ਸਿਆਸੀ ਖਬਰਾਂ » ਸਿੱਖ ਖਬਰਾਂ

ਹਿੰਦੀਵਾਦੀਆਂ ਦੀ ਹੈਂਕੜ ਦੇ ਜਵਾਬ ‘ਚ ਮਾਂ-ਬੋਲੀ ਪੰਜਾਬੀ ਦੇ ਜਾਏ ਅੱਜ ਥਾਈਂ-ਥਾਈਂ ਭਾਵਨਾਵਾਂ ਪ੍ਰਗਟਾਉਣਗੇ

September 17, 2019 | By

ਪਟਿਆਲਾ: ਬੋਲੀ ਦਾ ਮਸਲਾ ਜਿੱਥੇ ਮਨੁੱਖੀ ਦੀਆਂ ਮੁੱਢਲੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਓਥੇ ਇਹ ਅਜੋਕੇ ਸੰਸਾਰ ਦਾ ਇਕ ਅਹਿਮ ਤੇ ਪੇਚੀਦਾ ਸਿਆਸੀ ਮਸਲਾ ਵੀ ਹੈ।

ਰਾਸ਼ਟਰਵਾਦ ਦੇ ਰੁਝਾਨ ਨੇ ਬੋਲੀਆਂ ਜਾਂ ਭਾਸ਼ਾਵਾਂ ਉੱਤੇ ਕਈ ਤਰ੍ਹਾਂ ਦੇ ਅਸਰ ਪਾਏ ਹਨ। ਜਿੱਥੇ ਰਾਸ਼ਟਰਵਾਦੀ ਅਮਲ ਇਕ ਖਾਸ ਬੋਲੀ ਨੂੰ ਸਰਕਾਰੀ ਬੋਲੀ ਬਣਾ ਕੇ ਉਭਾਰਦਾ ਹੈ ਓਥੇ ਇਹ ਦੂਜੀਆਂ ਬੋਲੀਆਂ ਨੂੰ ਨਾ ਸਿਰਫ ਛੁਟਿਆਉਣ ਦਾ ਅਮਲ ਚਲਾਉਂਦਾ ਹੈ ਬਲਕਿ ਇਸ ਅਮਲ ਤਹਿਤ ਇਨ੍ਹਾਂ ਬੋਲੀਆਂ ਦੀ ਹੋਂਦ ਨੂੰ ਹੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

ਭਾਰਤੀ ਉਪਮਹਾਂਦੀਪ ਇਕ ਬਹੁਭਾਂਤੀ ਖਿੱਤਾ ਹੈ ਜਿੱਥੇ ਵੀ ਧਾਰਮਕ, ਸੱਭਿਆਚਾਰਕ, ਨਸਲੀ ਤੇ ਭਾਸ਼ਾਈ ਭਿੰਨਤਾ ਦੀ ਭਰਮਾਰ ਹੈ ਪਰ ਭਾਰਤੀ ਰਾਸ਼ਟਰਵਾਦ, ਭਾਵੇਂ ਉਹ ਧਰਮ-ਨਿਰਪੱਖ ਜਾਂ ਸੈਕੂਲਰ ਭਾਰਤੀ ਰਾਸ਼ਟਰਵਾਦ ਹੋਵੇ ਤੇ ਭਾਵੇਂ ਹਿੰਦੂਤਵੀ ਭਾਰਤੀ ਰਾਸ਼ਟਰਵਾਦ, ਭਿੰਨ-ਭਿੰਨ ਬੋਲੀਆਂ ਦੀ ਕੀਮਤ ਉੱਤੇ ਹਿੰਦੀ ਨੂੰ ਉਭਾਰਦਾ ਰਿਹਾ ਹੈ।

ਮੌਜੂਦਾ ਹਿੰਦੂਤਵੀ ਭਾਰਤੀ ਰਾਸ਼ਟਰਵਾਦ ਆਪਣੀ ਫਿਤਰਤ ਮੁਤਾਬਕ ਹੀ ਦੂਜੀਆਂ ਬੋਲੀਆਂ ਪ੍ਰਤੀ ਵਧੇਰੇ ਹਮਲਾਵਰ ਰੁਖ ਅਪਣਾਅ ਰਿਹਾ ਹੈ। ਇਸ ਅਮਲ ਦੇ ਪਿੱਛੇ ਦੂਜਿਆਂ ਨੂੰ ਤੁੱਛ ਦੱਸ ਕੇ ਉਹਨਾਂ ਨੂੰ ਗਲਬੇ ਹੇਠ ਰੱਖਣ ਦੀ ਗੈਰ-ਮਨੁੱਖੀ ਬਿਪਰਵਾਦੀ ਸੋਚ ਖੜ੍ਹੀ ਹੈ।

ਪੰਜਾਬੀ ਬੋਲੀ ਪ੍ਰਤੀ ਹਿੰਦੂਤਵੀ ਰਾਸ਼ਟਰਵਾਦੀਆਂ ਦਾ ਮੰਦਭਾਵੀ ਵਤੀਰਾ ਵੀ ਇਕ ਸਦੀ ਤੋਂ ਵੱਧ ਪੁਰਾਣਾ ਹੈ ਪਰ ਹੁਣ ਹਕੂਮਤੀ ਹੈਕੜ ਨਾਲ ਇਹ ਮੁੜ ਹਮਲਾਵਰ ਰੂਪ ਅਖਤਿਆਰ ਕਰ ਰਹੇ ਹਨ।

ਬੀਤੇ ਦਿਨੀਂ ਹਿੰਦੀਵਾਦੀ ਬੁਲਾਰੇ ਡਾ. ਹੁਕਮ ਚੰਦ ਰਾਜਪਾਲ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਇਕ ਸਮਾਗਮ ਦੌਰਾਨ ਪੰਜਾਬੀ ਬੋਲੀ ਬਾਰੇ ਹੇਠੀ ਭਰੇ ਬੋਲ ਬੋਲਣ ਅਤੇ ਇਸ ਦਾ ਵਿਰੋਧ ਕਰਨ ਵਾਲੇ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਨਾਲ ਕੀਤੇ ਦੁਰਵਿਹਾਰ ਰਾਹੀਂ ਹਿੰਦੀਵਾਦੀਆਂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਨਫਰਤ ਅਤੇ ਸਰਕਾਰੀ ਸਰਪ੍ਰਸਤੀ ਵਾਲੀ ਹਿੰਦੀਵਾਦੀ ਹੈਂਕੜ ਦਾ ਪ੍ਰਗਵਾਟਾ ਕੀਤਾ ਹੈ।

ਹਿੰਦੀ ਦਿਹਾੜਾ ਮਨਾਏ ਜਾਣ ਮੌਕੇ ਕਰਵਾਈ ਉਕਤ ਸਮਾਗਮ ਦੌਰਾਨ ਵਾਪਰੀ ਇਸ ਘਟਨਾ ਦੌਰਾਨ ਮੌਕੇ ਉੱਤੇ ਮੌਜੂਦ ਹਿੰਦੀਵਾਦੀਆਂ ਨੇ ਧਮਕੀ ਦਿੱਤੀ ਕਿ “ਦੋ ਸਾਲ ਰੁਕੋ ਫਿਰ ਦੱਸਦੇ ਹਾਂ ਕਿ ਹਿੰਦੀ ਕੀ ਹੈ”। ਇਹ ਮਹਿਜ਼ ਬੋਲ ਨਹੀਂ ਪੰਜਾਬੀ ਮਾਂ-ਬੋਲੀ ਦੇ ਜਾਇਆਂ ਨੂੰ ਇਕ ਵੰਗਾਰ ਹੈ।

ਇਸ ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ ਅਤੇ ਵਿਖਾਵੇ ਕੀਤੇ ਜਾਣਗੇ।

ਸਿੱਖ ਸਿਆਸਤ ਵੱਲੋਂ ਇਕੱਤਰ ਕੀਤੇ ਵੇਰਵਿਆਂ ਮੁਤਾਬਕ ਅੱਜ ਸ਼ਾਮ ਸਰਦੂਲਗੜ੍ਹ, ਮਾਨਸਾ, ਬਠਿੰਡਾ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿਖੇ ਪੰਜਾਬੀ ਬੋਲੀ ਦੇ ਹੱਕ ਵਿਚ ਵਿਖਾਵੇ ਕੀਤੇ ਜਾਣਗੇ।

  • ਸਰਦੂਲਗੜ੍ਹ ਵਿਖੇ ਹੋਣ ਵਾਲਾ ਵਿਖਾਵਾ ਸ਼ਾਮ 3 ਵਜੇ ਸਥਾਨਕ ਬੱਸ ਅੱਡੇ ਦੇ ਨੇੜੇ ਹੋਵੇਗਾ।
  • ਬਠਿੰਡਾ ਵਿਖੇ ਹੋਣ ਵਾਲਾ ਵਿਖਾਵਾ ਸ਼ਾਮ 5 ਵਜੇ ਸਥਾਨਕ ਫੌਜੀ ਚੌਂਕ ਵਿਖੇ ਹੋਵੇਗਾ।
  • ਇਸੇ ਤਰ੍ਹਾਂ ਲੁਧਿਆਣੇ ਦੇ ਭਾਰਤ ਨਗਰ ਚੌਂਕ ਵਿਚ ਸ਼ਾਮ 4 ਵਜੇ ਪੰਜਾਬੀ ਬੋਲੀ ਦੇ ਹਿਤੈਸ਼ੀ ਇਕਠੇ ਹੋ ਕੇ ਵਿਖਾਵਾ ਕਰਨਗੇ।
  • ਅਜਿਹਾ ਹੀ ਵਿਖਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਾਮ 5 ਵਜੇ ਭਾਈ ਕਾਹਨ ਸਿੰਘ ਨਾਭਾ ਕਿਤਾਬਘਰ (ਲਾਇਬ੍ਰੇਰੀ) ਨੇੜੇ ਹੋਵੇਗਾ।
  • ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ਾਮ 4 ਵਜੇ ਹੋਣ ਵਾਲਾ ਵਿਖਾਵਾ ਵਿਦਿਆਰਥੀ ਕੇਂਦਰ (ਸਟੂਡੈਂਟਸ ਸੈਂਟਰ) ਵਿਖੇ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,