ਸਿਆਸੀ ਖਬਰਾਂ

ਹਰਿਆਣੇ ਚ ਮੁਸਲਿਮਾਂ ਨੂੰ ਘਰ ਵੜ ਕੇ ਕੁੱਟਿਆ; ਦ੍ਰਿਸ਼ ਬਿਜਾਲ ਉੱਤੇ ਜੰਗਲ ਦੀ ਅੱਗ ਵਾਙ ਫੈਲੇ; 6 ਗ੍ਰਿਫਤਾਰ

March 23, 2019 | By

ਚੰਡੀਗੜ੍ਹ: ਹਰਿਆਣੇ ਦੇ ਗੁੜਗਾਓਂ ਜਿਲ੍ਹੇ ਵਿਚ ਹੋਲੀ ਵਾਲੇ ਦਿਨ ਇਕ ਮੁਸਲਮਾਨ ਪਰਵਾਰ ਦੀ ਘਰ ਅੰਦਰ ਵੜ ਕੇ ਕੁੱਟਮਾਰ ਕੀਤੇ ਜਾਣ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਜੰਗਲ ਦੀ ਅੱਗ ਵਾਙ ਫੈਲੇ ਹਨ।

ਜੋ ਦ੍ਰਿਸ਼ ਟਵਿਟਰ ਅਤੇ ਯੂ-ਟਿਊਬ ਉੱਤੇ ਸਾਹਮਣੇ ਆਏ ਹਨ ਉਨ੍ਹਾਂ ਵਿਚ ਡਾਗਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਕੁਝ ਲੋਕ ਇਕ ਘਰ ਵਿਚ ਵੜ ਕੇ ਦੋ ਜਣਿਆਂ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕਰ ਰਹੇ ਹਨ। ਉਸੇ ਘਰ ਦੇ ਕੋਠੇ ਉੱਤੋਂ ਪੀੜਤ ਪਰਵਾਰ ਦੇ ਹੀ ਕਿਸੇ ਹੋਰ ਜੀਅ ਵਲੋਂ ਭਰੇ ਗਏ ਇਨ੍ਹਾਂ ਦ੍ਰਿਸ਼ਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਮਾਈਆਂ ਹਮਲਾਵਰਾਂ ਕੋਲੋਂ ਕੁੱਟੇ ਜਾ ਰਹੇ ਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹਮਲਾਵਰ ਵਾਰ-ਵਾਰ ਪੀੜਤਾਂ ਉੱਤੇ ਹਮਲਾ ਕਰਦੇ ਹਨ ਤੇ ਉਨ੍ਹਾਂ ਨੂੰ ਡਾਗਾਂ ਤੇ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਹਨ।

ਇਨ੍ਹਾਂ ਵਿਚੋਂ ਕੁਝ ਦ੍ਰਿਸ਼ ਅਜਿਹੇ ਵੀ ਹਨ ਜਿਥੇ ਕੋਠੇ ਉਪਰਲੇ ਲੋਕਾਂ, ਜੋ ਕਿ ਪੀੜਤ ਪਰਵਾਰ ਦੇ ਹੀ ਹੋਰ ਜੀਅ ਲੱਗਦੇ ਹਨ, ਬੂਹਾ ਬੰਦ ਕਰਕੇ ਉਹਨੂੰ ਧੱਕ ਕੇ ਖੜ੍ਹੇ ਹਨ ਜਿਸ ਤੋਂ ਅਜਿਹਾ ਲੱਗਦਾ ਹੈ ਕਿ ਉਹ ਇਸ ਕੋਸ਼ਿਸ਼ ਚ ਸਨ ਕਿ ਕਿਤੇ ਹਮਲਾਵਾਰ ਉਸ ਬੂਹੇ ਰਾਹੀਂ ਕੋਠੇ ਉੱਤੇ ਨਾ ਚੜ੍ਹ ਆਉਣ।

⊕ ਖਬਰ ਅੰਗਰੇਜ਼ੀ ਵਿਚ ਪੜ੍ਹੋ ਅਤੇ ਘਟਨਾ ਦੇ ਦ੍ਰਿਸ਼ ਵੇਖੋ – Muslim Home Attacked in Haryana, Family Members Beaten-up Badly With Iron Rods

ਖਬਰਖਾਨੇ ਮੁਤਾਬਕ ਪੀੜਤ ਪਰਵਾਰ ਦੇ ਕੁਝ ਨੌਜਵਾਨ ਵੀਰਵਾਰ ਨੂੰ ਹੋਲੀ ਵਾਲੇ ਦਿਨ ਕ੍ਰਿਕਟ ਖੇਡ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦਾ ਤਕਰਾਰ ਕੁਝ ਮੋਟਰਸਾਇਕਲ ਸਵਾਰ ਨੌਜਵਾਨਾਂ ਦੇ ਇਕ ਟੋਲੇ ਨਾਲ ਹੋ ਗਿਆ। ਜਿਸ ਉੱਤੇ ਮੋਟਰਸਾਇਕਲ ਵਾਲਿਆਂ ਨੇ ਪਹਿਲਾਂ ਇਸ ਪਰਵਾਰ ਦੇ ਇਕ ਜੀਅ ਦੇ ਚਪੇੜਾਂ ਮਾਰੀਆਂ ਤੇ ਫਿਰ ਉਥੋਂ ਇਕ ਵਾਰ ਤਾਂ ਚਲੇ ਗਏ ਪਰ ਬਾਅਦ ਵਿਚ ਵੱਧ ਗਿਣਤੀ ਚ ਤੇ ਡਾਂਗਾਂ-ਰਾਡਾਂ ਨਾਲ ਲੈਸ ਹੋ ਕੇ ਮੁੜ ਆਏ ਤੇ ਪੀੜਤ ਪਰਵਾਰ ਦੀ ਘਰ ਅੰਦਰ ਵੜ ਕੇ ਮਾਰ-ਕੁੱਟ ਕੀਤੀ।

ਜਾਣਕਾਰੀ ਮੁਤਾਬਕ ਇਹ ਘਟਨਾ ਗੁੜਗਾਓ ਦੇ ਭੋਂਡਸੀ ਠਾਣੇ ਹੇਠ ਪੈਂਦੇ ਇਕਾਲੇ ਵਿਚ ਵਾਪਰੀ ਹੈ।

ਖਬਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,