ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ

ਲੱਦਾਖ ਨੂੰ ਕੇਂਦਰੀ ਪ੍ਰਬੰਧ ਹੇਠ ਲੈਣ ’ਤੇ ਚੀਨ ਨੇ ਭਾਰਤ ਨੂੰ ਤਾੜਨਾ ਕੀਤੀ

August 7, 2019 | By

ਚੰਡੀਗੜ੍ਹ: ਬੀਤੇ ਦੋ ਦਿਨਾਂ ਦੌਰਾਨ ਭਾਰਤ ਵਿਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਸ ਤਰ੍ਹਾਂ ਜੰਮੂ ਅਤੇ ਕਸ਼ਮੀਰ ਨੂੰ ਭਾਰਤੀ ਸੰਵਿਧਾਨ ਤਹਿਤ ਮਿਿਲਆ ਖਾਸ ਰੁਤਬਾ ਖਤਮ ਕਰਕੇ ਇਸ ਦੇ ਦੋ ਟੋਟੇ- ਇੱਕ ਲੱਦਾਖ ਅਤੇ ਦੂਜਾ ਜੰਮੂ-ਕਸ਼ਮੀਰ ਬਣਾ ਕੇ ਇਸ ਨੂੰ ਕੇਂਦਰ ਦੇ ਸਿੱਧੇ ਪ੍ਰਬੰਧ ਹੇਠ ਲਿਆ ਹੈ ਉਸ ਬਾਰੇ ਚੀਨ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤੇ ਹਨ।

ਚੀਨ ਦੇ ਅਮਰੀਕੀ ਸਫਾਤਰਖਾਨੇ ਦੇ ਬਿਜਾਲ-ਮੰਚ (ਵੈਬਸਾਈਟ) ਤੋਂ ਸਿੱਖ ਸਿਆਸਤ ਵੱਲੋਂ ਇਨ੍ਹਾਂ ਪ੍ਰਤੀਕਰਮਾਂ ਦੀ ਜੋ ਨਕਲ ਹਾਸਲ ਕੀਤੀ ਗਈ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਚੀਨ ਨੇ ਜੰਮੂ ਅਤੇ ਕਸ਼ਮੀਰ ਦੀ ਮੌਜੂਦਾ ਹਾਲਤ ਅਤੇ ਲੱਦਾਖ ਬਾਰੇ ਵੱਖ-ਵੱਖ ਪ੍ਰਤੀਕਰਮ ਦਿੱਤਾ ਹੈ।

ਚੀਨੀ ਵਿਦੇਸ਼ ਵਜ਼ਾਰਤ ਦੀ ਬੁਲਾਰੀ ਹੂਆ ਚੁਨਿੰਗ

ਜਿੱਥੇ ਕਸ਼ਮੀਰ ਮਸਲੇ ਨੂੰ ਚੀਨ ਨੇ ਭਾਰਤ ਤੇ ਪਾਕਿਸਤਾਨ ਦਾ ਆਪਸੀ ਮਸਲਾ ਦੱਸਦਿਆਂ ਦੋਹਾਂ ਧਿਰਾਂ ਨੂੰ ਸੰਜਮ ਰੱਖਣ ਅਤੇ ਆਪਸੀ ਸੁਲ੍ਹਾ ਨਾਲ ਮਾਮਲਾ ਹੱਲ ਕਰਨ ਲਈ ਕਿਹਾ ਹੈ ਓਥੇ ਲੱਦਾਖ ਦੇ ਮਾਮਲੇ ਵਿਚ ਚੀਨ ਦਾ ਪ੍ਰਤੀਕਰਮ ਇਸ ਨਾਲੋਂ ਵੱਖਰਾ ਹੈ।

⊕ ਚੀਨ ਦਾ ਪ੍ਰਤੀਕਰਮ ਅੰਗਰੇਜ਼ੀ ਵਿਚ ਪੜ੍ਹਨ ਲਈ ਇਹ ਤੰਦ ਛੂਹੋ: FULL TEXTS OF CHINA’S RESPONSE STATEMENTS ON INDIA’S MOVES IN KASHMIR AND LADAKH

ਚੀਨ ਨੇ ਲੱਦਾਖ ਨੂੰ ਭਾਰਤ ਸਰਕਾਰ ਦੇ ਸਿੱਧੇ ਪ੍ਰਬੰਧ ਵਾਲਾ ਕੇਂਦਰੀ ਖਿੱਤਾ ਬਣਾਉਣ ਬਾਰੇ ਕਿਹਾ ਹੈ ਕਿ “ਹਾਲ ਵਿਚ ਹੀ ਭਾਰਤ ਨੇ ਆਪਣੇ-ਆਪ ਹੀ ਆਪਣੇ ਘਰੇਲੂ ਕਾਨੂੰਨ ਨੂੰ ਬਦਲ ਕੇ ਚੀਨ ਦੀ ਖੇਤਰੀ ਪ੍ਰਭੂਸੱਤਾ ਨੂੰ ਖੋਰਾ ਲਾਉਣਾ ਜਾਰੀ ਰੱਖਿਆ ਹੈ। ਅਜਿਹੀ ਕਾਰਵਾਈ ਨਾ-ਮੰਨਣਯੋਗ ਹੈ ਅਤੇ ਇਹ ਲਾਗੂ ਨਹੀਂ ਹੋਵੇਗੀ” (ਪੂਰਾ ਪ੍ਰਤੀਕਰਮ ਹੇਠਾਂ ਹੈ)।

ਜ਼ਿਕਰਯੋਗ ਹੈ ਕਿ ਚੀਨ ਦੀ ਲੱਦਾਖ ਖਿੱਤੇ ਵਿਚ ਵਧੇਰੇ ਰੁਚੀ ਹੈ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਨੂੰ ਚੀਨ ਆਪਣਾ ਖਿੱਤਾ ਦੱਸਦਾ ਹੈ।

ਅਸਲ ਵਿਚ ਇਹ ਖਿੱਤਾ ਭੌਤਿਕ-ਸਿਆਸੀ ਪੱਖ ਤੋਂ ਇੰਨਾ ਅਹਿਮ ਹੈ ਕਿ ਕੇਂਦਰੀ ਏਸ਼ੀਆ, ਦੱਖਣੀ ਏਸ਼ੀਆ ਅਤੇ ਅਰਬ ਖੇਤਰ ਦਰਮਿਆਨ ਇਹ ਨੇੜ ਭਵਿੱਖ ਵਿਚ ਮਨੁੱਖੀ, ਸੰਚਾਰ ਅਤੇ ਵਪਾਰ ਭਾਵ ਹਰ ਤਰ੍ਹਾਂ ਦੇ ਅਦਾਨ-ਪ੍ਰਦਾਨ ਦਾ ਮੁੱਖ ਅਤੇ ਮਹੱਤਵਪੂਰਨ ਰਾਹ ਬਣਨ ਜਾ ਰਿਹਾ ਹੈ।

ਚੀਨ ਦੇ ਪ੍ਰਤੀਕਰਮਾਂ ਦਾ ਸਿੱਖ ਸਿਆਸਤ ਵੱਲੋਂ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ ਕੀਤਾ ਗਿਆ ਹੈ, ਜੋ ਕਿ ਹੇਠਾਂ ਪੜ੍ਹਿਆ ਜਾ ਸਕਦਾ ਹੈ:

ਵਿਦੇਸ਼ ਵਜ਼ਾਰਤ ਦੀ ਬੁਲਾਰੀ ਹੂਆ ਚੁਨਿੰਗ ਵੱਲੋਂ ਜੰਮੂ ਅਤੇ ਕਸ਼ਮੀਰ ਦੀ ਮੌਜੂਦਾ ਹਾਲਤ ਬਾਰੇ ਪ੍ਰਤੀਕਰਮ:

2019/08/06

ਸਵਾਲ: ਭਾਰਤ ਅਤੇ ਪਾਕਿਸਤਾਨ ਦੇ ਫੌਜੀ ਦਸਤਿਆਂ ਨੇ ਹਾਲ ਵਿਚ ਹੀ ਜੰਮੂ ਕਸ਼ਮੀਰ ’ਚ ‘ਕਬਜੇ ਵਾਲੀ ਲੀਕ’ (ਆਰਜ਼ੀ ਸਰਹੱਦ) ਨੇੜੇ ਇਕ ਦੂਜੇ ਵੱਲ ਗੋਲੀਬਾਰੀ ਕੀਤੀ ਹੈ। ਭਾਰਤ ਨੇ ਵੱਡੀ ਗਿਣਤੀ ਵਿਚ ਹੋਰ ਨੀਮ-ਫੌਜੀ ਦਸਤੇ ਆਪਣੇ ਕਬਜੇ ਹੇਠਲੇ ਕਸ਼ਮੀਰ ਵਿਚ ਤਾਇਨਾਤ ਕਰਕੇ ਰੱਖਿਆ ਪ੍ਰਬੰਧ ਹੋਰ ਪੁਖਤਾ ਕੀਤੇ ਹਨ। ਖਿੱਤੇ ਵਿਚ ਤਣਾਅ ਵਧ ਰਿਹਾ ਹੈ। ਇਸੇ ਦੌਰਾਨ ਹੀ ਭਾਰਤ ਨੇ ਆਪਣੇ ਕਬਜੇ ਹੇਠਲੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਹਟਾ ਦਿੱਤਾ ਹੈ। ਚੀਨ ਦਾ ਇਸ ਮਾਮਲੇ ‘ਚ ਕੀ ਪ੍ਰਤੀਕਰਮ ਹੈ?

ਜਵਾਬ: ਚੀਨ ਜੰਮੂ ਕਸ਼ਮੀਰ ਦੀ ਮੌਜੂਦਾ ਹਾਲਤ ਬਾਰੇ ਬਹੁਤ ਗੰਭੀਰ ਹੈ। ਕਸ਼ਮੀਰ ਮਸਲੇ ਤੇ ਚੀਨ ਦਾ ਪੱਖ ਲਗਾਤਾਰ ਸਪਸ਼ਟ ਰਿਹਾ ਹੈ। ਇਸ ਗੱਲ ’ਤੇ ਕੌਮਾਂਤਰੀ ਸਹਿਮਤੀ ਵੀ ਹੈ ਕਿ ਕਸ਼ਮੀਰ ਦਾ ਮਸਲਾ ਇਕ ਅਜਿਹਾ ਮਸਲਾ ਹੈ ਜਿਹੜਾ ਕਿ ਭਾਰਤ ਅਤੇ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਵੇਲੇ ਤੋਂ ਹੀ ਅਣਸੁਲਝਿਆ ਪਿਆ ਹੈ। ਸੰਬੰਧਤ ਧਿਰਾਂ ਨੂੰ ਜ਼ਾਬਤਾ ਰੱਖਣ ਅਤੇ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ। ਖਾਸ ਕਰਕੇ, ਉਨ੍ਹਾਂ ਨੂੰ ਇਕਪਾਸੜ ਤਰੀਕੇ ਨਾਲ ਜਿਉਂ ਦੀ ਤਿਉਂ ਬਣੀ ਚਾਲੂ ਹਾਲਤ ਨੂੰ ਬਦਲਣ ਵਾਲੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਅਮਨ-ਅਮਾਨ ਨਾਲ ਸੰਬੰਧਤ ਝਗੜਾ ਹੱਲ ਕਰਨ, ਅਮਨ ਕਾਇਮ ਰੱਖਣ ਅਤੇ ਖਿੱਤੇ ਵਿਚ ਸਥਿਰਤਾ ਬਣਾਈ ਰੱਖਣ ਲਈ ਕਹਿੰਦੇ ਹਾਂ।

***

ਵਿਦੇਸ਼ ਵਜ਼ਾਰਤ ਦੀ ਬੁਲਾਰੀ ਹੂਆ ਚੁਨਿੰਗ ਵੱਲੋਂ ਭਾਰਤ ਸਰਕਾਰ ਵੱਲੋਂ ਲੱਦਾਖ, ਜਿਸ ਵਿਚ ਕਿ ਚੀਨੀ ਇਲਾਕਾ ਵੀ ਸ਼ਾਮਲ ਹੈ, ਨੂੰ ਕੇਂਦਰੀ ਖੇਤਰ ਬਣਾਉਣ ਬਾਰੇ ਪ੍ਰਤੀਕਰਮ:

2019/08/06

ਸਵਾਲ: ਖਬਰਾਂ ਹਨ ਕਿ ਭਾਰਤ ਸਰਕਾਰ ਨੇ ਲੱਦਾਖ ਨੂੰ ਕੇਂਦਰੀ ਖੇਤਰ ਬਣਾ ਦਿੱਤਾ ਹੈ, ਜਿੱਥੇ ਕਿ ਪੱਛਮੀ ਪਾਸੇ ਵਾਲੀ ਚੀਨ-ਭਾਰਤ ਸਰਹੱਦ ਹੈ। ਤੁਹਾਡੀ (ਇਸ ਬਾਰੇ) ਕੀ ਟਿੱਪਣੀ ਹੈ?

ਜਵਾਬ: ਚੀਨ ਹਮੇਸ਼ਾਂ ਤੋਂ ਹੀ ਭਾਰਤ ਵੱਲੋਂ ਪੱਛਮੀ ਚੀਨ-ਭਾਰਤ ਸਰਹੱਦ ਵਿਚਲੇ ਚੀਨੀ ਖੇਤਰ ਨੂੰ ਭਾਰਤ ਦੇ ਪ੍ਰਬੰਧ ਹੇਠ ਲਿਆਉਣ ਦੇ ਵਿਰੁਧ ਹੈ। ਲਗਾਤਾਰ ਕਾਇਮ ਰਿਹਾ ਇਹ ਪੱਕਾ ਪੱਖ ਅੱਜ ਵੀ ਬਿਨਾ ਬਦਲਾਅ ਦੇ ਬਰਕਰਾਰ ਹੈ। ਹਾਲ ਵਿਚ ਹੀ ਭਾਰਤ ਨੇ ਆਪਣੇ-ਆਪ ਹੀ ਆਪਣੇ ਘਰੇਲੂ ਕਾਨੂੰਨ ਨੂੰ ਬਦਲ ਕੇ ਚੀਨ ਦੀ ਖੇਤਰੀ ਪ੍ਰਭੂਸੱਤਾ ਨੂੰ ਖੋਰਾ ਲਾਉਣਾ ਜਾਰੀ ਰੱਖਿਆ ਹੈ। ਅਜਿਹੀ ਕਾਰਵਾਈ ਨਾ-ਮੰਨਣਯੋਗ ਹੈ ਅਤੇ ਇਹ ਲਾਗੂ ਨਹੀਂ ਹੋਵੇਗੀ। ਅਸੀਂ ਭਾਰਤ ਨੂੰ ਸਰਹੱਦੀ ਮਾਮਲਿਆਂ ਬਾਰੇ ਬੋਲਣ ਤੇ ਕਾਰਵਾਈ ਕਰਨ ਲੱਗਿਆਂ ਸਿਆਣਪ ਵਰਤਣ, ਦੋਵਾਂ ਪਾਸਿਆਂ (ਚੀਨ ਅਤੇ ਭਾਰਤ) ਦਰਮਿਆਨ ਇਸ ਬਾਰੇ ਹੋਏ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ, ਅਤੇ ਅਜਿਹਾ ਕੋਈ ਵੀ ਕਦਮ ਜਿਸ ਨਾਲ ਸਰਹੱਦ ਦਾ ਸਵਾਲ ਹੋਰ ਪੇਚੀਦਾ ਹੋ ਸਕਦਾ ਹੋਵੇ, ਨੂੰ ਚੁੱਕਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,