ਖਾਸ ਖਬਰਾਂ

ਪੁਲਵਾਮਾ ਤੋਂ ਬਾਅਦ ਭਾਰਤੀ ਫੌਜੀਆਂ ਨੇ ਕਸ਼ਮੀਰੀਆਂ ਦੇ ਘਰ ਸਾੜੇ; ਲੋਕਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਵਰਤਿਆ

May 2, 2019 | By

1 ਮਈ, 2019 ਨੂੰ ‘ਫਰਸਟ ਪੋਸਟ’ ਉੱਤੇ ਸੰਸਾਰ ਪ੍ਰਸਿੱਧ ਖਬਰ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਪੁਲਵਾਮਾ ਤੋਂ ਬਾਅਦ ਕਸ਼ਮੀਰ ਚ ਹੋਏ ਇਕ ਮੁਕਾਬਲੇ ਬਾਰੇ ਵਿਸਤਾਰ ਵਿਚ ਲੇਖਾ ਛਪਿਆ ਜਿਸ ਦਾ ਪੰਜਾਬੀ ਉਲੱਥਾ ਕਰਕੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਛਾਪਿਆ ਜਾ ਰਿਹਾ ਹੈ। ਅੰਗਰੇਜ਼ੀ ਤੋਂ ਪੰਜਾਬੀ ਉਲੱਥਾ ਕਰਨ ਲੱਗਿਆਂ ਮੂਲ ਲਿਖਤ ਦੇ ਅੱਖਰੀ ਤੇ ਭਾਵਾਤਮਕ ਅਰਥਾਂ ਨੂੰ ਧਿਆਨ ਚ ਰੱਖਦਿਆਂ ਮੂਲ ਭਾਵ ਨੂੰ ਉਲੱਥੇ ਵਿਚ ਬਿਆਨਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਸਪਸ਼ਟਤਾ ਤੇ ਉਲੱਥੇ ਦੀ ਸਹੂਲਤ ਲਈ ਕੁਝ ਕੁ ਵਾਕ ਆਪਸ ਵਿਚ ਮਿਲਾ ਲਏ ਤੇ ਕੁਝ ਵਾਕਾਂ ਦੇ ਇਕ ਤੋਂ ਵੱਧ ਟੋਟੇ ਕਰ ਲਏ ਹਨ – ਸੰਪਾਦਕ।

17 ਫਰਵਰੀ ਨੂੰ ਤਕਰੀਬਨ ਅੱਧੀ ਰਾਤ ਦੌਰਾਨ ਸੈਂਕੜੇ ਭਾਰਤੀ ਫੌਜੀਆਂ ਨੇ ਦੱਖਣੀ ਕਸ਼ਮੀਰ ’ਚ ਸੇਬਾਂ ਤੇ ਖੁਰਮਾਨੀਆਂ ਦੇ ਰੁੱਖਾਂ ਨਾਲ ਘਿਰੇ ਖੂਬਸੂਰਤ ਪਿੰਗਲਾਨ ਪਿੰਡ ਨੂੰ ਘੇਰਾ ਪਾ ਲਿਆ। ਤਕਰੀਬਨ 18 ਘੰਟੇ ਬਾਅਦ ਜਦੋਂ ਫੌਜੀ ਉਸ ਪਿੰਡ ਵਿਚੋਂ ਗਏ ਤਾਂ ਇਕ ਆਮ ਕਸ਼ਮੀਰੀ, ਤਿੰਨ ਹਥਿਆਰਬੰਦ ਖਾੜਕੂ ਤੇ ਫੌਜੀ ਦਸਤਿਆਂ ਦੇ 5 ਜਣੇ ਮਾਰੇ ਜਾ ਚੁੱਕੇ ਸਨ ਤੇ ਘਰਾਂ ਦੀ ਇਕ ਪੂਰੀ ਕਤਾਰ ਮਲਬੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕੀ ਸੀ ਤੇ ਇਕ ਅਣਚੱਲੀ ਮਜ਼ੈਲ ਝੋਨੇ ਦੇ ਖੇਤਾਂ ਵਿਚ ਗੱਡੀ ਪਈ ਸੀ ਅਤੇ 120 ਪਿੰਡ ਵਾਸੀ ਅੱਥਰੂ-ਧੂਏ, ਕੁੱਟਮਾਰ ਤੇ ਮਾਨਸਿਕ ਸਦਮੇ ਕਾਰਨ ਇਲਾਜਯਾਫਤਾ ਸਨ।

ਰਾਇਟਰਜ਼ ਨੇ ਇਸ ਘਟਾਨਕ੍ਰਮ ਦੇ ਕਰੀਬ ਇਕ ਮਹੀਨੇ ਬਾਅਦ ਤਕਰੀਬਨ 6400 ਦੀ ਅਬਾਦੀ ਵਾਲੇ ਪਿੰਗਲਾਨ ਪਿੰਡ ਵਿਚ ਦੋ ਦਿਨ ਬਿਤਾਏ ਤਾਂ ਕਿ ਉਨ੍ਹਾਂ ਕੁਝ ਘੰਟਿਆਂ ਦੌਰਾਨ ਕੀ ਕੁਝ ਵਾਪਰਿਆ ਸੀ ਉਸ ਦੀਆਂ ਕੜੀਆਂ ਨੂੰ ਜੋੜਿਆ ਜਾ ਸਕੇ।

ਪਿੰਗਲਾਨ ਵਿਚ ਹੋਏ ਮੁਕਾਬਲੇ ਤੋਂ ਬਾਅਦ ਸੜਦੇ ਹੋਏ ਘਰਾਂ ਦੀ ਇਕ ਤਸਵੀਰ; ਸਰੋਤ: ਇੰਡੀਅਨ ਐਕਸਪ੍ਰੈਸ; ਤਸਵੀਰਬਾਜ਼: ਸ਼ੁਆਬ ਮਸੂਦੀ

ਸੱਠ ਤੋਂ ਵੱਧ ਚਸ਼ਮਦੀਦਾਂ ਨਾਲ ਮੁਲਾਕਾਤਾਂ ਤੋਂ ਇਸ਼ਾਰਾ ਮਿਿਲਆ ਕਿ ਫੌਜੀਆਂ ਨੇ ਘੱਟੋ-ਘੱਟ ਚਾਰ ਪਿੰਡ ਵਾਲਿਆਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ। ਇਸਦਾ ਭਾਵ ਸੀ ਕਿ ਜਿਹਨਾਂ ਇਮਾਰਤਾਂ ਵਿਚ ਹਥਿਆਰਬੰਦ ਖਾੜਕੂ ਲੁਕੇ ਹੋਣ ਦਾ ਖਤਰਾ ਸੀ ਓਥੇ ਪਹਿਲਾਂ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ, ਤੇ ਅਕਸਰ ਉਹਨਾਂ ਦੇ ਫੋਨ ਰਾਹੀਂ ਮੌਕੇ ਦੇ ਹਾਲਾਤ ਨੂੰ ਫੌਜੀ ਵੇਖਦੇ ਹਨ।

ਮਨੁੱਖੀ ਹੱਕਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਤਲਾਸ਼ੀਆਂ ਦੌਰਾਨ ਖਾੜਕੂਆਂ ਨੂੰ ਫੌਜੀਆਂ ਉੱਤੇ ਗੋਲੀ ਚਲਾਉਣ ਤੋਂ ਰੋਕਣ ਲਈ ਅਜਿਹੇ ਹਥਕੰਡੇ ਵਰਤਣੇ ਬੇਹੱਦ ਇਤਰਾਜ਼ਯੋਗ ਹੈ ਤੇ ਕੌਮਾਂਤਰੀ ਕਾਨੂੰਨ ਤਹਿਤ ‘ਜੰਗੀ ਜ਼ੁਰਮ’ ਵੀ ਬਣ ਸਕਦਾ ਹੈ ਪਰ ਭਾਰਤੀ ਕਾਨੂੰਨ ਅੰਦਰ ਇਸ ਨੂੰ ਗੈਰ-ਕਾਨੂੰਨੀ ਵੀ ਨਹੀਂ ਮੰਨਿਆ ਜਾਵੇਗਾ।

ਇਸ ਬਾਰੇ ਟਿੱਪਣੀ ਕਰਨ ਲਈ ਕਹਿਣ ਤੇ ਫੌਜ ਦੇ ਬੁਲਾਰੇ ਲੈਫ. ਕਰਨਲ ਮੋਹਿਤ ਵੈਸ਼ਨਵ ਨੇ ਕਿਹਾ: “ਭਾਰਤੀ ਫੌਜ ਨੇ ਕਦੀ ਵੀ ਆਮ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਨਹੀਂ ਵਰਤਿਆ”।

ਹਾਲਾਂਕਿ, ਉਹਨੇ ਕਿਹਾ ਕਿ, ਮੁਕਾਬਲਿਆਂ ਦੌਰਾਨ ਕਈ ਵਾਰ ਸਥਾਨਕ ਲੋਕਾਂ ਨੂੰ ਫੌਜ ਅਤੇ ਖਾੜਕੂਆਂ ਦੌਰਾਨ ਸਾਲਸੀ ਕਰਨ ਲਈ ਜਰੂਰ ਕਿਹਾ ਜਾਂਦਾ ਹੈ।

ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਚੱਲ ਰਹੀ ਹਥਿਆਰਬੰਦ ਖਾੜਕੂ ਲਹਿਰ ਦੁਨੀਆ ਵਿਚ ਚੱਲਣ ਵਾਲੀਆਂ ਅਜਿਹੀਆਂ ਸਭ ਤੋਂ ਲੰਮੀਆਂ ਲਹਿਰਾਂ ਵਿਚੋਂ ਇਕ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਟਕਰਾਅ ਵਿਚ ਪੰਜਾਹ ਹਜ਼ਾਰ ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ।

ਕੁਝ ਸਾਲ ਪਹਿਲਾਂ ਤੱਕ ਸਰਗਰਮ ਖਾੜਕੂਆਂ ਦੀ ਗਿਣਤੀ ਘਟ ਕੇ ਕੁਝ ਦਰਜਨਾਂ ਤੱਕ ਆ ਗਈ ਸੀ ਪਰ 2016 ਵਿਚ ਇਕ ਖਾੜਕੂ ਆਗੂ ਦੇ ਮੁਕਬਲੇ ਚ ਮਾਰੇ ਜਾਣ ਤੋਂ ਬਾਅਦ ਹੋਏ ਉਭਾਰ ਕਾਰਨ ਹੋਰ ਵਧੇਰੇ ਗਿਣਤੀ ਵਿਚ ਨੌਜਵਾਨ ਕਸ਼ਮੀਰੀ ਖਾੜਕੂ ਸਫਾ ਵਿਚ ਸ਼ਾਮਲ ਹੋ ਰਹੇ ਹਨ। ਭਾਰਤ ਸਰਕਾਰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਇਹਨਾਂ ਖਾੜਕੂ ਧੜਿਆਂ ਨੂੰ ਮਾਲੀ ਮਦਦ ਦੇਣ ਦੇ ਦੋਸ਼ ਲਾਉਂਦੀ ਹੈ ਤੇ ਇਸਲਾਮਾਬਾਦ ਇਹਨਾਂ ਦੋਸ਼ਾਂ ਨੂੰ ਗਲਤ ਦੱਸਦਾ ਹੈ।

ਭਾਰਤ ਤੇ ਪਾਕਿਸਤਾਨ ਦੋਵੇਂ ਹੀ ਪੂਰੇ ਕਸ਼ਮੀਰ ਤੇ ਦਾਅਵਾ ਕਰਦੇ ਹਨ ਪਰ ਇਸ ਖਿੱਤੇ ਤੇ ਅੰਸ਼ਕ ਹਿੱਸੇ ਤੇ ਹੀ ਹਕੂਮਤ ਕਰ ਰਹੇ ਹਨ। ਦੋਵਾਂ ਨੇ ਆਪਸ ਵਿਚ ਤਿੰਨ ਜੰਗਾਂ ਵੀ ਲੜ ਲਈਆਂ ਹਨ ਜਿਹਨਾਂ ਵਿਚੋਂ ਦੋ ਇਲਾਕੇ ਤੇ ਕਬਜ਼ੇ ਲਈ ਸਨ। ਹੁਣ ਪਰਮਾਣੂ ਤਾਕਤਾਂ ਬਣ ਚੁੱਕੀਆਂ ਦੋਵੇਂ ਹਕੂਮਤਾਂ ਉਸ ਵੇਲੇ ਮੁੜ ਲੜਾਈ ਦੀ ਕਗਾਰ ਤੇ ਪੁੱਜ ਗਈਆਂ ਸਨ ਜਦੋਂ ਇਕ ਕਾਰ ਵਾਲੇ ਆਤਮਘਾਤੀ ਹਮਲਾਵਰ ਨੇ, ਜਿਹੜਾ ਕਿ ਇਕ ਮੁਕਾਮੀ ਕਸ਼ਮੀਰੀ ਸੀ, ਨੇ 14 ਫਰਵਰੀ ਨੂੰ ਪਿੰਗਲਾਨ ਨੇੜੇ ਜਰਨੈਲੀ ਸੜਕ ਤੇ ਭਾਰਤੀ ਨੀਮ ਫੌਜ ਦੇ 40 ਫੌਜੀ ਮਾਰ ਦਿੱਤੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਇਸਲਾਮੀ ਖਾੜਕੂ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ।

ਇਸ ਹਮਲੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਫੌਜ ਨੂੰ ‘ਖੁੱਲ’ ਦੇ ਦੇਣ ਤੋਂ ਬਾਅਦ ਫੌਜਾਂ ਨੇ ਵੱਡੀ ਪੱਧਰ ਤੇ ਕਾਰਵਾਈ ਕੀਤੀ ਸੀ।

ਹਮਲੇ ਤੋਂ ਬਾਅਦ ਸੈਂਕੜੇ ਅਜ਼ਾਦੀ ਪਸੰਦ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਦਰਜਨਾਂ ਖਾੜਕੂ ਤੇ ਆਮ ਲੋਕ ਫੌਜਾਂ ਵਲੋਂ ਦੱਸੇ ਜਾਂਦੇ ਮੁਕਾਬਲਿਆਂ ਦੌਰਾਨ ਮਾਰੇ ਜਾ ਚੁੱਕੇ ਹਨ।

17 ਫਰਵਰੀ ਨੂੰ ਕਰੀਬ ਰਾਤ ਦੇ 11:30 ਵਜੇ, ਪੁਲਵਾਮਾ ਹਮਲੇ ਤੋਂ ਤਿੰਨ ਦਿਨ ਬਾਅਦ, ਫੌਜੀ ਦਸਤਿਆਂ ਨੇ ਪਿੰਗਲਾਨ ਨੂੰ ਜਾਣ ਵਾਲੇ ਰਾਹਾਂ ਤੇ ਨਾਕਾਬੰਦੀ ਕਰਕੇ ਘਰ-ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਇਸ ਕਾਰਵਾਈ ਦੀ ਜਾਣਕਾਰੀ ਰੱਖਣ ਵਾਲੇ ਇਕ ਅਫਸਰ, ਜਿਸ ਨਾਲ ਕਿ ਖਬਰ ਏਜੰਸੀ ਰਾਇਟਰਜ਼ ਵਲੋਂ ਮੁਲਾਕਾਤ ਤੇ ਗੱਲਬਾਤ ਕੀਤੀ ਗਈ ਸੀ, ਮੁਤਾਬਕ ਫੌਜ ਦੇ ਇਕ ਸੂਹੀਏ ਨੇ ਇਸ ਪਿੰਡ ਖਾੜਕੂਆਂ ਦੀ ਮੌਜੂਦਗੀ ਬਾਰੇ ਸੁਣਿਆ ਸੀ।

ਪੰਦਰਾਂ ਸਾਲਾਂ ਦੀ ਮੁਨਿਆ ਅਮੀਨ ਨੇ ਦੱਸਿਆ ਕਿ ਫੌਜ ਨੇ ਉਹਨਾਂ ਦਾ ਬੂਹਾ ਆ ਖੜਕਾਇਆ ਤੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣੀ ਹੈ। ਜਦੋਂ ਅਮੀਨ ਨੇ ਇਸ ਦਾ ਵਿਰੋਧ ਕੀਤਾ ਤਾਂ ਫੌਜ ਦੇ ਇਕ ਮੇਜਰ ਨੇ ਉਹਨੂੰ ਚੁੱਪ ਰਹਿਣ ਦੀ ਤਾਕੀਦ ਕੀਤੀ।

“ਤੈਨੂੰ ਸਰਪੰਚ ਬਣ ਜਾਣਾ ਚਾਹੀਦੈ, ਤੂ ਬੋਲਦੀ ਬਹੁਤ ਏ”, ਫੌਜੀ ਨੇ ਆਪਣੀ ਬੰਦੂਕ ਉਹਦੇ ਵੱਲ ਤਣਦਿਆਂ ਕਿਹਾ।

ਅਮੀਨ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਦੀ 55ਵੀਂ ਬਟਾਲੀਅਨ ਦੇ ਫੌਜੀਆਂ ਨੇ ਉਹਦੇ ਪਿਤਾ ਮੁਸ਼ਤਾਕ ਅਹਿਮਦ ਭੱਟ ਨੂੰ ਘਰੋਂ ਬਾਹਰ ਚੱਲ ਕੇ ਉਹਨਾਂ ਦੀ ਮਦਦ ਕਰਨ ਲਈ ਕਿਹਾ। ਉਹਨਾਂ ਨੇ ਨੇੜੇ ਹੀ ਇਸੇ ਪਰਵਾਰ ਦੀ ਥਾਂ ਵਿਚ ਬਣੀ ਇਕ ਛੋਟੀ ਜਿਹੀ ਇਮਾਰਤ ਨੂੰ ਘੇਰਾ ਪਾਇਆ ਸੀ ਤੇ ਫੌਜੀ ਚਾਹੁੰਦੇ ਸਨ ਕਿ ਭੱਟ ਉਹਨਾਂ ਲਈ ਉਸ ਥਾਂ ਦੀ ਤਲਾਸ਼ੀ ਲਵੇ।

ਕਿਸੇ ਅਣਜਾਣ ਥਾਂ ਤੋਂ ਉਹਨਾਂ ਦੇ ਘਰ ਉੱਤੇ ਕੀਤੀ ਗਈ ਗੋਲੀਬਾਰੀ ਚ ਘਰ ਦੇ ਉੱਪਰਲੇ ਹਿੱਸੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਪਰਵਾਰ ਦੇ ਜੀਅ ਬਚਾਅ ਲਈ ਜਮੀਨੀ ਮੰਜਲ ਤੇ ਲੁਕ ਗਏ। ਜਿੰਨੇ ਚਿਰ ਨੂੰ ਫੌਜ ਨੇ ਉਹਨਾਂ ਨੂੰ ਗਵਾਂਡੀਆਂ ਦੇ ਘਰ ਚ ਤਬਦੀਲ ਕੀਤਾ ਓਨੇ ਚਿਰ ਨੂੰ ਭੱਟ ਮਾਰਿਆ ਜਾ ਚੁੱਕਾ ਸੀ ਜਿਸ ਬਾਰੇ ਇਕ ਫੌਜੀ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ।

ਅਮੀਨ, ਜਿਸ ਦੇ ਬਿਆਨ ਦੀ ਤਾਈਦ ਉਸਦੀ ਮਾਂ ਨੁਸਰਤ ਨੇ ਵੀ ਕੀਤੀ ਹੈ, ਨੇ ਕਿਹਾ ਕਿ “ਉਹਨਾਂ ਸਾਨੂੰ ਬੱਸ ਇਹੀ ਦੱਸਿਆ ਕਿ ਉਹ ਦੁਵੱਲੀ ਗੋਲੀਬਾਰੀ ਚ ਮਾਰਿਆ ਗਿਆ”।

ਅਮੀਨ ਨੇ ਕਿਹਾ ਕਿ ਫੌਜ ਨੇ ਹਾਲੀ ਤੱਕ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਉਸਦੀ ਮੌਤ ਕਿਵੇਂ ਹੋਈ ਸੀ। “ਅਸੀਂ ਇਸ ਬਾਰੇ ਉਹਨਾਂ ਤੋਂ ਜਾਣਕਾਰੀ ਮੰਗੀ ਸੀ ਪਰ ਉਹਨਾਂ ਸਾਨੂੰ ਹੋਰ ਕੁਝ ਨਹੀਂ ਦੱਸਿਆ। ਜੋ ਵੀ ਹੋਇਆ ਉਹਨੂੰ ਉਹ ਲੁਕਾ ਰਹੇ ਹਨ” ਅਮੀਨ ਨੇ ਕਿਹਾ।

ਫੌਜ ਦੇ ਬੁਲਾਰੇ ਵੈਸ਼ਨਵ ਦਾ ਦਾਅਵਾ ਹੈ ਕਿ ਫੌਜ ਨੇ ਆਮ ਲੋਕਾਂ ਦੇ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਰੱਖਣ ਲਈ ਜੋ ਕੁਝ ਵੀ ਕੀਤਾ ਜਾ ਸਕਦਾ ਸੀ ਉਹ ਕੀਤਾ ਪਰ ਖਾੜਕੂ ਅਬਾਦੀ ਵਾਲੇ ਇਲਾਕੇ ਵਿਚ ਲੁਕਦੇ ਹਨ ਤਾਂ ਕਿ ਆਮ ਲੋਕਾਂ ਦਾ ਵੱਧ ਜਾਨੀ ਨੁਕਸਾਨ ਕਰਵਾ ਸਕਣ।

ਪਿੰਗਲਾਨ ਦੇ ਜਿਹਨਾਂ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਤਕਰੀਬਨ ਉਹ ਸਾਰੇ ਹੀ ਭਾਰਤ ਤੇ ਇਸ ਫੌਜੀਆਂ ਨੂੰ ਖੁੱਲ੍ਹੇ ਤੌਰ ਤੇ ਨਫਰਤ ਕਰਦੇ ਸਨ।

ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਇਸ ਪਿੰਡ ਵਿਚ ਦਹਾਕਿਆਂ ਤੋਂ ਫੌਜ ਤੇ ਖਾੜਕੂਆਂ ਵਿਚ ਝੜਪ ਨਹੀਂ ਸੀ ਹੋਈ।

ਅਮੀਨ ਵਲੋਂ ਭੱਟ ਨੂੰ ਫੌਜ ਵਲੋਂ ਇਕ ਇਮਾਰਤ ਦੀ ਤਲਾਸ਼ੀ ਲਈ ਲਿਜਾਣ ਵਾਲਾ ਬਿਆਨ ਤਿੰਨ ਹੋਰ ਲੋਕਾਂ ਦੇ ਬਿਆਨ ਨਾਲ ਮੇਲ ਖਾਂਦਾ ਹੈ ਜਿਹਨਾਂ ਦੱਸਿਆ ਕਿ ਉਹਨਾਂ ਨੂੰ ਵੀ ਫੌਜੀ ਅਜਿਹੀ ਤਲਾਸ਼ੀ ਲਈ ਲੈ ਕੇ ਗਏ ਸਨ।

17 ਸਾਲਾਂ ਦੇ ਜ਼ਿਬਰਾਨ ਨੇ ਕਿਹਾ ਕਿ ਉਹ ਉਹਨਾਂ ਦਰਜ਼ਨ ਦੇ ਕਰੀਬ ਨੌਜਵਾਨਾਂ ਵਿਚੋਂ ਇਕ ਸੀ ਜਿਹਨਾਂ ਨੂੰ ਘਰਾਂ ਚੋਂ ਕੱਢ ਕੇ ਫੌਜੀ ਗੱਡੀ ਕੋਲ ਲਿਜਾਇਆ ਗਿਆ ਤੇ ਉਹਨਾਂ ਕੋਲੋਂ ਘਰਾਂ ਦੀਆਂ ਤਲਾਸ਼ੀਆਂ ਕਰਵਾਈਆਂ ਗਈਆਂ। ਉਸ ਦੇ ਬਿਆਨ ਦੀ ਤਾਈਦ ਉਸਦੇ ਪਰਵਾਰ ਦੇ ਦੋ ਹੋਰਨਾਂ ਜੀਆਂ ਨੇ ਵੀ ਕੀਤੀ ਹੈ।

“ਉਹਨਾਂ ਮੈਨੂੰ ਇਕ ਢਾਲ (ਸ਼ੀਲਡ) ਦਿੱਤੀ ਤੇ ਕਿਹਾ ਕਿ ਤੈਨੂੰ ਅੱਗੇ ਜਾ ਕੇ ਘਰਾਂ ਦੀ ਤਲਾਸ਼ੀ ਲੈਣੀ ਪੈਣੀ ਹੈ। ਮੈਂ ਬਹੁਤ ਡਰ ਰਿਹਾ ਸਾਂ”, ਉਹਨੇ ਕਿਹਾ।

ਭੱਟ ਦੇ ਭਰਾ ਸ਼ਫਾਕਤ ਅਹਿਮਦ ਭੱਟ ਨੇ ਕਿਹਾ ਕਿ ਮੁਕਾਬਲਾ ਮੁੱਕਣ ਤੋਂ ਪਹਿਲਾਂ ਫੌਜ ਨੇ ਉਹਨੂੰ ਫੜ ਕੇ ਇਕ ਘਰ ਦੀ ਤਲਾਸ਼ੀ ਲੈਣ ਤੇ ਮੋਬਾਇਲ ਫੋਨ ਰਾਹੀਂ ਉਹਦੀ ਵੀਡੀਓ ਬਣਾਉਣ ਲਈ ਕਿਹਾ ਸੀ।

ਸ਼ਫਾਕਤ ਨੇ ਅੱਧੀ ਦਰਜ਼ਨ ਦੇ ਕਰੀਬ ਹੋਰਨਾਂ ਪਿੰਡ ਵਾਲਿਆਂ ਨਾਲ ਰਲ ਕੇ ਕਿਹਾ ਕਿ ਫੌਜੀਆਂ ਨੇ ਉਹਨਾਂ ਨੂੰ ਬੰਦੂਕਾਂ ਦੇ ਬੱਟ ਮਾਰੇ ਤੇ ਡਾਂਗਾਂ ਤੇ ਹਰੋਨਾਂ ਹਥਿਆਰਾ ਨਾਲ ਕੁੱਟਿਆ।
ਸ਼ਫਾਕਤ ਨੇ ਕਿਹਾ ਕਿ ਜਦੋਂ ਫੌਜੀਆਂ ਨੇ ਵੇਖਿਆ ਉਹ ਬਹੁਤ ਚੀਕ ਰਿਹਾ ਹੈ ਤਾਂ ਉਹਨਾਂ ਚੁੱਪ ਕਰਵਾਉਣ ਲਈ ਉਹਦਾ ਮੂੰਹ ਪੱਥਰ ਨਾਲ ਭਰ ਦਿੱਤਾ।

ਭਾਵੇਂ ਕਿ ਜਖਮੀਆਂ ਵਿਚੋਂ ਬਹੁਤਿਆਂ ਦੀਆਂ ਸੱਟਾਂ ਮਾਮੂਲੀ ਸਨ ਪਰ ਭੱਟ ਪਰਵਾਰ ਦੀ ਗਵਾਂਡੀ ਸ਼ਾਹਜ਼ਾਦਾ ਅਕਤਰ ਨੇ ਕਿਹਾ ਕਿ ਇਕ ਫੌਜੀ ਨੇ ਵਾਰ-ਵਾਰ ਉਹਦੇ ਮੂੰਹ ਤੇ ਬੂਟ ਮਾਰੇ ਜਿਸ ਕਰਕੇ ਉਹਨੂੰ ਡਾਕਟਰੀ ਇਲਾਜ਼ ਕਰਵਾਉਣਾ ਪਿਆ।

ਉਹਦੇ ਬਿਆਨ ਦੀ ਤਾਈਦ ‘ਪਿੰਗਲਾਨ ਹੈਲਥ ਸੈਂਟਰ’ ਦੇ ‘ਮੈਡੀਕਲ ਅਫਸਰ’ ਰਈਸ ਉਲ-ਹਾਮਿਦ ਨੇ ਵੀ ਕੀਤੀ।

ਫੌਜ ਦੇ ਬੁਲਾਰੇ ਵੈਸ਼ਨਵ ਦਾ ਕਹਿਣਾ ਹੈ ਕਿ ਫੌਜ ਵਲੋਂ ਵਧੀਕੀ ਕੀਤੇ ਜਾਣ ਦੇ ਦੋਸ਼ ‘ਬੇਬੁਨਿਆਦ ਹਨ, ਜਿਹਨਾਂ ਦਾ ਕੋਈ ਵੀ ਸਬੂਤ ਨਹੀਂ ਹੈ ਅਤੇ ਲੱਗਦਾ ਹੈ ਕਿ ਲੋਕਾਂ ਵਲੋਂ ਡਰ ਤੇ ਦਬਾਅ ਵਾਲੀ ਹਾਲਤ ਵਿਚ ਇਹ ਦੋਸ਼ ਲਾਏ ਜਾ ਰਹੇ ਹਨ’।

ਇਸ ਮੁਕਾਬਲੇ ਵਿਚ ਤਿੰਨ ਖਾੜਕੂ ਮਾਰੇ ਗਏ ਸਨ, ਜਿਹਨਾਂ ਵਿਚੋਂ ਦੋ ਪਾਕਿਸਤਾਨੀ ਸਨ। ਤੀਜਾ, ਹਿਲਾਲ ਅਹਿਮਦ ਨੈਕੂ, ਇਥੋਂ ਦਾ ਹੀ ਸੀ। ਉਸਦੇ ਪਰਵਾਰ ਤੇ ਹਰੋਨਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਕਾਮਯਾਬੀ ਨਾਲ ਇਕ ‘ਮੈਡੀਕਲ ਲੈਬੌਟਰੀ’ਚਲਾਉਂਦਾ ਸੀ ਤੇ ਪਿੰਡ ਵਾਲੇ ਉਸਨੂੰ ਪਸੰਦ ਕਰਦੇ ਸਨ।

ਉਹਦੇ ਭਰਾ ਬਿਲਾਲ ਨੇ ਕਿਹਾ ਕਿ ਹਿਲਾਲ ਜਨਵਰੀ 2018 ਵਿਚ ਜੰਮੂ ਤੇ ਕਸ਼ਮੀਰ ’ਚ ਅੱਠ ਸਾਲਾਂ ਦੀ ਇਕ ਮੁਸਲਮਾਨ ਕੁੜੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਜੈ.-ਏ-ਮੁ. ’ਚ ਸ਼ਾਮਲ ਹੋ ਗਿਆ ਸੀ। ਦੋ ਪੁਲਿਸ ਵਾਲਿਆਂ ਸਮੇਤ 6 ਲੋਕ ਬਲਾਤਕਾਰ ਦੇ ਮੁਕਦਮੇਂ ਦਾ ਸਾਹਮਣਾ ਕਰ ਰਹੇ ਹਨ ਜਦੋਂਕਿ ਦੋ ਹੋਰ ਪੁਲਿਸ ਵਾਲੇ ਸਬੂਤ ਖਤਮ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਬਿਲਾਲ ਨੇ ਦੱਸਿਆ ਕਿ ਅਕਤੂਬਰ ਵਿਚ ਹਿਲਾਲ ਘਰ ਆਇਆ ਸੀ ਤੇ ਉਸ ਕੋਲ ਹਥਿਆਰ ਵੀ ਸਨ। ਉਹਦੇ ਨਾਲ ਰਸ਼ੀਦ ਭਾਈ ਵੀ ਸੀ, ਜਿਸ ਨੂੰ ਕਿ ਫੌਜੀ ਪਾਕਿਸਤਾਨੀ ਅਤੇ ਜੈ.-ਏ-ਮੁ. ਦਾ ਉੱਚ ਕਮਾਂਡਰ ਮੰਨਦੇ ਹਨ। ਫੌਜੀ ਦਸਤਿਆਂ ਦਾ ਕਹਿਣਾ ਹੈ ਕਿ ਪਿੰਗਲਾਨ ਵਿਚ ਮੁਕਾਬਲੇ ਦੌਰਾਨ ਰਸ਼ੀਦ ਭਾਈ ਵੀ ਮਾਰਿਆ ਗਿਆ ਸੀ।

ਬਿਲਾਲ ਨੇ ਕਿਹਾ ਕਿ ਉਹ ਉਸ ਦਿਨ ਪਿੰਡ ਵਿਚ ਹੀ ਸੀ ਤੇ ਉਸਨੇ ਆਪਣੇ ਘਰ ਵਿਚੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ ਪਰ ਉਹਨੇ ਦਾਅਵਾ ਕੀਤਾ ਕਿ ਮੁਕਾਬਲੇ ਵਿਚ ਹਿਲਾਲ ਦੀ ਸ਼ਮੂਲੀਅਤ ਬਾਰੇ ਉਹਨੂੰ ਹਿਲਾਲ ਦੀ ਮੌਤ ਬਾਰੇ ਟੀ.ਵੀ. ਉੱਤੇ ਆਈ ਖਬਰ ਤੋਂ ਹੀ ਪਤਾ ਲੱਗਾ।

ਹਿਲਾਲ ਅਤੇ ਭੱਟ ਨੂੰ ਪਿੰਡ ਵਿਚਲੇ ਪਰਾਣੇ ਕਬਰਿਸਤਾਨ ਵਿਚ ਦਫਨਾਇਆ ਗਿਆ ਜਿੱਥੇ ਕਿ ਹੁਣ ਸਿਰਫ ਭਾਰਤੀ ਫੌਜੀ ਦਸਤਿਆਂ ਵਲੋਂ ਮਾਰੇ ਗਏ ਲੋਕ ਹੀ ਦਫਨਾਏ ਜਾਂਦੇ ਹਨ। ਇਸ ਕਬਰਿਸਤਾਨ ਦੀ ਵਾੜ ਉੱਤੇ ਜੈ.-ਏ-ਮੁ. ਦਾ ਝੰਡਾ ਲੱਗਾ ਹੋਇਆ ਹੈ।

ਪ੍ਰਤੱਖਦਰਸ਼ੀਆਂ ਨੇ ਦੱਸਿਆ ਭਾਰਤੀ ਫੌਜੀਆਂ ਪ੍ਰਤੀ ਪਿੰਡ ਵਾਲਿਆਂ ਦੀ ਨਫਰਤ ਦਾ ਪ੍ਰਗਟਾਵਾ ਉਹਨਾਂ ਦੇ ਪਿੰਗਲਾਨ ਵਿਚ ਆਉਣ ਤੋਂ ਅਗਲੀ ਸਵੇਰ ਨੂੰ ਹੋਇਆ ਜਦੋਂ ਦਰਜ਼ਨਾਂ ਲੋਕਾਂ ਨੇ ਫੌਜੀ ਦਸਤਿਆਂ ਉੱਤੇ ਪੱਥਰ ਸੁੱਟੇ।

ਫੌਜੀ ਦਸਤਿਆਂ ਨੇ ਅੱਗਿਓ ਲੋਕਾਂ ਉੱਤੇ ਅੱਥਰੂ-ਧੂੰਏ ਵਾਲੇ ਗੋਲੇ ਅਤੇ ‘ਸਟੱਨ-ਗਰਨੇਡ’ ਸੁੱਟੇ।

ਅਬਦੁਲ ਰਹਿਮਾਨ ਨੇ ਆਪਣੇ ਘਰ ਦੇ ਬਾਹਰ ਸੜਕ ਕੰਢੇ ਲੱਗੇ ਅੱਥਰੂ-ਧੂੰਏ ਦੇ ਗਲਿਆਂ ਦੇ ਖੋਲਾਂ ਵਾਲੇ ਢੇਰ ਨੂੰ ਫਰੋਲਦਿਆਂ ਕਿਹਾ ਕਿ ‘ਹਵਾ ਨੇ ਧੂਏ ਦਾ ਰੂਪ ਵਟਾ ਲਿਆ ਸੀ, ਇੰਝ ਲੱਗਦਾ ਸੀ ਜਿਵੇਂ ਸੰਘਣੀ ਧੁੰਧ ਪੱਸਰ ਗਈ ਹੋਵੇ’।

ਸ਼ਾਮੀ 3 ਕੁ ਵਜੇ ਫੌਜੀਆਂ ਨੇ ਮੁਕਾਮੀ ਪੱਤਰਕਾਰਾਂ ਨੂੰ, ਜੋ ਕਿ ਮੁਕਾਬਲੇ ਵਾਲੀ ਥਾਂ ਨੇੜੇ ਪਹੁੰਚ ਗਏ ਸਨ, ਨੂੰ ਪਿੰਡ ਦੀ ਫਿਰਨੀ ਤੇ ਧੱਕ ਦਿੱਤਾ।

ਚਸ਼ਮਦੀਦਾਂ ਨੇ ਦੱਸਿਆ ਕਿ ਥੋੜੇ ਸਮੇਂ ਬਾਅਦ ਹੀ ਜਿਸ ਥਾਂ ਮੁਕਾਬਲਾ ਹੋਇਆ ਸੀ ਓਥੋਂ ਧੂਏਂ ਦਾ ਗੁਬਾਰ ਉੱਠਣ ਲੱਗਾ।

ਆਪਣੇ ਸੜੇ ਹੋਏ ਘਰ ਦੇ ਮਲਬੇ ਤੇ ਖੜ੍ਹ ਕੇ ਮੁਸ਼ਤਾਕ ਅਹਿਮਦ ਨੇ ਕਿਹਾ ਕਿ ‘ਭਾਰਤੀ ਫੌਜਾਂ ਨੇ ਘਰ ਨੂੰ ਬਿਨਾਂ ਕਾਰਨੋਂ ਹੀ ਸਾੜ ਕੇ ਸਵਾਹ ਕਰ ਦਿੱਤਾ’।

ਦੂਜੇ ਬੰਨੇ ਘਰ ਸਾੜਨ ਦਾ ਦੋਸ਼ ਖਾੜਕੂਆਂ ਸਿਰ ਧਰਦਿਆਂ ਫੌਜ ਦੇ ਬੁਲਾਰੇ ਵੈਸ਼ਨਵ ਨੇ ਕਿਹਾ ਕਿ ‘ਫੌਜੀ ਦਸਤਿਆਂ ਨੇ ਕਿਸੇ ਵੀ ਘਰ ਨੂੰ ਬਿਨਾ ਕਾਰਨ ਅੱਗ ਨਹੀਂ ਲਾਈ’।

ਸ਼ਾਮ 6 ਵਜੇ ਤੱਕ ਜਦੋਂ ਮੁਕਾਬਲਾ ਖਤਮ ਹੋ ਚੁੱਕਾ ਸੀ ਅਤੇ ਫੌਜੀ ਪਿੰਡ ਚੋਂ ਜਾਣ ਲਈ ਤਿਆਰ ਸਨ ਤਾਂ ਉਹਨਾਂ ਸ਼ਫਾਕਤ ਅਹਿਮਦ ਭੱਟ ਨੂੰ ਇਕ ਅਣ-ਚੱਲਿਆ ਗੋਲਾ ਚੁੱਕ ਕੇ ਤੇ ਇਕ ਟੋਆ ਕੱਢ ਕੇ ਉਹ ਗੋਲਾ ਉਸ ਟੋਏ ਵਿਚ ਦੱਬਣ ਦਾ ਹੁਕਮ ਚਾੜ੍ਹਿਆ।

ਝੋਨੇ ਦੇ ਖੇਤ ਵਿਚ ਇਕ ਟੋਏ, ਜਿਸ ਵਿਚ ਕਿ ਪਾਣੀ ਖੜ੍ਹਾ ਸੀ, ਵੱਲ ਇਸ਼ਾਰਾ ਕਰਦਿਆਂ ਉਹਨੇ ਕਿਹਾ ਕਿ ਫੌਜ ਵਲੋਂ ਚਲਾਇਆ ਉਹ ਅਣ-ਫਟਿਆ ਗੋਲਾ ਉਹਨੇ ਉਸ ਥਾਂ ’ਤੇ ਦੱਬਿਆ ਸੀ।

ਰਾਇਟਰਜ਼ ਖਬਰ ਏਜੰਸੀ ਦਾ ਪੱਤਰਕਾਰ 21 ਮਾਰਚ ਨੂੰ ਇਸ ਪਿੰਡ ਵਿਚ ਗਿਆ ਸੀ ਤੇ ਉਸਨੇ ਇਸ ਗੋਲੇ ਬਾਰੇ ਅਫਸਰਾਂ ਨੂੰ ਦੱਸਿਆ ਸੀ। ਚਸ਼ਮਦੀਦਾਂ ਮੁਤਾਬਕ ਇਕ ਦਿਨ ਬਾਅਦ ਫੌਜ ਤੇ ਪੁਲਿਸ ਦੇ ਧਮਾਕਾ ਰੋਕੂ ਦਸਤੇ ਨੇ ਆਪਣੀ ਨਿਗਰਾਨੀ ਹੇਠ ਧਮਾਕਾ ਕਰਵਾ ਕੇ ਉਸ ਗੋਲੇ ਨੂੰ ਖਤਮ ਕੀਤਾ।

ਪ੍ਰਤੱਖਦਰਸ਼ੀ ਬਿਲਾਲ ਅਹਿਮਦ ਨੇ ਦੱਸਿਆ ਕਿ “ਇਕ ਵੱਡਾ ਧਮਾਕਾ ਹੋਇਆ ਸੀ, ਜਿਸ ਨਾਲ ਧਰਤੀ ਤੱਕ ਕੰਬ ਗਈ ਸੀ”।

ਫੌਜ ਦੇ ਬੁਲਾਰੇ ਵੈਸ਼ਨਵ ਨੇ ਇਸ ਤੋਂ ਇਨਕਾਰ ਕੀਤਾ ਕਿ ਫੌਜ ਨੇ ਕਿਸੇ ਨਾਗਰਿਕ ਨੂੰ ਅਣਚੱਲਿਆ ਗੋਲਾ ਦੱਬਣ ਲਈ ਮਜਬੂਰ ਕੀਤਾ ਸੀ।

ਇਸ ਪਿੰਡ ਵਿਚ ਓਪਰੀ ਜਿਹੀ ਚੁੱਪ ਪੱਸਰੀ ਹੋਈ ਹੈ। ਖੁਰਮਾਨੀਆਂ ਦੇ ਰੁੱਖਾਂ ਨੂੰ ਫੁੱਲ ਪੈ ਰਹੇ ਹਨ ਤੇ ਇਹਨਾਂ ਉੱਤੇ ਚਿੜੀਆਂ ਚਹਿ-ਚਹਾ ਰਹੀਆਂ ਹਨ ਪਰ ਇਸ ਮੁਕਾਬਲੇ ਦਾ ਸਦਮਾ ਹਾਲੀ ਵੀ ਬਰਕਰਾਰ ਹੈ।

ਜ਼ਿਬਾਰਨ, ਜਿਸ ਮੁੰਡੇ ਕੋਲੋਂ ਘਰਾਂ ਦੀ ਜ਼ਬਰਨ ਤਲਾਸ਼ੀ ਕਰਵਾਈ ਗਈ ਸੀ, ਦੇ ਦਾਦੇ ਵਲੀ ਮੁਹੰਮਦ ਨੈਕ ਨੇ ਦੱਸਿਆ ਕਿ ਜ਼ਿਬਰਾਨ ਹੁਣ ਦਿਨ ਛੁਪਣ ਤੋਂ ਬਾਅਦ ਬਾਹਰ ਨਿਕਲਣ ਤੋਂ ਡਰਦਾ ਹੈ।

“ਸੱਪ ਦਾ ਡੰਗਿਆ ਰੱਸੀ ਤੋਂ ਵੀ ਤਰਾਹ ਜਾਂਦਾ ਹੈ”, ਬਜ਼ੁਰਗ ਨੇ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: