ਵਿਦੇਸ਼ » ਸਿੱਖ ਖਬਰਾਂ

ਮੈਲਬਰਨ ‘ਚ 32ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ; ਵੱਖ ਵੱਖ ਪ੍ਰਦਰਸ਼ਨੀਆਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

April 19, 2019 | By

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ) ਅੱਜ (19 ਅਪਰੈਲ ਨੂੰ) ਇੱਥੇ 32ਵੀਆਂ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ। ਦੱਖਣੀ ਖੇਤਰ ‘ਕੈਸੇ ਫ਼ੀਲਡਜ਼’ ਦੇ ਖੇਡ ਮੈਦਾਨਾਂ ‘ਚ ਅਰਦਾਸ ਮਗਰੋਂ ਤਿੰਨ ਦਿਨ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ‘ਚ 11 ਕੌਮਾਂਤਰੀ ਅਤੇ 75 ਦੇ ਕਰੀਬ ਹੋਰ ਖੇਡ ਟੋਲੇ (ਕਲੱਬ) ਸ਼ਮੂਲੀਅਤ ਕਰ ਰਹੇ ਹਨ। ਇਨ੍ਹਾਂ ਖੇਡਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਦੇਸ ਪਰਦੇਸ ਦੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਲੱਗੇਗੀ।

ਅੱਜ ਪਹਿਲੇ ਦਿਨ ਕੱਬਡੀ, ਹਾਕੀ , ਬਾਸਕਿਟਬਾਲ ਸਮੇਤ ਖੇਡਾਂ ਦੇ ਵੱਖ ਵੱਖ ਮੈਦਾਨਾਂ ‘ਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ।

ਮੈਲਬਰਨ ਵਿਚ ਸਿੱਖ ਖੇਡਾਂ ਦੀ ਸ਼ੁਰੂਆਤ ਮੌਕੇ ਦਾ ਇਕ ਦ੍ਰਿਸ਼

ਖੇਡ ਮੁਕਾਬਲਿਆਂ ਤੋਂ ਇਲਾਵਾ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਪ੍ਰਦਰਸ਼ਨੀਆਂ ਦੇਖਣ ਨੂੰ ਮਿਲੀਆਂ ਜਿਨ੍ਹਾਂ ‘ਚ ਅਮਰੀਕਾ ਤੋਂ ਆਏ ਹਰਮਿੰਦਰ ਬੋਪਾਰਾਏ ਵੱਲੋਂ ਤਿਆਰ ਗੁਰਮੁਖੀ ਲਿੱਪੀ ਨੂੰ ਸਮਰਪਿਤ ਫੱਟੀਆਂ ‘ਤੇ ਤਰਾਸ਼ੇ ਪੈਂਤੀ ਅੱਖਰ ਅਤੇ ਕਲਾਕ੍ਰਿਤੀਆਂ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ।

ਇਸ ਮੌਕੇ ਪੰਜਾਬੀ ਕਲਚਰਲ ਐਂਡ ਸਪੋਰਟਸ ਐਸੋਸੀਏਸ਼ਨ ਵੱਲ੍ਹੋਂ ਮਨਜੀਤ ਸਿੰਘ ਰਾਜਪੁਰਾ ਦੀ ਕਿਤਾਬ ‘ਲੰਡੇ ਚਿ ੜਿਆਂ ਦੀ ਉਡਾਰੀ’ ਜਾਰੀ ਕੀਤੀ ਗਈ। ਐਸੋਸੀਏਸ਼ਨ ਵੱਲੋਂ ਪ੍ਰਧਾਨ ਮਨਜਿੰਦਰ ਸਿੰਘ ਬਰਾੜ ਅਤੇ ਕੁਲਜੀਤ ਖੋਸਾ ਨੇ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੱਲ ਦਰਸ਼ਕਾਂ ਦੀ ਖਿੱਚ ਹੋਣ ਤੇ ਤੱਸਲੀ ਦਾ ਪ੍ਰਗਟਾਵਾ ਕੀਤਾ।

ਕਿਤਾਬਾਂ ਖਰੀਦਦੇ ਹੋਏ ਪਾਠਕ

ਸਲਾਨਾ ਸਿੱਖ ਫ਼ੋਰਮ ‘ਚ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖ਼ਸ਼ੀ ਤੋਂ ਇਲਾਵਾ ਰਸਨਾ ਕੌਰ ਹੋਰਾਂ ਨੇ ਸਿੱਖ ਸਭਿਆਚਾਰ ‘ਤੇ ਵਿਚਾਰ ਰੱਖੇ ਅਤੇ ਤਰੁਨਪ੍ਰੀਤ ਸਿੰਘ ਨੇ ਆਸਟਰੇਲੀਆ ਨਾਲ ਸਿੱਖਾਂ ਦੀ ਸਦੀਆਂ ਪੁਰਾਣੀ ਸਾਂਝ ਬਾਰੇ ਜਾਣਕਾਰੀ ਸਾਂਝੀ ਕੀਤੀ। ਸਿੱਖ ਚਿੰਤਕ ਅਤੇ ਮੁਲਕ ‘ਚ ਪਹਿਲਾ ਪੰਜਾਬੀ ਅਖ਼ਬਾਰ ਸ਼ੁਰੂ ਕਰਨ ਵਾਲੇ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਵਿਚਾਰ ਰੱਖੇ।

ਇਸ ਮੌਕੇ ਲੋਕ ਨਾਚ ਦੀਆਂ ਵੱਖ ਵੱਖ ਵੰਨਗੀਆਂ ਨਾਲ ਭਰਪੂਰ ‘ਸਭਿਆਚਾਰਕ ਸ਼ਾਮ’ ਦਾ ਪ੍ਰਬੰਧ ਵੀ ਕੀਤਾ ਗਿਆ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: