ਸਿਆਸੀ ਖਬਰਾਂ

ਪੰਜਾਬੀਆਂ ਨੇ ਜੰਗ ਦੀ ਤਬਾਹੀ ਹੰਢਾਈ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ: ਕੇਂਦਰੀ ਸਿੰਘ ਸਭਾ ਤੇ ਸਿੱਖ ਵਿਚਾਰਕ

March 1, 2019 | By

ਚੰਡੀਗੜ੍ਹ: ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਵਲੋਂ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਪੰਜਾਬੀਆਂ ਨੇ 1947 ਦੀ ਵੱਢ-ਟੁੱਕ ਸਮੇਂ ਅਤੇ ਬਾਅਦ ਦੀਆਂ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਦਰਮਿਆਨ ਜੰਗਾਂ ਦੌਰਾਨ ਬਹੁਤ ਖੂਨ-ਖਰਾਬਾ ਅਤੇ ਤਬਾਹੀ ਝੱਲੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਭਾਰਤ-ਪਾਕਿਸਤਾਨ ਦੇ ਸੰਭਾਵੀ ਯੁੱਧ ਦੇ ਮੰਡਰਾਉਂਦੇ ਬੱਦਲ ਉਨ੍ਹਾਂ ਲਈ ਹੋਰ ਭਿਆਨਕ ਮਾਰ-ਮਰਾਈ ਅਤੇ ਉਜਾੜੇ ਦਾ ਸਬੱਬ ਬਣਨ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਅੱਜ ਦੇ ਯੁੱਗ ਵਿਚ ਜਦੋਂ ਐਟਮੀ ਬੰਬਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਦੀ ਤਬਾਹਕੁਨ ਸ਼ਕਤੀ ਵਿਚ ਅਥਾਹ ਵਾਧਾ ਹੋ ਗਿਆ ਹੈ ਤਾਂ ਯੁੱਧ ਦੇ ਹੱਕ ਵਿਚ ਜਨਤਕ ਨੇਰੇਟਿਵ (ਬ੍ਰਿਤਾਂਤ) ਖੜ੍ਹਾ ਕਰਨਾ ਵੱਡੀ ਮੂਰਖਤਾ ਹੀ ਨਹੀਂ, ਬਲਕਿ ਆਤਮਘਾਤੀ ਸਰਬਨਾਸ਼ ਨੂੰ ਸੱਦਾ ਦੇਣਾ ਹੈ”।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਵਲੋਂ ਜਾਰੀ ਇਸ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੁਨੀਆਂ ਦੇ ਵੱਡੇ ਯੁੱਧਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੰਗ ਕਿਸੇ ਦੇਸ਼ ਦੇ ਆਪਸੀ ਮਸਲਿਆਂ ਦਾ ਹੱਲ ਨਹੀਂ ਹੁੰਦਾ, ਸਗੋਂ ਆਮ ਲੋਕਾਂ ਲਈ ਖੂਨ-ਖਰਾਬਾ, ਮੁਸੀਬਤਾਂ ਅਤੇ ਵੱਡੀਆਂ ਬੀਮਾਰੀਆਂ ਲੈ ਆਉਂਦਾ ਹੈ, ਜਿਨ੍ਹਾਂ ਦੇ ਮਾਰੂ ਅਮਲ ਸਾਲਾਂਖ਼ਬੱਧੀ ਅਸਰਖ਼ਅੰਦਾਜ਼ ਹੁੰਦੇ ਰਹਿੰਦੇ ਹਨ।

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਵਿਚਾਰਵਾਨਾਂ ਦੀ ਸਭਾ ਦੀ ਇਕ ਪੁਰਾਣੀ ਤਸਵੀਰ

ਬਿਆਨ ਵਿਚ ਅੱਗੇ ਲਿਿਖਆ ਹੈ ਕਿ “ਇਹ ਬਿਲਕੁਲ ਸਹੀ ਹੈ ਕਿ ਮੁਲਕਾਂ ਨੂੰ ਆਪਸੀ ਯੁੱਧ ਸ਼ੁਰੂ ਕਰਨਾ ਆਸਾਨ ਹੁੰਦਾ ਹੈ ਪਰ ਇਸ ਨੂੰ ਬੰਦ ਕਰਨ ਲਈ ਵੱਡੀਆਂ ਤਾਕਤਾਂ ਅੱਗੇ ਗੋਡੇ ਟੇਕਣੇ ਅਤੇ ਘਿਨਾਉਣੀਆਂ ਲੋਕ-ਵਿਰੋਧੀ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚ ਵੱਡੀ ਗਿਣਤੀ ਗਰੀਬਾਂ ਅਤੇ ਪਛੜੇ ਲੋਕਾਂ ਦੀ ਹੈ ਅਤੇ ਉਨ੍ਹਾਂ ਦੇ ਵਿਕਾਸ ਅਤੇ ਤਰੱਕੀ ਨੂੰ ਦਰ-ਕਿਨਾਰ ਕਰਕੇ ਯੁੱਧ ਦੀ ਤਿਆਰੀ ਕਰਨਾ ਮੁਜ਼ਰਮਾਨਾ ਤਜਵੀਜ਼ਾਂ ਅਤੇ ਕਾਰਨਾਮੇ ਹਨ। ਪਹਿਲਾਂ ਹੀ ਆਰਥਿਕ ਤੌਰ ਤੇ ਪਛੜੇ ਦੋਨੋਂ ਮੁਲਕ ਯੁੱਧ ਦਾ ਮਹੌਲ ਸਿਰਜ ਕੇ ਆਪਣੇ ਸੀਮਤ ਸਾਧਨਾਂ ਨੂੰ ਲੋਕਾਂ ਦੇ ਵਿਕਾਸ ਲਈ ਖਰਚਣ ਦੀ ਬਜਾਇ ਪੱਛਮ ਤੋਂ ਮਾਰੂ ਹਥਿਆਰ ਖਰੀਦਣ ਤੇ ਖਰਚ ਕਰ ਰਹੇ ਹਨ”।

ਸਿੱਖ ਚਿਤੰਕ ਸ. ਗੁਰਤੇਜ ਸਿੰਘ, ਪ੍ਰੋ. ਦਰਸ਼ਨ ਸਿੰਘ, ਪੱਤਰਕਾਰ ਜਸਪਾਲ ਸਿੰਘ ਅਤੇ ਚੰਚਲ ਮਨੋਹਰ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਅਤੇ ਦੇਸ਼ ਪੰਜਾਬ ਰਸਾਲੇ ਦੇ ਸੰਪਾਦਕ ਗੁਰਬਚਨ ਸਿੰਘ ਦੇ ਸਾਂਝੇ ਬਿਆਨ ਵਜੋਂ ਜਾਰੀ ਕੀਤੇ ਗਏ ਇਸ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਸਾਡੇ ਦੇਸ਼ ਵਿਚ ਸਵਰਨ ਜਾਤੀ ਤੇ ਆਰਥਿਕ ਤੌਰ ਤੇ ਸੰਪੰਨ ਲੋਕ ਯੁੱਧ ਦੇ ਹੱਕ ਵਿਚ ਤਾਲਾਂ ਖੜਕਾ ਰਹੇ ਹਨ, ਅਸਲ ਵਿਚ ਉਹ ਪਾਰਲੀਮੈਂਟ ਦੀਆਂ ਚੋਣਾਂ ਦੇ ਮੱਦੇਖ਼ਨਜ਼ਰ ਸਿੱਧੇਖ਼ਸਾਦੇ ਲੋਕਾਂ ਨੂੰ ਮੂਰਖ ਬਣਾ ਕੇ ਇਕ ‘ਭਾਵਨਾਤਮਿਕ ਵੋਟ ਬੈਂਕ ਖੜ੍ਹਾ ਕਰਨ ਦੀ ਕਵਾਇਦ ਕਰ ਰਹੇ ਹਨ। ਅੱਜ ਕੱਲ੍ਹ ਅਜਿਹੇ ਝੂਠੇ ਹੰਕਾਰੀ ਪ੍ਰਾਪੇਗੰਡੇ ਨੂੰ ਵੱਡੀ ਗਿਣਤੀ ਲੋਕ ਚੰਗੀ ਤਰ੍ਹਾਂ ਸਮਝਦੇ ਹਨ, ਜਿਸ ਕਰਕੇ ਆਮ ਲੋਕਾਂ ਉਤੇ ਬਹੁਤਾ ਅਸਰ ਨਹੀਂ ਪਵੇਗਾ”।

ਉਨ੍ਹਾਂ ਕਿਹਾ ਕਿ “ਅਸੀਂ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਸਾਜ਼ਸ਼ੀ ਤੱਤਾਂ ਵੱਲੋਂ ਯੁੱਧ ਦੇ ਹੱਕ ਵਿਚ ਕੀਤੇ ਜਾ ਰਹੇ ਜਨਤਕ ਵਿਖਾਵਿਆਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਦੀਆਂ ਘਿਨਾਉਣੀਆਂ ਚਾਲਾਂ ਨੂੰ ਨੰਗਾ ਕਰਨ। ਪੰਜਾਬ ਦੇ ਬਾਰਡਰ ਦੇ ਇਲਾਕਿਆਂ ਦੇ ਵਸਨੀਕ ਤਾਂ ਪਹਿਲਾਂ ਹੀ ਡਰੇ ਹੋਏ ਹਨ ਅਤੇ ਯੁੱਧ ਦੀਆਂ ਅਫਵਾਹਾਂ ਕਰਕੇ ਘਰਖ਼ਬਾਰ ਛੱਡਣ ਨੂੰ ਤਿਆਰ ਬੈਠੇ ਹਨ। ਉਪਰੋਂ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਬਲੈਕਖ਼ਆਊਟ ਅਤੇ ਹੋਰ ਸੁਰੱਖਿਆ ਕਦਮ ਚੁੱਕਣ ਦੇ ਆਰਡਰ ਕਰ ਦਿੱਤੇ ਹਨ”।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: