ਸਿੱਖ ਇਤਿਹਾਸਕਾਰੀ

ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੱਥ ਲਿਖਤ ਖਰੜਿਆਂ ਦੀ ਪਰਦਰਸ਼ਨੀ

March 15, 2019 | By

ਗੁਰੂ ਸਾਹਿਬ ਨਾਲ ਸੰਬੰਧਤ ਸੌ ਤੋਂ ਤਿੰਨ ਸੌ ਸਾਲ ਪੁਰਾਣੇ ਖਰੜੇ ਸ਼ਾਮਿਲ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਤ ਹੱਥ ਲਿਖਤਾਂ ਦੇ ਖਰੜੇ ਜੋ 100 ਤੋ 300 ਸਾਲ ਪੁਰਾਣੇ ਹਨ ਦੀ ਪ੍ਰਦਰਸ਼ਨੀ ਗੁਰੂ ਨਾਨਕ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮਿਊਜ਼ੀਅਮ ਹਾਲ ਵਿਚ ਲਗਾਈ ਗਈ ਹੈ । ਹੱਥ ਲਿਖਤ ਖਰੜਿਆਂ ਦੀ ਦੋ ਰੋਜ਼ਾ ਪ੍ਰਦਰਸ਼ਨੀ ਨੂੰ ਵੇਖਣ ਦੇ ਲਈ ਜਿੱਥੇ ਆਮ ਸ਼ਰਧਾਲੂਆਂ ਵੱਲੋ ਉਤਸ਼ਾਹ ਵਿਖਾਇਆਂ ਜਾ ਰਿਹਾ ਹੈ ਉੱਥੇ ਪੁਰਾਤਨ ਜਨਮ ਸ਼ਾਖੀਆਂ ਦਾ ਅਧਿਐਨ ਕਰਨ ਵਾਲੇ ਖੋਜਾਰਥੀਆਂ ਵੱਲੋਂ ਵੀ ਪੂਰੀ ਦਿਲਚਸਪੀ ਲਈ ਜਾ ਰਹੀ ਹੈ ਅਤੇ 15 ਦੇ ਕਰੀਬ ਹੱਥ ਲਿਖ਼ਤਾਂ ਬਾਰੇ ਮਾਹਿਰਾਂ ਕੋਲੋਂ ਜਾਣਕਾਰੀ ਵੀ ਇੱਕਤਰ ਕੀਤੀ ਜਾ ਰਹੀ ਹੈ। ਹੱਥ ਲਿਖਤਾਂ ਦੀ ਪ੍ਰਦਰਸ਼ਨੀ 14 ਮਾਰਚ ਤੱਕ ਚੱਲੇਗੀ । ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਲਗਾਈ ਗਈ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਾਰਜਾਂ ਨਾਲ ਸੰਬੰਧਿਤ 22 ਤਸਵੀਰਾਂ ਲਗਾਈਆਂ ਗਈਆਂ ਹਨ।ਇਸ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਜਿਸ ਵਿਚ ਜਨਮ ਸਾਖੀਆਂ, ਸ੍ਰੀ ਨਾਨਕ ਪ੍ਰਕਾਸ਼ ਤੇ ‘ਜਪੁ’ ਜੀ ਸਾਹਿਬ ਬਾਣੀ ਦੇ ਟੀਕਿਆਂ ਦੇ 15 ਹੱਥ-ਲਿਖਤ ਖਰੜੇ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਾਰੇ ਹੱਥ-ਲਿਖਤ ਖਰੜੇ 100 ਤੋਂ 300 ਸਾਲ ਪੁਰਾਣੇ ਕਲਮ ਨਾਲ ਲਿਖਾਰੀਆਂ ਵਲੋਂ ਲਿਖੇ ਹੋਏ ਹਨ। ਜਨਮ ਸਾਖੀਆਂ ਵਿਚ ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਦਿ 8 ਜਨਮ ਸਾਖੀਆਂ ਸ਼ਾਮਿਲ ਹਨ, ਸ੍ਰੀ ਨਾਨਕ ਪ੍ਰਕਾਸ਼ ਤੇ ਨਾਨਕ ਬੰਸ ਪ੍ਰਕਾਸ਼ ਦੇ 3 ਖਰੜੇ ਸ਼ਾਮਿਲ ਹਨ, ਅਜਿਤੇ ਰੰਧਾਵੇ ਨਾਲ ਗੋਸਟਿ, ਗਿਆਨ ਰਤਨਾਵਲੀ ਦੀ ਵਾਰ ਦਾ ਟੀਕਾ ਵੀ ਰੱਖਿਆ ਹੋਇਆ ਹੈ ਅਤੇ ‘ਜਪੁ’ ਜੀ ਸਾਹਿਬ ਦੇ 2 ਟੀਕੇ, ਇਕ ਸਾਧੂ ਅਨੰਦਘਣ ਵਾਲਾ ਤੇ ਦੂਜਾ ਭਾਈ ਮਨੀ ਸਿੰਘ ਵਾਲਾ ਪ੍ਰਦਰਸ਼ਨੀ ਵਿਚ ਸ਼ਾਮਿਲ ਹਨ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ. ਹਰਦੀਪ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਲਗਾਈਆਂ ਗਈਆ ਤਸ਼ਵੀਰਾਂ ਗਿਆਨ ਦਾ ਸੋਮਾ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੱਥੇ ਇਹ ਪ੍ਰਦਰਸ਼ਨੀ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗੀ ਉਥੇ ਧਰਮ ਅਧਿਐਨ ਦੇ ਵਿਿਦਆਰਥੀਆਂ ਅਤੇ ਖੋਜਆਰਥੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਆਪਣੀ ਖੋਜ ਦਾ ਹਿੱਸਾ ਬਣਾਉਣਾ ਚਾਹੀਦਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: