ਆਮ ਖਬਰਾਂ

ਪ੍ਰਦੂਸ਼ਨ ਦੀ ਮਾਰ: ਤਲਾਵਾਂ ਤੇ ਦਰਿਆਵਾਂ ਦੀਆਂ ਮੱਛੀਆਂ ਨੂੰ ਚਮੜੀ ਦਾ ਕੈਂਸਰ ਹੋ ਰਿਹੈ

July 20, 2019 | By

ਚੰਡੀਗੜ੍ਹ: ਮਨੁੱਖ ਵੱਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਨ ਇਸ ਧਰਤੀ ਉੱਤੇ ਜੀਵਨ ਹੋਂਦ ਲਈ ਹੀ ਖਤਰਾ ਖੜ੍ਹਾ ਕਰ ਰਿਹਾ ਹੈ। ਪਾਣੀ ਵਿਚ ਫੈਲਾਏ ਜਾ ਰਹੇ ਪ੍ਰਦੂਸ਼ਨ ਦੀ ਮਾਰ ਜਲਜੀਵਾਂ ਉੱਤੇ ਪੈਣ ਦਾ ਨਵਾਂ ਮਸਲਾ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਮਛੇਰਿਆਂ ਦੀਆਂ ਜਥੇਬੰਦੀਆਂ ਅਤੇ ਖੇਤੀ ਵਿਿਗਆਨ ਕੇਂਦਰਾਂ ਨੇ ‘ਕਾਲਜ ਆਫ ਫਿਸ਼ਰੀ ਸਾਇੰਸ’ (ਜਬਲਪੁਰ, ਮੱਧ ਪ੍ਰਦੇਸ਼) ਕੋਲ ਪਹੁੰਚ ਕਰਕੇ ਮੱਧ ਪ੍ਰਦੇਸ਼ ਦੇ ਤਲਾਬਾਂ ਵਿਚ ਮੱਛੀਆਂ ਮਰਨ ਦੇ ਮਾਮਲੇ ਦੀ ਜਾਂਚ ਕਰਨ ਲਈ ਬੇਨਤੀ ਕਰਨ ਤੋਂ ਬਾਅਦ ਮਾਹਿਰਾਂ ਵੱਲੋਂ ਡਿੰਡੋਰੀ, ਸਿਓਨੀ, ਬਾਲਾਘਾਟ, ਜਬਲਪੁਰ, ਰਾਵਾ ਆਦਿ ਥਾਵਾਂ ਤੋਂ ਮੱਛੀਆਂ ਦੇ ਨਮੂਨਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਮੱਛੀਆਂ ਚਮੜੀ ਦੇ ਕੈਂਸਰ ਨਾਲ ਮਰ ਰਹੀਆਂ ਹਨ।

ਮਾਹਿਰਾਂ ਨੇ ਮੱਛੀਆਂ ਦੀ ਜਾਂਚ ਕਰਕੇ ਦੱਸਿਆ ਕਿ ਮੱਛੀਆਂ ਨੂੰ ਇਹ ਬਿਮਾਰੀ ਪਾਣੀ ਦੀ ਖਰਾਬੀ ਕਾਰਨ ਹੋ ਰਹੀ ਹੈ।

ਪ੍ਰਦੂਸ਼ਨ ਦੀ ਮਾਰ: ਤਲਾਵਾਂ ਤੇ ਦਰਿਆਵਾਂ ਦੀਆਂ ਮੱਛੀਆਂ ਨੂੰ ਚਮੜੀ ਦਾ ਕੈਂਸਰ ਹੋ ਰਿਹੈ

ਨਮੂਨਿਆਂ ਦੀ ਜਾਂਚ ਤੋਂ ਮਾਹਿਰਾਂ ਨੇ ਪਤਾ ਲਾਇਆ ਹੈ ਕਿ ਰਸਾਇਣਕ ਪ੍ਰਦੂਸ਼ਨ ਤੋਂ ਇਲਾਵਾ ਪਾਣੀ ਵਿਚ ਭਾਰੇ ਤੱਤਾਂ (ਜਿਵੇਂ ਕਿ ਪਾਰਾ, ਸੰਖੀਆ ਆਦਿ) ਅਤੇ ਪਲਾਸਟਿਕ ਦੇ ਪਰਦੂਸ਼ਣ ਨਾਲ ਵੀ ਮੱਛੀਆਂ ਨੂੰ ਚਮੜੀ ਦਾ ਕੈਂਸਰ ਹੋ ਰਿਹਾ ਹੈ ਅਤੇ ਸਿਰਫ ਖੜ੍ਹੇ ਪਾਣੀ ਵਾਲੇ ਤਲਾਵਾਂ ਜਾਂ ਛੱਪੜਾਂ ਦੀਆਂ ਮੱਛੀਆਂ ਹੀ ਇਸ ਦੀ ਮਾਰ ਹੇਠ ਨਹੀਂ ਆ ਰਹੀਆਂ ਸਗੋਂ ਪ੍ਰਦੂਸ਼ਤ ਪਾਣੀ ਵਾਲੇ ਦਰਿਆਵਾਂ ਵਿਚਲੀਆਂ ਮੱਛੀਆਂ ਵੀ ਕੈਂਸਰ ਹੋ ਰਿਹਾ ਹੈ।

ਮਾਹਿਰਾਂ ਨੇ ਕਿਹਾ ਕਿ ਇਨ੍ਹਾਂ ਬਿਮਾਰ ਮੱਛੀਆਂ ਨੂੰ ਖਾਣ ਨਾਲ ਮਨੁੱਖ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਅਤੇ ਉਲਟੀਆਂ ਤੇ ਢਿੱਡ ਪੀੜ ਹੋਣ ਲੱਗ ਜਾਂਦੀ ਹੈ।
ਰਸਾਇਣ, ਭਾਰੇ ਤੱਤ ਜਾਂ ਪਲਾਸਟਿਕ ਦੇ ਪ੍ਰਦੂਸ਼ਣ ਨਾਲ ਪਾਣੀ ਵਿਚ ‘ਆਕਸੀਜਨ’ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਮੱਛੀਆਂ ਵਿਚ ਕੈਂਸਰ ਹੋ ਜਾਂਦਾ ਹੈ। ਮਾਹਿਰਾਂ ਨੇ ਕਿਹਾ ਕਿ ਇੰਝ ਬਿਮਾਰ ਹੋ ਰਹੀਆਂ ਮੱਛੀਆਂ ਦੀ ਪਾਣੀ ਵਿਚ ਚਾਲ ਮੱਠੀ ਹੋ ਜਾਂਦੀ, ਅੱਖਾਂ ਉੱਤੇ ਪੀਲੀ-ਚਿੱਟੀ ਜਿਹੀ ਪਰਤ ਜੰਮ ਜਾਂਦੀ ਹੈ ਅਤੇ ਮੱਛੀ ਦੇ ਸਰੀਰ ਦੀ ਕੁਦਰਤੀ ਚਮਕ ਜਾਂਦੀ ਰਹਿੰਦੀ ਹੈ। ਮਾਹਿਰਾਂ ਨੇ ਪਤਾ ਲਾਇਆ ਹੈ ਕਿ ਜੇਕਰ ਇਕ ਝੁੰਡ ਦੀ ਇਕ ਮੱਛੀ ਨੂੰ ਚਮੜੀ ਦਾ ਕੈਂਸਰ ਹੋ ਜਾਂਦਾ ਹੈ ਤਾਂ ਇਹ ਬਿਮਾਰੀ ਦੂਜੀਆਂ ਮੱਛੀਆਂ ਵਿਚ ਵੀ ਫੈਲ ਜਾਂਦੀ ਹੈ।

ਪੰਜਾਬ ਵਿਚ ਵੀ ਪਾਣੀ ਦਾ ਪ੍ਰਦੂਸ਼ਣ ਸਿਖਰਾਂ ’ਤੇ:

ਪਾਣੀ ਦੇ ਪ੍ਰਦੂਸ਼ਣ ਦੀ ਮਾਰ ਜੀਵਨ ਹੋਂਦ ਉੱਤੇ ਹੀ ਪੈ ਰਹੀ ਹੈ ਤੇ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਵਿਚ ਇਸ ਵੇਲੇ ਪਾਣੀ ਦਾ ਪ੍ਰਦੂਸ਼ਨ ਸਿਖਰਾਂ ’ਤੇ ਹੈ। ਕਾਰਖਾਨਿਆਂ ਦਾ ਜਹਿਰੀਲਾ ਪਾਣੀ ਅਤੇ ਸ਼ਹਿਰਾਂ ਦੀ ਗੰਦਗੀ ਬੇਰੋਕ ਪਾਣੀ ਦੇ ਸਰੋਤਾਂ ਵਿਚ ਮਿਲ ਰਹੀ ਹੈ ਜਿਸ ਨਾਲ ਦਰਿਆਵਾਂ ਦਾ ਪਾਣੀ ਜਹਿਰੀਲਾ ਹੋ ਰਿਹਾ ਹੈ।

ਪਿਛਲੇ ਸਾਲ ਰਸਾਇਣ ਕਾਰਨ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋ ਜਾਣ ਨਾਲ ਲੱਖਾਂ ਮੱਛੀਆ ਤੇ ਜਲ-ਜੀਵ ਮਾਰੇ ਗਏ ਸਨ

ਪਾਣੀ ਨੂੰ ਸਾਫ ਕਰਨ ਤੇ ਸਾਫ ਪਾਣੀ ਜਮੀਨ ਹੇਠ ਭੇਜਣ ਦੀ ਸਮਰੱਥਾ ਕਾਰਨ ਵਰਦਾਨ ਮੰਨੇ ਜਾਂਦੇ ਪਿੰਡਾਂ ਵਿਚਲੇ ਛੱਪੜ ਕੂੜੇ ਤੇ ਗੰਦਗੀ ਨਾਲ ਭਰੇ ਹੋਣ ਕਾਰਨ ਸਰਾਪ ਬਣ ਚੁੱਕੇ ਹਨ। ਘਰ ਦੇ ਕੰਮਾਂ ਵਿਚ ਵੀ ਰਸਾਇਣਾਂ ਦੀ ਬੇਤਹਾਸ਼ਾ ਵਰਤੋਂ ਨੇ ਵੀ ਪਿੰਡਾਂ ਦੇ ਛੱਪੜਾ ਨੂੰ ਪਲੀਤ ਕੀਤਾ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਵੱਲੋਂ ਰਸਾਇਣਾਂ ਵਾਲਾ ਗੰਦਾ ਪਾਣੀ ਨਾਲਾਂ ਰਾਹੀਂ ਜਮੀਨ ਹੇਠਲੇ ਪਾਣੀ ਵਿਚ ਮਿਲਾਇਆ ਜਾ ਰਿਹਾ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਜਹਿਰੀਲਾ ਹੋ ਰਿਹਾ ਹੈ। ਸਰਕਾਰਾਂ ਦੀਆਂ ਨਾਕਾਮੀਆਂ ਤੇ ਬੇਈਮਾਨੀ ਦੇ ਨਾਲ-ਨਾਲ ਲੋਕਾਂ ਦਾ ਆਲਸ ਤੇ ਬੇਰੁਖੀ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ ਕਿ ਪ੍ਰਦੂਸ਼ਣ ਕਾਰਨ ਪੰਜਾਬ ਵਿਚ ਭਾਂਤ-ਭਾਂਤ ਦੀਆਂ ਬਿਮਾਰੀਆਂ ਫੈਲ ਕੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: