ਸਿੱਖ ਖਬਰਾਂ

ਬਿਖੜੇ ਸਮਿਆਂ ਵਿਚ ਗੁਰੂ ਨਾਨਕ ਜੀਵਨ ਜੁਗਤ ਹੀ ਮਨੁੱਖੀ ਮੁਕਤੀ ਦਾ ਰਾਹ (ਚਰਚਾ ਸਾਰ)

November 28, 2019 | By

ਚੰਡੀਗੜ੍ਹ (ਨਵੰਬਰ 27): ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਵੱਲੋਂ ਦਰਸਾਈ ਗਈ ਜੀਵਨ ਜੁਗਤ ਮਨੁੱਖੀ ਮੁਕਤੀ ਦਾ ਰਾਹ ਹੈ। ਗੁਰੂ ਪਾਤਿਸ਼ਾਹ ਨੇ ਆਪਣੀ ਬਾਣੀ ਰਾਹੀਂ ਮਨੁੱਖ ਦੀ ਕਰਤਾਰੀ ਸ਼ਕਤੀ ਨੂੰ ਮਾਨਤਾ ਦੇ ਕੇ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਦਾ ਸੰਦੇਸ਼ ਆਲਮੀ ਮਾਨਵਤਾ ਲਈ ਦਿੱਤਾ। ਸੋਲ੍ਹਵੀਂ ਸਦੀ ਵਿੱਚ ਪਣਪ ਰਹੇ ਮਾਇਆਧਾਰੀ ਅੰਧ ਵਿਸ਼ਵਾਸੀ ਅਡੰਬਰਾਂ ਅਤੇ ਰਾਜਸੱਤਾ ਦੇ ਜ਼ੁਲਮਾਂ ਦਾ ਨਿਡਰਤਾ ਨਾਲ ਵਿਰੋਧ ਕੀਤਾ। ਦੱਖਣ-ਏਸ਼ੀਆਈ ਮਹਾਂਦੀਪ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਗੁਰੂ ਨਾਨਕ ਜੀ ਦੇ ਉਪਦੇਸ਼ ਬਾਰੇ ਚਰਚਾ ਇਕੱਤਰ ਹੋਏ ਵਿਦਵਾਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖਦਿਆਂ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਡਾ. ਭਗਵੰਤ ਸਿੰਘ ਦੀ ਸੰਪਾਦਨਾ ਹੇਠ ਜਾਰੀ “ਜਾਗੋ ਇੰਟਰਨੈਸ਼ਨਲ” ਰਸਾਲੇ ਦਾ ਵਿਸ਼ੇਸ਼ ਅੰਕ ਜਾਰੀ ਕੀਤਾ।

ਮੰਚ ਉੱਤੇ ਬੈਠੇ ਡਾ. ਸਵਰਾਜ ਸਿੰਘ (ਖੱਬੇ) ਅਤੇ ਸ. ਗੁਰਤੇਜ ਸਿੰਘ (ਵਿਚਕਾਰ)

ਇਹ ਅੰਕ ਜਾਰੀ ਕਰਨ ਮੌਕੇ ਸ. ਗੁਰਤੇਜ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅੱਜ ਖੱਬੇ ਪੱਖੀ ਧਿਰਾਂ ਗੁਰੂ ਨਾਨਕ ਜੀ ਦੇ ਸਰਬੱਤ ਦੇ ਭਲੇ ਵਾਲੇ ਸੰਕਲਪਾਂ ਵੱਲ ਮੋੜਾ ਕੱਟ ਰਹੀਆਂ ਹਨ, ਜੋ ਕਿ ਚੰਗੀ ਗੱਲ ਹੈ ਕਿਉਂਕਿ ’47 ਦੀ ਵੰਡ ਤੋਂ ਬਾਅਦ ਸਿੱਖ ਸਿਧਾਂਤਾਂ ਨੂੰ ਖੁੰਢਾ ਕਰਨ ਲਈ ਮਾਰਕਸਵਾਦੀਆਂ ਨੂੰ ਵਰਤਿਆ ਗਿਆ ਹੈ।

ਇਸ ਸਮਾਗਮ ਵਿੱਚ ਡਾ. ਤੇਜਵੰਤ ਸਿੰਘ ਮਾਨ ਨੇ ਗੁਰੂ ਜੀ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਬਾਰੇ ਚਰਚਾ ਕੀਤੀ ਅਤੇ ‘ਜਾਗੋ ਇੰਟਰਨੈਸ਼ਨਲ’ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।

ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਈਸ਼ਵਰ ਦਾਸ ਸਿੰਘ ਸ਼ਾਮਲ ਸਨ।

ਰਸਾਲੇ ਦਾ ਖਾਸ ਅੰਕ ਜਾਰੀ ਕਰਨ ਮੌਕੇ ਹਾਜ਼ਰ ਸਰੋਤੇ

ਸਮਾਗਮ ਦੇ ਸ਼ੁਰੂ ਵਿੱਚ ਸੰਪਾਦਕ ਡਾ. ਭਗਵੰਤ ਸਿੰਘ ਨੇ ਜਾਗੋ ਇੰਟਰਨੈਸ਼ਨਲ ਬਾਰੇ ਜਾਣਕਾਰੀ ਦਿੱਤੀ। ਸ. ਜਸਪਾਲ ਸਿੰਘ ਸਿੱਧੂ ਪੱਤਰਕਾਰ ਨੇ ਅਜੋਕੇ ਸੰਦਰਭ ਵਿੱਚ ਸਿੱਖ ਆਦਰਸ਼ਾਂ ਦੀ ਸਾਰਥਿਕਤਾ ਅਤੇ ਰਸਾਲੇ ਦੀ ਮਹੱਤਤਾ ਦਾ ਸੰਵਾਦ ਛੇੜਿਆ।

ਪ੍ਰੋ. ਗੁਰਦਰਸ਼ਨ ਢਿੱਲੋਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਸਿੱਖ ਦਰਸ਼ਨ ਬਾਰੇ ਵਿਚਾਰ ਪੇਸ਼ ਕੀਤੇ।

ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਦਾ ਪ੍ਰਵਾਸ ਸਿੱਖ ਕਦਰਾਂ ਕੀਮਤਾਂ ਅਤੇ ਨੈਤਿਕਤਾ ਦਾ ਘਾਣ ਕਰ ਰਿਹਾ ਹੈ। ਉਹਨਾਂ ਨੇ ਗੁਰੂ ਨਾਨਕ ਜੀ ਦੇ ਉਪਦੇਸ਼ ਨੂੰ ਅਜੋਕੇ ਸਮੇਂ ਦੀਆਂ ਬੇਸੰਗਤੀਆਂ ਤੋਂ ਛੁਟਕਾਰੇ ਲਈ ਮੂਲ ਕਾਰਕ ਦੱਸਿਆ। ਇਸ ਸਮਾਗਮ ਵਿਚ ਡਾ. ਨਰਿੰਦਰ ਕੌਸ਼ਲ ਅਤੇ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਉਜਾੜੇ ਦਾ ਕਾਰਨ ਸਰਕਾਰਾਂ ਅਤੇ ਪੰਜਾਬ ਦੇ ਕੁੱਝ ਅਜਾਰੇਦਾਰ ਨੀਤੀਵਾਨ ਹਨ। ਵਿਚਾਰ ਚਰਚਾ ਵਿਚ ਮਨਜਿੰਦਰ ਸੰਧੂ, ਡਾ. ਕੁਲਵੀਰ ਕੌਰ, ਪ੍ਰੋ. ਭੁਪਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਸ਼ਰਨ ਸਿੰਘ, ਸੰਦੀਪ ਸਿੰਘ ਨੇ ਵੀ ਹਿੱਸਾ ਲਿਆ।

ਸ. ਜਰਨੈਲ ਸਿੰਘ ਚਿੱਤਰਕਾਰ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।

ਸਮਾਗਮ ਦੀ ਸਮਾਪਤੀ ਮੌਕੇ ਸ. ਖੁਸ਼ਹਾਲ ਸਿੰਘ ਨੇ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,