ਖਾਸ ਖਬਰਾਂ

ਬੰਬੇ ਹਾਈ ਕੋਰਟ ਜੱਜ ਦਾ ਸਵਾਲ: ‘ਜੰਗ ਤੇ ਅਮਨ’ ਤਾਂ ਜੰਗ ਬਾਰੇ ਹੈ, ਇਹ ਆਪਣੇ ਘਰ ਵਿਚ ਕਿਉਂ ਰੱਖਿਆ ਸੀ?

August 29, 2019 | By

ਮੁੰਬਈ/ਚੰਡੀਗੜ੍ਹ: ‘ਕਿਸੇ ਦੂਜੇ ਦੇਸ਼ ਦੀ ਜੰਗ ਬਾਰੇ ਕਿਤਾਬ ਤੂੰ ਆਪਣੇ ਘਰ ਵਿਚ ਕਿਉਂ ਰੱਖੀ ਸੀ’? ਭਾਵੇਂ ਤੁਹਾਨੂੰ ਇਹ ਗੱਲ ਅਜੀਬ ਲੱਗੇ ਪਰ ਇਹੀ ਹੈ ਕਿ ਬੰਬੇ ਹਾਈ ਕੋਰਟ ਦੇ ਜੱਜ ਸਾਰੰਗ ਕੋਤਵਾਲ ਨੇ ਲਿਓ ਟਾਲਸਟਾਏ ਦੇ ਸੰਸਾਰ ਪ੍ਰਸਿੱਧ ਨਾਵਲ ‘ਜੰਗ ਅਤੇ ਅਮਨ’ ਬਾਰੇ ਮਾਓਵਾਦੀਆਂ ਨਾਲ ਕਥਿਤ ਸੰਬੰਧਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਵੇਰਨੋਨ ਗੋਨਸਾਲਵਿਜ਼ ਨੂੰ ਉਸਦੀ ਜਮਾਨਤ ਦੀ ਸੁਣਵਾਈ ਦੌਰਾਨ ਪੁੱਛਿਆ।

ਵੇਰਨੋਨ ਗੋਨਸਾਲਵਿਜ਼ ਪੁਲਿਸ ਹਿਰਾਸਤ ਵਿਚ

ਪੁਲਿਸ ਵੱਲੋਂ ਗੋਨਸਾਲਵਿਜ਼ ਤੋਂ ‘ਬਰਾਮਦ’ ਹੋਈਆਂ ਕਿਤਾਬਾਂ ਤੇ ਤਵਿਆਂ (ਸੀ.ਡੀ.ਆਂ) ਦੀ ਸੂਚੀ, ਜਿਸ ਵਿਚ ‘ਆਰ.ਸੀ.ਪੀ. ਰਿਿਵਊ’, ‘ਮਾਰਕਸਿਸਟ ਆਰਕਾਈਵਜ਼’, ਕਬੀਰ ਕਲਾ ਮੰਚ ਦੀ ਛਾਪੀ ‘ਰਾਜ ਧਰਮ ਵਿਰੋਧੀ’ ਅਤੇ ‘ਜੈ ਭੀਮ ਕਾਮਰੇਡ’ ਨਾਮੀ ਦਸਤਾਵੇਜ਼ੀ ਸ਼ਾਮਲ ਹੈ, ਦਾ ਜ਼ਿਕਰ ਕਰਦਿਆਂ ਜੱਜ ਸਾਰੰਗ ਕੋਤਵਾਲ ਨੇ ਕਿਹਾ ਕਿ “ਇਹਨਾਂ (ਦਸਤਾਵੇਜ਼ਾਂ) ਦੇ ਸਿਰਲੇਖ ਹੀ ਬਿਆਨ ਕਰਦੇ ਹਨ ਕਿ ਇਹ ਰਾਜ (ਸਟੇਟ) ਵਿਰੋਧੀ ਹਨ”।

ਵਾਰ ਐਂਡ ਪੀਸ ਦਾ ਇਕ ਸਰਵਰਕ

ਜ਼ਿਕਰਯੋਗ ਹੈ ਕਿ 1869 ਵਿਚ ਛਪਿਆ ‘ਵਾਰ ਐਂਡ ਪੀਸ’ (ਜੰਗ ਅਤੇ ਅਮਨ) ਸੰਸਾਰ ਪ੍ਰਸਿੱਧ ਨਾਵਲਕਾਰ ਲਿਓ ਤਾਲਸਤਾਏ ਦੀ ਸ਼ਾਹਕਾਰ ਮੰਨੀ ਜਾਂਦੀ ਰਚਨਾ ਹੈ ਜਿਸ ਦੀ ਕਹਾਣੀ ਫਰਾਂਸ ਵੱਲੋਂ ਰੂਸ ਉੱਤੇ ਹਮਲੇ ਅਤੇ ਇਸ ਤੋਂ ਬਾਅਦ ਦੇ ਹਾਲਾਤ ਨਾਲ ਜੁੜਦੀ ਹੈ।

ਦੱਸ ਦੇਈਏ ਕਿ ਵੇਰਨੋਨ ਗੋਨਸਾਲਵਿਜ਼ ਨੂੰ ਪੂਨੇ ਪੁਲਿਸ ਨੇ ਲੰਘੇ ਸਾਲ 28 ਅਗਸਤ ਨੂੰ ਪਾਬੰਦੀਸ਼ੁਦਾ ਸੀ.ਪੀ.ਆਈ.-ਮਾਓਵਾਦੀ ਨਾਲ ਕਥਿਤ ਸੰਬੰਧਾਂ ਦਾ ਹਵਾਲਾ ਦੇ ਕੇ ਗ੍ਰਿਫਤਾਰ ਕਰ ਲਿਆ ਸੀ। ਉਸ ਖਿਲਾਫ ਟਾਡਾ ਤੇ ਪੋਟਾ ਜਿਹੇ ਕਾਲੇ ਕਾਨੂੰਨਾਂ ਦਾ ਮੌਜੂਦਾ ਅਵਤਾਰ ਮੰਨੇ ਜਾਂਦੇ ‘ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ’ ਤਹਿਤ ਮੁਕਦਮਾ ਦਰਜ਼ ਕੀਤਾ ਗਿਆ ਹੈ। ਬੀਤੇ ਇਕ ਸਾਲ ਤੋਂ ਉਸ ਨੂੰ ਇਸ ਮਾਮਲੇ ਵਿਚ ਜਮਾਨਤ ਨਹੀਂ ਦਿੱਤੀ ਜਾ ਰਹੀ।

ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਵੇਂ ਸ਼ਹਿਰ ਦੀ ਇਕ ਅਦਾਲਤ ਵੱਲੋਂ ਕੁਝ ਮਹੀਨੇ ਪਹਿਲਾਂ ਇਕ ਮਾਮਲੇ ਵਿਚ ਚਾਰ ਸਿੱਖ ਨੌਜਵਾਨਾਂ ਨੂੰ ਕਿਤਾਬਾਂ ਤੇ ਸਾਹਿਤ ਦੀ ਬਰਾਮਦਗੀ ਦੇ ਅਧਾਰ ਉੱਤੇ ਹੀ ‘ਰਾਜ ਵਿਰੁਧ ਜੰਗ ਛੇੜਨ’ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਸੀ। ਉਸ ਜੱਜ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਲਿਖੀਆਂ ਕਿਤਾਬਾਂ ਨੂੰ ਵੀ ‘ਦੇਸ਼ ਵਿਰੋਧੀ’ ਗਰਦਾਨ ਦਿੱਤਾ ਸੀ। ਇਸ ਮਾਮਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਪੰਜਾਬ ਅਤੇ ਹਰਿਆਣਾ ਉੱਚ-ਅਦਾਲਤ (ਹਾਈ ਕੋਰਟ) ਵਿਚ ਪਾਈ ਗਈ ਅਰਜੀ ਤੇ ਹਾਲੀ ਸੁਣਵਾਈ ਹੋਣੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: