ ਵੀ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕੀ ਹੋਵੇਗੀ ਜਦੋਂ ਇੱਕ ਸੰਸਥਾ ਨਿੱਜੀ ਨਾਮ ਹੇਠ ਸਿੱਖ ਕੌਮ ਦੀ ਵਿਰਾਸਤੀ ਸ਼ਸ਼ਤਰ ਵਿਿਦਆ ਖੇਡ ਨੂੰ ਆਪਣੇ ਨਾਮ ਪੇਟੈਂਟ ਕਰਵਾਕੇ ਵਪਾਰ ਦੇ ਰਾਹ ਟੁਰ ਪਈ ਹੈ।

ਧਿਆਨ ਦਿਓ ਕਿ ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ ਸਗੋਂ ਸਵਾਲ ਤਾਂ ਇਹ ਹੈ ਕਿ ਕੀ ਮੌਜੂਦਾ ਪ੍ਰਮੁਖ ਗਤਕਾ ਸੰਸਥਾਵਾਂ ਜਿਨ੍ਹਾਂ ਨੇ ਗਤਕਾ ਖੇਡ ਨੂੰ ਪੰਜਾਬ, ਭਾਰਤੀ ਉਪਮਹਾਂਦੀਪ ਜਾਂ ਕੌਮਾਂਤਰੀ ਪੱਧਰ ’ਤੇ ਲਿਜਾਣ ਦੇ ਬੈਨਰ ਹੇਠ ਕਈ ਸਾਲਾਂ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਸੀ, ਉਹ ਹਰਪ੍ਰੀਤ ਸਿੰਘ ਖਾਲਸਾ ਨੂੰ ਨਹੀ ਜਾਣਦੀਆਂ?

ਸਪਸ਼ਟ ਜਵਾਬ ਮਿਲ ਰਿਹਾ ਹੈ ਕਿ ਇਸ ਸਭ ਲਈ ਇੱਕਲਾ ਹਰਪ੍ਰੀਤ ਸਿੰਘ ਹੀ ਦੋਸ਼ੀ ਨਹੀਂ ਹੋ ਸਕਦਾ ਬਲਕਿ ਕਈ ਸਿੱਖ ਸ਼ਸਤਰ ਵਿਿਦਆ ਦੇ ਵਪਾਰੀਕਰਨ ਨਾਲ ਜੁੜੇ ਕਈ ਨਾਮੀਂ ਚਿਹਰੇ ਵੀ ਬਰਾਬਰ ਦੇ ਦੋਸ਼ੀ ਹੋਣਗੇ ਜਿਹੜੇ ਇਸ ਝਾਸੇ ਵਿੱਚ ਆ ਗਏ ਕਿ ਉਹ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਅਜੇਹਾ ਪ੍ਰੋਗਰਾਮ ਉਲੀਕਣ ਜਿਸਤੋਂ ਕਮਾਈ ਵੀ ਹੋ ਸਕੇ। ਮੁਮਕਿਨ ਹੈ ਕਿ ‘ਖੇਡ’ ਨੂੰ ਖੇਡਣ ਲਈ ਬਰਾਬਰ ਦੀ ਭਾਈਵਾਲੀ ਨਾ ਪਾਉਣ ਕਰਕੇ ਹਰਪ੍ਰੀਤ ਸਿੰਘ ਖਾਲਸਾ ਇੱਕਲਾ ਹੀ ਇਸ ਰਾਹ ਤੁਰ ਨਿਕਲਿਆ। ਇਸ ਮਕਸਦ ਦੀ ਪੂਰਤੀ ਲਈ ਉਸਨੇ ਇੰਡੀਅਨ ਗਤਕਾ ਫੈਡਰੇਸ਼ਨ ਅਤੇ ਵਰਲਡ ਗਤਕਾ ਲੀਗ ਨਾਮੀ ਵੱਖ ਵੱਖ ਸੰਸਥਾਵਾਂ ਨੂੰ ਰਜਿਸਟਰ ਕਰਵਾਇਆ, ਗਤਕਾ ਤੇ ਸਿੱਖ ਮਾਰਸ਼ਲ ਆਰਟਸ ਨਾਵਾਂ ਨੂੰ ਆਪਣੀ ਨਿੱਜੀ ਕੰਪਨੀ ਦੇ ਨਾਮ ਪੇਟੈਂਟ ਕਰਵਾਇਆ, ਇਨਕਮ ਟੈਕਸ ਵਿਭਾਗ ਪਾਸੋਂ ਸਰਟੀਫਿਕੇਟ ਹਾਸਿਲ ਕੀਤਾ ਤਾਂ ਜੋ ਗਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੀਕ ਪਹੁੰਚਾਣ ਦੇ ਨਾਮ ਹੇਠ ਵਿਦੇਸ਼ਾਂ ‘ਚੋਂ ਹਾਸਿਲ ਹੋਣ ਵਾਲੇ ਧਨ ਨੂੰ ਸਹੀ ਪ੍ਰਣਾਲੀ ਰਾਹੀਂ ਇੱਕ ਨੰਬਰ ਵਿੱਚ ਤਬਦੀਲ ਕਰਦਿਆਂ ਆਮਦਨ ਦਾ ਸਾਧਨ ਬਣਾਇਆ ਜਾਏ। ਵਰਨਾ ਕੋਈ ਨਿੱਜੀ ਸੰਸਥਾ ਜੋ ਪੌਣੇ ਦੋ ਕਰੋੜ ਰੁਪਏ ਸਟੇਡੀਅਮ ਲਈ ਹੀ ਖਰਚ ਰਹੀ ਹੈ ਉਸਨੇ ਬਾਹਰੋਂ ਆਉਣ ਵਾਲੀਆਂ ਗਤਕਾ ਟੀਮਾਂ ਦੇ ਰਹਿਣ ਤੇ ਰੋਟੀ ਤੋਂ ਇਲਾਵਾ ਆਵਾ-ਜਾਈ ਵਗੈਰਾ ਦਾ ਖਰਚਾ ਵੀ ਝਲਣਾ ਹੈ। ਜੇਤੂ ਟੀਮ ਨੂੰ ਇੱਕ ਕਰੋੜ ਤੇ ਦੂਸਰੇ ਨੰਬਰ ਤੇ ਆਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਣਾ ਹੈ। ਉਹ ਐਡੀ ਵੱਡੀ ਰਕਮ ਕਿਸ ਮਸਕਦ ਲਈ ਖਰਚ ਰਹੀ ਹੈ ਇਹ ਸਾਫ ਜਰੂਰ ਹੈ ਕਿ ਕਿਸੇ ਵਸਤੂ ਜਾਂ ਖੇਡ ਨੂੰ ਪੇਟੈਂਟ ਕਰਵਾਣ ਦਾ ਮਤਲਬ ਉਸਨੂੰ ਵਾਪਰ ਵਜੋਂ ਵਰਤਣਾ ਹੀ ਰਹਿੰਦਾ ਹੈ।
ਲੱਗਦਾ ਹੈ ਕਿ ਦੂਸਰੇ ਪਾਸੇ ਕਿਸੇ ਵੱਡੀ ਪੱਧਰ ਦੇ ਸਮਾਗਮ ਨੂੰ ਉਲੀਕਣ ਅਤੇ ਆਰਥਿਕ ਹਿੱਸਾ ਪਾਣ ਤੋਂ ਸਮਰੱਥ ਲੋਕ/ਹਰਪ੍ਰੀਤ ਸਿੰਘ ਦੇ ਸੰਭਾਵੀ ਭਾਈਵਾਲਾਂ/ਜਾਣਕਾਰਾਂ ਨੇ ਦਾਲ ਨਾ ਗਲਦੀ ਵੇਖ ਇਹ ਗੇਂਦ ਕੌਮ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।

* ਲੇਖਕ ਅੰਮ੍ਰਿਤਸਰ ਸਾਹਿਬ ਤੋਂ ਨਾਮੀ ਪੰਜਾਬੀ ਪੱਤਰਕਾਰ ਹੈ ਜਿਸ ਵਲੋਂ ਸਿੱਖ ਮਸਲਿਆਂ ਬਾਰੇ ਘੋੜ-ਪੜਤਾਲ ਅਧਾਰ ਪੱਤਰਕਾਰੀ ਕਰਨ ਦੇ ਨਾਲ-ਨਾਲ ਅਹਿਮ ਮਸਲਿਆਂ ਬਾਰੇ ਆਪਣੇ ਵਿਚਾਰ ਵੀ ਸਮੇਂ-ਸਮੇਂ ਸਿਰ ਸਾਂਝੇ ਕੀਤੇ ਜਾਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,