ਸਿੱਖ ਖਬਰਾਂ

ਚੰਗਾਲੀਵਾਲਾ ਕਾਂਡ: ਜਾਤਪਾਤੀ ਮਨੂੰਵਾਦੀ ਸੌੜੀ ਸੋਚ ਖਿਲਾਫ਼ ਇੱਕਠੇ ਹੋਣ ਦੀ ਲੋੜ: ਸਿੱਖ ਬੁੱਧੀਜੀਵੀ

November 26, 2019 | By

ਚੰਡੀਗੜ੍ਹ: ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਵਾਸੀ ਸ. ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨਾ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਲੋਕਾਂ ਦੇ ਦਬਾਅ ਸਹਾਇਤਾ ਦੇਣਾ ਇੱਕ ਚੰਗਾ ਕਦਮ ਹੈ, ਪਰ ਇਸ ਕਾਂਡ ਵਿੱਚ ਪੁਲਿਸ ਵੱਲੋਂ ਕੇਸ ਦਰਜ ਕਰਨ ਵਿਚ ਕੀਤੀ ਗਈ ਦੇਰੀ ਗਰੀਬਾਂ ਪ੍ਰਤੀ ਰਾਜ ਪ੍ਰਬੰਧ ਦੀ ਅਣਗਹਿਲੀ ਅਤੇ ਉਦਾਸੀਨਤਾ ਦਾ ਮੁਜ਼ਾਹਰਾ ਕਰਦੀ ਹੈ। ਰਾਜ ਪ੍ਰਬੰਧ ਅਤੇ ਸਰਕਾਰਾਂ ਦੀ ਆਮ ਆਦਮੀ ਪ੍ਰਤੀ ਜਗੀਰੂ ਤੇ ਧੱਕੜਸ਼ਾਹੀ ਕਰਕੇ ਹੀ ਮਨੂੰਵਾਦੀ-ਬ੍ਰਾਹਮਣਵਾਦੀ ਸੋਚ ਵਹਿਸ਼ੀ ਤੇ ਘਿਨਾਉਣੀ ਜਾਤਪਾਤ ਸਮਾਜ ਵਿਚ ਕਾਇਮ ਹੈ, ਜਿਸ ਦਾ ਪ੍ਰਗਟਾਵਾ ਬਹੁਜਨਾਂ/ਦਲਿਤਾਂ ਉੱਤੇ ਵਹਿਸ਼ੀ ਹਮਲਿਆਂ ਰਾਹੀਂ ਹੁੰਦਾ ਰਹਿੰਦਾ ਹੈ।

ਪਿੰਡ ਚੰਗਾਲੀਵਾਲਾ ਦੇ ਨੌਜਵਾਨ ਸ. ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੀ ਨਿਖੇਧੀ ਕਰਦਿਆਂ ਸਿੱਖ ਬੁੱਧੀਜੀਵੀਆਂ ਨੇ 20 ਨਵੰਬਰ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਜਾਤਪਾਤੀ ਕੋਹੜ ਲਈ ਜ਼ਿੰਮੇਵਾਰ ਮਨੂੰਵਾਦੀ ਸੋਚ ਵਿਰੁੱਧ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਸਾਰੀਆਂ ਸਿੱਖ ਧਾਰਮਿਕ, ਜਮਹੂਰੀ, ਸਮਾਜਿਕ ਅਤੇ ਰਾਜਨੀਤਕ ਧਿਰਾਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ।

ਚੰਗਾਲੀਵਾਲ ਵਾਸੀ ਮਿਰਤਕ ਸ. ਜਗਦੇਵ ਸਿੰਘ ਦੀ ਇਕ ਪੁਰਾਣੀ ਤਸਵੀਰ

ਸਿੱਖ ਵਿਚਾਰ ਮੰਚ ਵੱਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਸਕੱਤਰ ਸ. ਖੁਸ਼ਹਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਬਾਰੇ ਹੋਈ ਸਿੱਖ ਬੁੱਧੀਜੀਵੀਆਂ ਦੀ ਇਕ ਅਹਿਮ ਇਕੱਤਰਤਾ ਸ. ਗੁਰਬਚਨ ਸਿੰਘ ਸੀਨੀਅਰ ਪੱਤਰਕਾਰ (ਦੇਸ਼ ਪੰਜਾਬ), ਸ. ਕਰਮਜੀਤ ਸਿੰਘ, ਸ. ਜਸਪਾਲ ਸਿੰਘ ਸਿੱਧੂ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਸ. ਬਲਜਿੰਦਰ ਸਿੰਘ ਕੋਟਭਾਰਾ ਸ਼ਾਮਲ ਸਨ।

ਉਹਨਾਂ ਕਿਹਾ ਕਿ ਚੰਗਾਲੀਵਾਲਾ ਕਾਂਡ ਦੇ ਪੀੜਤ ਪਰਿਵਾਰ ਦੇ ਦੁੱਖ ਦਰਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਰੀਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਿਰ ਬਣ ਕੇ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਹਰ ਸਿੱਖ ਜਥੇਬੰਦੀ ਅਤੇ ਭਿੰਨ-ਭਿੰਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਸਾਹਿਬਾਨ ਦੇ ਸਿਧਾਂਤ ਅਨੁਸਾਰ ਜਾਤਪਾਤ ਅਤੇ ਉਸ ਤੋਂ ਉਪਜਦੀ ਹੰਕਾਰੀ ਮਾਨਸਿਕਤਾ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।

ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਸਿੱਖਾਂ ਦਾ ਬਿਪਰਵਾਦ (ਬ੍ਰਾਹਮਣਵਾਦ) ਨਾਲ ਕੋਈ ਸੰਬੰਧ ਨਹੀਂ ਅਤੇ “ਰੰਗਰੇਟੇ ਗੁਰੂ ਕੇ ਬੇਟੇ” ਅਨੁਸਾਰ ਬਹੁਜਨ ਭਾਈਚਾਰਾ ਤੇ ਸਿੱਖ ਸਮਾਜ ਇਕਮਿਕ ਹੈ। ਬਿਆਨ ਵਿਚ ਸਿੱਖ ਬੁੱਧੀਜੀਵੀਆਂ ਨੇ ਅੱਗੇ ਕਿਹਾ ਕਿ “ਅਸੀਂ ਸਿੱਖਾਂ ਸਮੇਤ ਪੰਜਾਬ ਦੇ ਸਮੂਹ ਗ਼ਰੀਬ ਤੇ ਜਾਤਪਾਤ ਦੇ ਸ਼ਿਕਾਰ ਦਲਿਤਾਂ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਨੂੰ ਮਨੂੰਵਾਦੀ ਵਿਵਸਥਾ ਦਾ ਵਿਰੋਧ ਕਰਕੇ ਆਪਸੀ ਭਾਈਚਾਰੇ ਵਾਲੇ ਰਾਜ ਪ੍ਰਬੰਧ ਦੀ ਸਥਾਪਤੀ ਲਈ ਲਾਮਬੰਦ ਹੋਣਾ ਚਾਹੀਦਾ ਹੈ”।


ਜਾਤ-ਪਾਤ ਦੇ ਵਿਰੋਧ ਦਾ ਇਤਿਹਾਸ (ਇਹ ਤਕਰੀਰ ਜਰੂਰ ਸੁਣੋ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,