ਕੌਮਾਂਤਰੀ ਖਬਰਾਂ » ਖਾਸ ਖਬਰਾਂ

ਕਸ਼ਮੀਰ ਹਾਲੀ ਕੈਦਖਾਨਾ ਹੀ ਬਣੇ ਰਹਿਣ ਦੇ ਅਸਾਰ; ਨਸਲਕੁਸ਼ੀ ਦੀ ਸੰਭਾਵਨਾ ਦਾ ‘ਅਲਰਟ’ ਜਾਰੀ

August 23, 2019 | By

ਚੰਡੀਗੜ੍ਹ: 5 ਅਗਸਤ ਨੂੰ ਜੰਮੂ ਤੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰਕੇ, ਅਤੇ ਇਸ ਦੇ ਦੋ ਟੋਟੇ ਕਰਕੇ ਇਨ੍ਹਾਂ ਨੂੰ ਸਿੱਧੇ ਕੇਂਦਰੀ ਪ੍ਰਬੰਧ ਹੇਠ ਲੈ ਲੈਣ ਦੀ ਕਾਰਵਾਈ ਤੋਂ ਬਾਅਦ ਤਕਰੀਬਨ ਢਾਈ ਹਫਤੇ ਬਾਅਦ ਵੀ ਕਸ਼ਮੀਰ ਕਸ਼ਮੀਰੀਆਂ ਲਈ ਕੈਦਖਾਨਾ ਹੀ ਬਣਿਆ ਹੋਇਆ ਹੈ। ਇਸ ਹਾਲਾਤ ਵਿਚ ਹਾਲੀ ਛੇਤੀ ਤਬਦੀਲੀ ਆਉਣ ਦੇ ਅਸਾਰ ਨਹੀਂ ਹਨ।

ਕਸ਼ਮੀਰ ਵਿਚ ਪਾਬੰਦੀਆਂ:

ਭਾਰਤ ਦੀ ਹਿੰਦੂਤਵੀ ਹਕੂਮਤ ਨੇ ਕਸ਼ਮੀਰ ਵਿਚ ਬਹੁਤ ਸਖਤ ਪਾਬੰਦੀਆਂ ਲਾ ਰੱਖੀਆਂ ਹਨ ਜਿਨ੍ਹਾਂ ਤਹਿਤ ਕਰਫਿਊ ਕਾਰਨ ਲੋਕ ਆਪਣੇ ਹੀ ਘਰਾਂ ਵਿਚ ਕੈਦ ਹਨ, ਅਤੇ ਹਰ ਤਰ੍ਹਾਂ ਦੇ ਜਾਣਕਾਰੀ ਤੇ ਸੰਚਾਰ ਦੇ ਸਾਧਨ ਬੰਦ ਹਨ। ਬੀਤੇ ਦਿਨਾਂ ਦੌਰਾਨ ਜਦੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਕੁਝ ਖੁੱਲ੍ਹ ਦਿੱਤੀ ਗਈ ਸੀ ਤਾਂ ਕਸ਼ਮੀਰ ਵਿਚ ਭਾਰਤ ਸਰਕਾਰ ਦੀ ਕਸ਼ਮੀਰ ਕਾਰਵਾਈ ਦਾ ਡਟਵਾਂ ਵਿਰੋਧ ਹੋਇਆ ਸੀ ਅਤੇ ਲੰਘੇ ਸ਼ਨਿੱਚਰਵਾਰ ਦੀ ਰਾਤ ਨੂੰ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਉੱਤੇ ਭਾਰਤੀ ਦਸਤਿਆਂ ਨੇ ਛੱਰੇ ਅਤੇ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਸਖਤ ਪਾਬੰਦੀਆਂ ਮੁੜ ਠੋਪ ਦਿੱਤੀਆਂ ਗਈਆਂ ਹਨ।

ਹਾਲਾਤ ਇਹ ਹਨ ਕਿ ਖਬਰਖਾਨੇ ਨੂੰ ਵੀ ਕਸ਼ਮੀਰ ਦੇ ਜ਼ਮੀਨੀ ਹਾਲਾਤ ਪਤਾ ਕਰਨ ਅਤੇ ਉਸ ਦੀਆਂ ਖਬਰਾਂ ਨਸ਼ਰ ਕਰਨ ਦੀ ਖੁੱਲ੍ਹ ਨਹੀਂ ਹੈ।

ਇਹ ਤਸਵੀਰ ਸਿਰਫ ਪ੍ਰਤੀਕ ਦੇ ਤੌਰ ਤੇ ਵਰਤੀ ਗਈ ਹੈ

ਭਾਰਤ ਸਰਕਾਰ ਨੇ ਕਸ਼ਮੀਰ ਦੇ ਭਾਰਤ-ਪੱਖੀ ਸਿਆਸੀ ਆਗੂ ਤਾਂ ਨਜ਼ਰਬੰਦ ਕੀਤੇ ਹੀ ਹਨ, ਨਾਲ ਹੀ ਭਾਰਤ ਦੀ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਕਸ਼ਮੀਰ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ।

ਮੋਦੀ ਦੇ ਯੂ.ਐਨ. ਭਾਸ਼ਣ ਤੱਕ ਰੋਕਾਂ ਜਾਰੀ ਰਹਿਣ ਦੇ ਅਸਾਰ:

ਖਬਰਾਂ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2019 ਨੂੰ ਯੁਨਾਇਟਡ ਨੇਸ਼ਨਜ਼ ਦੇ ਆਮ ਇਜਲਾਸ ਦੌਰਾਨ ਭਾਸ਼ਣ ਦੇਣਾ ਹੈ। ਭਾਰਤ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ 27 ਸਤੰਬਰ ਤੱਕ ਕਸ਼ਮੀਰ ਵਿਚ ਚਿੜੀ ਵੀ ਨਾ ਫੜਕਣ ਦਿੱਤੀ ਜਾਵੇ, ਤਾਂ ਕਿ ਪਾਕਿਸਤਾਨ ਵੱਲੋਂ ਯੂ.ਐਨ. ਵਿਚ ਕਸ਼ਮੀਰ ਮਾਮਲਾ ਉਭਾਰੇ ਜਾਣ ’ਤੇ ਮੋਦੀ ਕੌਮਾਂਤਰੀ ਭਾਈਚਾਰੇ ਸਾਹਮਣੇ ਇਹ ਕਹਿਣ ਦੀ ਹਾਲਤ ਵਿਚ ਹੋਵੇ ਕਿ ਕਸ਼ਮੀਰ ਵਿਚ ਹਾਲਾਤ ਕਾਬੂ ਹੇਠ ਹਨ।

4000 ਤੋਂ ਵੱਧ ਗ੍ਰਿਫਤਾਰੀਆਂ:

ਭਾਵੇਂ ਭਾਰਤ ਦਾ ਹਿੰਦੂਤਵ ਪੱਖੀ ਖਬਰਖਾਨਾ ਇਹੀ ਖਬਰਾਂ ਵਿਖਾ ਰਿਹਾ ਹੈ ਕਿ ਕਸ਼ਮੀਰ ਵਿਚ ਸਭ ਠੀਕ ਹੈ ਪਰ ਦੂਜੇ ਬੰਨੇ ਏ.ਐਫ.ਪੀ. ਖਬਰ ਅਦਾਰੇ ਵੱਲੋਂ ਇਹ ਗੱਲ ਨਸ਼ਰ ਕੀਤੀ ਗਈ ਹੈ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚ 5 ਅਗਸਤ ਤੋਂ ਹੁਣ ਤੱਕ 4000 ਤੋਂ ਵੱਧ ਕਸ਼ਮੀਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਖਬਰ ਇਹ ਦਰਸਾਉਂਦੀ ਹੈ ਕਿ ਕਸ਼ਮੀਰ ਵਿਚ ਹਾਲਾਤ ਬਿਲਕੁਲ ਵੀ ਠੀਕ ਨਹੀਂ ਹਨ।

ਕਸ਼ਮੀਰੀਆਂ ਦੀ ਨਸਲਕੁਸ਼ੀ ਦੀ ਸੰਭਾਵਨਾ ਬਾਰੇ ‘ਅਲਰਟ’ ਜਾਰੀ:

ਨਸਲਕੁਸ਼ੀ ਦੀਆਂ ਸੰਭਾਵਨਾਵਾਂ ਤੇ ਬਾਜ਼ ਅੱਖ ਰੱਖਣ ਅਤੇ ਨਸਲਕੁਸ਼ੀ ਰੋਕਣ ਲਈ ਯਤਨਸ਼ੀਲ ਰਹਿਣ ਵਾਲੀ ਕੌਮਾਂਤਰੀ ਸੰਸਥਾ ‘ਜਿਨੋਸਾਈਡ ਵਾਚ’ ਨੇ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਨਸਲਕੁਸ਼ੀ ਦੀ ਸੰਭਾਵਨਾਂ ਦਰਸਾਉਂਦਿਆਂ ‘ਜਿਨੋਸਾਈਡ ਅਲਰਟ’ ਜਾਰੀ ਕੀਤਾ ਹੈ।

ਸੰਸਥਾ ਦਾ ਕਹਿਣਾ ਹੈ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਨਸਲਕੁਸ਼ੀ ਦੀ ਸੰਭਾਵਨਾ ਦੇ ਪੁਖਤਾਂ ਅਧਾਰ ਮੌਜੂਦ ਹਨ। ਸੰਸਥਾ ਨੇ ਆਪਣੇ ਦਸਤਾਵੇਜ਼ ਵਿਚ ਕਸ਼ਮੀਰ ’ਚ ਨਸਲਕੁਸ਼ੀ ਦੇ ‘ਰਿਸਕ ਫੈਕਟਰਾਂ’ ਦੀ ਵੀ ਸ਼ਨਾਖਤ ਕੀਤੀ ਹੈ।

ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਇਹ ਦਸਤਾਵੇਜ਼ ਇਹ ਵੀ ਦਰਸਾਉਂਦਾ ਹੈ ਕਿ ਕਸ਼ਮੀਰ ਵਿਚ ਨਸਲਕੁਸ਼ੀ ਦੇ 10 ਪੜਾਅ ਵੀ ਸਰਗਰਮ ਹੋ ਚੁੱਕੇ ਹਨ।

ਅਮਰੀਕੀ ਵਿਦਵਾਨ ਡਾ. ਗੈਗਰੀ ਐਚ. ਸਟੈਨਟਨ ਦੀ ਅਗਵਾਈ ਵਾਲੀ ਇਸ ਸੰਸਥਾ ਨੇ ਯੁਨਾਇਟਡ ਨੇਸ਼ਨਜ਼ ਅਤੇ ਕੌਮਾਂਤਰੀ ਤਾਕਤਾਂ ਨੂੰ ਭਾਰਤ ਸਰਕਾਰ ਉੱਤੇ ਕਸ਼ਮੀਰੀਆਂ ਦੀ ਨਸਲਕੁਸ਼ੀ ਨਾ ਕਰਨ ਲਈ ਦਬਾਅ ਬਣਾਉਣ ਦਾ ਸੱਦਾ ਦਿੱਤਾ ਹੈ।

⊕ ਹੋਰ ਵਧੇਰੇ ਵਿਸਤਾਰ ਵਿਚ ਜਾਨਣ ਲਈ ਪੜ੍ਹੋ –

GENOCIDE WATCH ISSUES “GENOCIDE ALERT” FOR INDIAN OCCUPIED KASHMIR

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।