ਸਿਆਸੀ ਖਬਰਾਂ

ਨੌਜਵਾਨਾਂ ਦੀਆਂ ਦੋ ਜਥੇਬੰਦੀਆਂ ਵਲੋੋਂ ਬੀਬੀ ਖਾਲੜਾ ਦੀ ਹਿਮਾਇਤ ਦਾ ਐਲਾਨ

April 28, 2019 | By

ਤਰਨਤਾਰਨ: ਲੋਕ ਸਭਾ ਚੋਣਾਂ ਲਈ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨੌਜਵਾਨਾਂ ਦੀਆਂ ਜਥੇਬੰਦੀਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਹਿੰਮਤ-ਏ-ਖ਼ਾਲਸਾ ਹਿਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ।

ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਹਿੰਮਤ-ਏ-ਖ਼ਾਲਸਾ ਦੇ ਪੰਜਾਬ ਸਿੰਘ ਸੁਲਤਾਨਵਿੰਡ ਆਪਣੇੇ ਸਾਥੀਆਂ ਸਮੇਤ ਹਲਕਾ ਖਡੂਰ ਸਾਹਿਬ (ਜ਼ਿਲ੍ਹਾ ਤਰਨ ਤਾਰਨ) ’ਚ ਪੈਂਦੇ ਪਿੰਡ ਜਾਮਾਰਾਏ ਪਹੁੰਚੇ ਜਿੱਥੇ ੳਨ੍ਹਾਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ’ਚ ਸਿਰੋਪਿਆਂ ਤੇ ਦੁਸ਼ਾਲਿਆਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਤੇ ਬੀਬੀ ਖਾਲੜਾ ਦੇ ਹੱਕ ’ਚ ਪਿੰਡਾਂ-ਪਿੰਡਾਂ ’ਚ ਵਿਚਰ ਕੇ ਜ਼ੋਰਦਾਰ ਪ੍ਰਚਾਰ ਕੀਤਾ।

ਸ. ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ: “ਕਾਂਗਰਸ ਸਿੱਖਾਂ ਦੀ ਕਾਤਲ ਜਮਾਤ, ਬਾਦਲਕੇ ਸਿੱਖੀ ਦੇ ਗ਼ੱਦਾਰ, ਭਾਜਪਾ ਸਿੱਖਾਂ ਦੀ ਦੁਸ਼ਮਣ ਅਤੇ ਆਮ ਆਦਮੀ ਪਾਰਟੀ ਸਿਰਫਿਿਰਆਂ ਦੀ ਪਾਰਟੀ ਹੈ, ਇਨ੍ਹਾਂ ਪਾਰਟੀਆਂ ਨੇ ਹਮੇਸ਼ਾਂ ਪੰਥ ਅਤੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ ਤੇ ਦਾਤੇ ਪੰਜਾਬ ਨੂੰ ਮੰਗਤਿਆਂ ਵਾਲ਼ੀ ਕਗਾਰ ’ਤੇ ਲਿਆ ਖੜ੍ਹਾ ਕੀਤਾ ਹੈ”।
ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਅੱਗੇ ਸਾਡਾ ਸਿਰ ਝੁਕਦਾ ਹੈ। ਭਾਈ ਖਾਲੜਾ ਤੋਂ ਬਾਅਦ ਉਹਨਾਂ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਹੈ।

ਸਿਆਣੀਆਂ ਕੌਮਾਂ ਐਹੋ ਜਿਹੀਆਂ ਸਖ਼ਸ਼ੀਅਤਾਂ ਨੂੰ ਸੰਭਾਲ਼ਦੀਆਂ ਹਨ ਤੇ ਵੱਡੇ ਰੁਤਬੇ ਬਖ਼ਸ਼ਦੀਆਂ ਹਨ। ਬੀਬੀ ਖਾਲੜਾ ਨੂੰ ਲੋਕ ਸਭਾ ਵਿੱਚ ਪਹੁੰਚਾਉਣਾ ਸਿੱਖ ਜਗਤ ਲਈ ਬੜਾ ਜ਼ਰੂਰੀ ਹੈ ਤਾਂ ਕਿ ਹੋਰ ਸਿੱਖਾਂ ਨੂੰ ਵੀ ਸਿੱਖ ਹੱਕਾਂ ਲਈ ਸਰਗਰਮ ਹੋਣ ਦੀ ਪ੍ਰੇਰਨਾ ਮਿਲ਼ੇ। ਇਸ ਲਈ ਹਲਕਾ ਖਡੂਰ ਸਾਹਿਬ ’ਚ ਹੋਰ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚੋਂ ਹਟ ਜਾਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਵਿੱਚ ਮਿਸਾਲ ਕਾਇਮ ਹੋਵੇ ਕਿ ਮਨੁੱਖੀ ਹੱਕਾਂ ਲਈ ਸਰਗਰਮ ਬੀਬੀ ਖਾਲੜਾ ਨੂੰ ਸਿੱਖਾਂ ਨੇ ਬਿਨਾਂ ਮੁਕਾਬਲਾ ਜੇਤੂ ਕਰਵਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਨੂੰ ਪਾਈ ਜਾਣ ਵਾਲ਼ੀ ਵੋਟ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਦੇ ਸਮਾਨ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,