ਵੀਡੀਓ » ਸਿੱਖ ਖਬਰਾਂ

ਪੀੜਤਾਂ ਵਾਲੀ ਮਨੋਅਵਸਥਾ ਅਤੇ ਸੂਬੇਦਾਰੀ ਦੀ ਦੌੜ ਤੋਂ ਬਾਹਰ ਆਉਣ ਦੀ ਲੋੜ ਹੈ

November 25, 2019 | By

ਨਵੰਬਰ 1984 ਦੀ ਨਸਲਕੁਸ਼ੀ ਨੂੰ ਵਾਪਰਿਆਂ 35 ਸਾਲ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੇ ਅਮਲ ਨੇ ਦਰਸਾ ਦਿੱਤਾ ਹੈ ਕਿ ਇਸ ਘੱਲੂਘਾਰੇ ਤੋਂ ਬਾਅਦ ਜਿਹੜੇ ਸਿੱਖਾਂ ਨੇ ਨਿਆਂ ਕਰਨ ਲਈ ਖਾਲਸਾਈ ਰਿਵਾਇਤ ਮੁਤਾਬਕ ਰਾਹ ਚੁਣਿਆ ਸੀ ਉਹਨਾਂ ਦਾ ਫੈਸਲਾ ਸਹੀ ਸੀ, ਕਿਉਂਕਿ ਇਸ ਅਰਸੇ ਦੌਰਾਨ ਨਿਆਂ ਹਾਸਲ ਕਰਨ ਲਈ ਅਪਾਣਾਏ ਗਏ ਹੋਰ ਸਭ ਢੰਗ ਤਰੀਕੇ ਸਾਰੇ ਸੁਹਿਰਦ ਯਤਨਾਂ ਦੇ ਬਾਵਜੂਦ ਨਾਕਾਮ ਰਹੇ ਹਨ।

ਲੰਘੀ 5 ਨਵੰਬਰ ਨੂੰ 1984 ਦੀ ਸਿੱਖ ਨਸਲਕੁਸ਼ੀ ਬਾਰੇ ਕਿਸਾਨ ਭਵਨ ਵਿਖੇ ਕਰਵਾਈ ਗਈ ਇਕ ਵਿਚਾਰ ਚਰਚਾ ਦੌਰਾਨ ਉਕਤ ਵਿਚਾਰ ਪੇਸ਼ ਕਰਦਿਆਂ ਸਿੱਖ ਵਿਚਾਰਕ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ 1984 ਬਾਰੇ ਪੀੜਤਾਂ ਵਾਲੀ ਮਨੋਅਵਸਥਾ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋੜ ਹੈ ਕਿ 1984 ਦੀ ਯਾਦ ਨੂੰ ਜਖਮ ਦੀ ਥਾਵੇਂ ਸੂਰਜ ਬਣਾਇਆ ਜਾਵੇ ਤਾਂ ਕਿ ਇਸ ਤੋਂ ਰੌਸ਼ਨੀ ਅਤੇ ਸੇਧ ਲਈ ਜਾ ਸਕੇ।

ਉਹਨਾਂ ਕਿਹਾ ਕਿ ਜਿਹਨਾਂ ਸਿਆਸੀ ਧਿਰਾਂ ਨੇ ਬਿਪਰਵਾਦੀ ਨਿਜਾਮ ਤਹਿਤ ਸੂਬੇਦਾਰੀ ਦੀ ਸਿਆਸਤ ਕਰਨੀ ਹੈ ਉਹਨਾਂ ਲਈ 1984 ਬਾਰੇ ਪੀੜਤਾਂ ਵਾਲਾ ਬਿਰਤਾਂਤ ਮੁਆਫਕ ਬੈਠਦਾ ਹੈ ਪਰ ਖਾਲਸਾਈ ਸਿਧਾਂਤ ਤੇ ਰਿਵਾਇਤ ਵਿਚ ਨਾ ਤਾਂ ਪੀੜਤ ਮਨੋਅਵਸਥਾ ਲਈ ਕੋਈ ਥਾਂ ਹੈ ਤੇ ਨਾ ਹੀ ਕਿਸੇ ਹਕੂਮਤ ਤਹਿਤ ਸੂਬੇਦਾਰੀ ਹਾਸਲ ਕਰਨ ਦੇ ਵਿਚਾਰ ਲਈ ਕੋਈ ਜਗ੍ਹਾ ਹੈ।

ਭਾਈ ਮਨਧੀਰ ਸਿੰਘ ਨੇ ਕਿਹਾ ਕਿ ਭਾਰਤੀ ਮਹਾਂਦੀਪ ਵਿਚ ਬਹੁਗਿਣਤੀ-ਘੱਟਗਿਣਤੀ ਵਾਲੀ ਗਿਣਤੀ-ਮਿਣਤੀ ਬਾਰੇ ਪ੍ਰਚੱਲਤ ਧਾਰਨਾਵਾਂ ਠੀਕ ਨਹੀਂ ਹਨ ਕਿਉਂਕਿ ਇਸ ਬਹੁਭਾਂਤੀ ਖਿੱਤੇ ਵਿਚ ਕੋਈ ਵੀ ਧਿਰ ਬਹੁਗਿਣਤੀ ਜਾਂ ਘੱਣਗਿਣਤੀ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤੀ ਉਪਮਹਾਂਦੀਪ ਦੀ ਹੀ ਗੱਲ ਕੀਤੀ ਜਾਵੇ ਤਾਂ ਦ੍ਰਾਵਿੜ ਸੱਭਿਅਤਾ ਵਾਲੇ ਖਿੱਤੇ ਜਿੱਥੇ ਕਿ ਉੱਥੋਂ ਦੀਆਂ ਸਥਾਨਕ ਧਿਰਾਂ ਹੀ ਸਿੱਤਾ ਵਿਚ ਰਹਿੰਦੀਆਂ ਹਨ ਬਾਕੀ ਖਿੱਤੇ ਵਿਚ, ਤੇ ਖਾਸ ਕਰ ਮੱਧ-ਭਾਰਤ ਦੇ ਖੇਤਰ ਵਿਚ ਵੱਡੀ ਗਿਣਤੀ ਆਦਿਵਾਸੀਆਂ ਸੀ ਹੈ, ਜਿਸ ਵਿਚ ਬਹੁਜਨ-ਦਲਿਤ ਸਮਾਜ ਅਤੇ ਮੁਸਲਮਾਨ ਮਿਲਾ ਕੇ ਇਹ ਧਿਰ 70 ਫੀਸਦੀ ਤੋਂ ਵੱਧ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਵੱਧ ਗਿਣਤੀ ਵਾਲੇ ਇਹ ਲੋਕ ਤਾਂ ਆਪ ਮਜਲੂਮ ਅਤੇ ਜੁਲਮਾਂ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਜਿਹੜੀ ਬਿਪਰਵਾਦੀ ਧਿਰ ਜੁਲਮੀ ਸੱਤਾ ਦੀ ਸੂਤਰਧਾਰ ਹੈ ਉਸ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਹੈ। ਅਜਿਹੇ ਹਾਲਤ ਵਿਚ ਪੰਥ ਦੇ ਨਾਂ ਉੱਤੇ ਸੂਬੇਦਾਰੀ ਦੀ ਸਿਆਸਤ ਕਰਨੀ ਖਾਲਸਾਈ ਲੀਹ ਤੋਂ ਉਲਟ ਗੱਲ ਹੈ।

ਉਹਨਾਂ ਕਿਹਾ ਕਿ ਅੱਜ ਦੇ ਹਾਲਾਤ ਵਿਚ ਆਪਣੀ ਭੂਗੌਲਿਕ ਸਥਿਤੀ ਕਰਕੇ ਪੰਜਾਬ ਦੇ ਖਿੱਤੇ ਦਾ ਕੌਮਾਂਤਰੀ ਮਹੱਤਵ ਬਣ ਗਿਆ ਹੈ, ਜਿਸ ਕਰਕੇ ਭਰਪੂਰ ਤਣਾਅ ਦੇ ਬਾਵਜੂਦ ਪਾਕਿਸਤਾਨ ਤੇ ਭਾਰਤ ਦਰਮਿਆਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਰਿਹਾ ਹੈ। ਅਜਿਹੇ ਸਮੇਂ ਪੰਥ ਦੇ ਝੰਡੇ ਦਾ ਵਾਸਤਾ ਪਾ ਕੇ ਸੂਬੇਦਾਰੀ ਦੀ ਸਿਆਸਤ ਲਈ ਵੋਟਾਂ ਵਾਲੇ ਨਿਜਾਮ ਤਹਿਤ ਧਿਰ ਉਸਾਰਨ ਦੇ ਸੁਝਾਵਾਂ ਨੂੰ ਭਾਈ ਮਨਧੀਰ ਸਿੰਘ ਨੇ ਹਾਸੋਂ-ਹੀਣੇ ਦੱਸਿਆ।

ਸਿੱਖ ਸਿਆਸਤ ਦੇ ਪਾਠਕਾਂ/ਸਰੋਤਿਆਂ ਅਤੇ ਦਰਸ਼ਕਾਂ ਲਈ ਭਾਈ ਮਨਧੀਰ ਸਿੰਘ ਦੀ ਪੂਰੀ ਤਕਰੀਰ ਸਾਂਝੀ ਕਰ ਰਹੇ ਹਾਂ। ਆਪ ਸੁਣੋ ਅਤੇ ਹਰੋਨਾਂ ਨਾਲ ਸਾਂਝੀ ਕਰੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,