ਖਾਸ ਖਬਰਾਂ » ਲੇਖ

ਤਿੰਨ ਗੋਲੀਆਂ ਤੇ ਤਿੰਨ ਬੀਬੀਆਂ: ਬਸਤਰ ਵਿਚਲੇ ਇਕ ਝੂਠੇ ਮੁਕਾਬਲੇ ਦੀ ਕਹਾਣੀ

December 9, 2019 | By

ਬੇਲਾ ਭਾਟੀਆ*

ਅਸੀਂ ਹਰ ਰੋਜ਼ ਕਈ ਕੁਝ ਕਰਦੇ ਹਾਂ ਪਰ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਕਿਹੜਾ ਕੀਤਾ ਜਾ ਰਿਹਾ ਕੰਮ ਸਾਡੇ ਵਲੋਂ ਕੀਤੇ ਜਾਣ ਵਾਲੀ ਆਖਰੀ ਚੀਜ ਹੋ ਜਾਵੇ। ਉਂਝ ਇਹ ਗੱਲ ਸਭਨਾ ਉੱਤੇ ਸਭ ਥਾਈਂ ਲਾਗੂ ਹੁੰਦੀ ਹੈ ਪਰ ਜਿਹੜੇ ਟਕਰਾਅ ਵਾਲੇ ਖਿੱਤਿਆਂ ਵਿਚ ਰਹਿੰਦੇ ਹਨ, ਜਿੱਥੇ ਕਿ ‘ਜੰਗ’ ਅਣਕਿਆਸੇ ਢੰਗ ਨਾਲ ਬਿਨਾ ਕਿਸੇ ਚੇਤਾਵਨੀ ਦੇ ਜਿੰਦਗੀ ਵਿਚ ਦਖਲ ਦੇ ਦਿੰਦੀ ਹੈ ਉਹਨਾਂ ਉੱਤੇ ਇਹ ਗੱਲ ਵਧੇਰੇ ਲਾਗੂ ਹੁੰਦੀ ਹੈ।

ਕੁਝ ਅਜਿਹਾ ਹੀ ਪੋਦਿਮਾ ਸੁੱਕੀ ਨਾਲ 2 ਫਰਵਰੀ 2019 ਦੀ ਉਸ ਸਵੇਰ ਨੂੰ ਵਾਪਰਿਆ ਜਦੋਂ ਉਹਨੇ ਆਪਣੇ ਘਰ ਵਿਚ ਚਾਰ ਬੱਚੇ ਸੁੱਤੇ ਛੱਡ ਕੇ ਕੁਹਾੜੀ ਚੁੱਕੀ ਅਤੇ ਆਪਣੇ ਮਹੱਲੇ ਦੀਆਂ ਦੋ ਹੋਰ ਬੀਬੀਆਂ, ਕਲਮੂ ਦੇਵੇ ਅਤੇ ਪੋਦਿਮਾਂ ਹੁੰਗੀ ਨਾਲ ਰਲ ਕੇ ਸੁਕਮਾ ਜਿਲ੍ਹੇ ਦੀ ਕੋਨਿਤਾ ਤਹਿਸੀਲ ਵਿਚ ਪੈਂਦੇ ਆਪਣੇ ਪਿੰਡ ਗੋਡੇਲਗੁਡਾ ਤੋਂ ਕੁਝ ਦੂਰ ਜੰਗਲ ਵਿਚ ਬਾਲਣ ਇਕੱਠਾ ਕਰਨ ਲਈ ਗਈ।

ਉਹ ਪਿੰਡ ਦਾ ਤਲਾਅ ਪਾਰ ਕਰਕੇ ਖੁੱਲ੍ਹੀ ਪਗਡੰਡੀ ’ਤੇ ਜਾ ਰਹੀਆਂ ਸਨ ਜਿਸ ਉੱਤੇ ਵਿਰਲੇ ਟਾਂਵੇ ਰੁੱਖ ਅਤੇ ਝਾੜੀਆਂ ਸਨ – ਤੇ ਹਾਲੀ ਪਿੰਡ ਤੋਂ ਅੱਧੇ ਕਿੱਲੋਮੀਟਰ ਤੋਂ ਦੂਰ ਨਹੀਂ ਸਨ ਆਈਆਂ ਕਿ ਜਦੋਂ ਉਹਨਾਂ ਫੌਜੀ ਦਸਤਿਆਂ ਨੂੰ ਦੂਜੇ ਪਾਸਿਓਂ ਆਉਂਦਿਆਂ ਵੇਖਿਆ। ਜਦੋਂ ਉਹਨਾਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਡਰ ਦੇ ਮਾਰੇ ਇੱਧਰ-ਉੱਧਰ ਵੇਖਣ ਲੱਗ ਪੱਈਆਂ। ਉਹਨਾਂ ਡਰੀਆਂ ਹੋਈਆਂ ਨੇ ਹੱਥਾਂ ਵਿਚ ਫੜੀਆਂ ਕੁਹਾੜੀਆਂ ਉਤਾਂਹ ਕਰਦਿਆਂ ਚੀਕ-ਚੀਕ ਕੇ ਕਿਹਾ ਕਿ ਉਹ ਸਿਰਫ ਬਾਲਣ ਵੱਢਣ ਆਈਆਂ ਹਨ। ਪਰ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਪਤਾ ਲੱਗਦਾ, ਸੁੱਕੀ ਅਤੇ ਦੇਵੇ ਦੇ ਗੱਲੀਆਂ ਆਣ ਵੱਜੀਆਂ ਅਤੇ ਹੁੰਗੀ ਸਿਰਫ ਆਪਣੇ ਮਧਰੇ ਕੱਦ ਕਰਕੇ ਬਚ ਗਈ।

ਸੁੱਕੀ ਦੀ ਡਿੱਗੀ ਹੋਈ ਕੁਹਾੜੀ

ਜਦੋਂ ਅਸੀਂ ਗੋਡੀਲਗੁਡਾ ਪੁੱਜੇ ਉਦੋਂ ਤੱਕ ਰਾਤ ਹੋ ਚੁੱਕੀ ਸੀ। ਮੋਟਰਸਾਇਕਲ ਦੀ ਬੱਤੀ ਨਾਲ ਹੋਰ ਰਹੇ ਚਾਨਣ ਨਾਲ ਅਸੀਂ ਘਰਾਂ ਅਤੇ ਵਿਹੜਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂ। ਅਸੀਂ ਇਕ ਘਰ ਕੋਲ ਖੁੱਲੀ ਥਾਂ ਵਿਚ ਰੁਕੇ ਜਿੱਥੇ ਕਿ ਕੁਝ ਬੀਬੀਆਂ ਭੁੰਜੇ ਬੈਠੀਆਂ ਸਨ। ਇਕ ਸੋਹਣਾ ਅਤੇ ਸਿਹਤਮੰਦ ਅਞਾਣਾ ਰੰਗਦਾਰ ਸੂਤੀ ਚਾਦਰ ਉੱਤੇ ਸੁੱਤਾ ਪਿਆ ਸੀ। ਤਿੰਨ ਕੁ ਮਹੀਨਿਆਂ ਦਾ ਇਹ ਬਾਲ ਇਹ ਸੁੱਕੀ ਦੇ ਚਾਰ ਬੱਚਿਆਂ ਵਿਚੋਂ ਸਭ ਤੋਂ ਛੋਟਾ ਸੀ।

ਸਾਡੇ ਵਿਚੋਂ ਕੁਝ ਉਹਨਾਂ ਪੀੜਿਆਂ ਉੱਤੇ ਬੈਠ ਗਏ ਜਿਹੜੇ ਕਿ ਦੇਵੇ ਅਤੇ ਹਿੰਗੀ ਸਾਡੇ ਵਾਸਤੇ ਲੈ ਕੇ ਆਈਆਂ। ਉਹਨਾਂ ਤੋਂ ਬਾਅਦ ਦੇਵਾ, ਸੁੱਕੀ ਦਾ ਘਰਵਾਲਾ ਆਪਣੇ ਤਿੰਨ ਨਿਆਇਆ ਨਾਲ ਆਇਆ; ਜਿਹਨਾਂ ਵਿਚੋਂ ਸਭ ਤੋਂ ਵੱਡਾ- ਜੋਗਾ, 6 ਕੁ ਸਾਲਾਂ ਦਾ ਹੈ। ਦੇਵੇ ਅਤੇ ਹੁੰਗੀ ਵੀਹਵਿਆਂ ਦੀ ਜਵਾਨ ਉਮਰ ਦੀਆਂ ਹਨ। ਉਸ ਸਵੇਰ ਜੋ ਕੁਝ ਵੀ ਹੋਇਆ ਸੀ, ਉਹ ਦੱਸਣ ਲੱਗਿਆਂ ਦੇਵੇ ਦੇ ਹਾਵਭਾਵ ਸਤਰਕ ਸਨ। “ਸੁੱਕੀ ਦੇ ਡਿੱਢ ਵਿਚ ਗੋਲੀ ਵੱਜੀ ਸੀ” ਉਹਨੇ ਕਿਹਾ। ਆਪਣੇ ਸੱਜੇ ਪੱਟ ਦੇ ਉੱਪਰਲੇ ਹਿੱਸੇ ਵੱਲ ਇਸ਼ਾਰਾ ਕਰਦਿਆਂ ਉਹਨੇ ਕਿਹਾ “ਮੇਰੇ ਇੱਥੇ (ਗੋਲੀ) ਵੱਜੀ ਸੀ ਅਤੇ ਮੈਂ ਬੇਹੋਸ਼ ਹੋ ਗਈ ਸਾਂ; ਸਿਰਫ ਹੁੰਗੀ ਹੀ ਬਚੀ ਸੀ ਜਿਹਨੇ ਸਾਡੀ ਮਦਦ ਕੀਤੀ”।

ਦੇਵੇ (ਖੱਬੇ) ਅਤੇ ਹਿੰਗੀ (ਸੱਜੇ)

ਹਿੰਗੀ, ਜਿਹਦਾ ਕੱਦ ਮਦਰਾ ਅਤੇ ਸਰੀਰ ਮਾੜਕੂ ਜਿਹਾ ਹੈ, ਤੇ ਜਿਹੜੀ ਹਾਲੀ ਵੀ ਘਬਰਾਈ ਹੋਈ ਸੀ, ਨੇ ਕਿਹਾ “ਮੈਂ ਕਿਸੇ ਤਰ੍ਹਾਂ ਦੇਵੇ ਨੂੰ ਖਿੱਚ-ਧੁਹ ਕੇ ਪਿੰਡ ਲੈ ਆਈ। ਜਦੋਂ ਅਸੀਂ ਸੁੱਕੀ ਨੂੰ ਛੱਡ ਕੇ ਆਈਆਂ ਤਾਂ ਆਪਣੀ ਮਾਂ ਨੂੰ ਅਵਾਜਾਂ ਮਾਰ ਰਹੀ ਸੀ ਅਤੇ ਪਾਣੀ ਮੰਗ ਰਹੀ ਸੀ”।

ਆਦਿਵਾਸੀ ਆਗੂ ਸੋਨੀ ਸੋਰੀ, ਜਿਹੜੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਆਦਿਵਾਦੀ ਕਾਰਕੁੰਨਾਂ ਨਾਲ ਘਟਨਾ ਤੋਂ ਬਾਅਦ ਇਸ ਪਿੰਡ ਵਿਚ ਗਈ ਸੀ, ਨੇ ਕਿਹਾ “ਘਟਨਾ ਦਾ ਪਤਾ ਲੱਗਣ ਉੱਤੇ ਪਿੰਡ ਦੀਆਂ ਕੁਝ ਜਨਾਨੀਆਂ ਸੁੱਕੀ ਵਾਸਤੇ ਪਾਣੀ ਲੈ ਕੇ ਘਟਨਾ ਵਾਲੀ ਥਾਂ ਉੱਤੇ ਗਈਆਂ ਤੇ ਉਹਨਾਂ ਵੇਖਿਆ ਕਿ ਫੌਜੀ ਉਹਨੂੰ ਮਾਓਵਾਦੀਆਂ ਦੀ ਵਰਦੀ ਪਾ ਰਹੇ ਸਨ। ਜਦੋਂ ਉਹਨਾਂ (ਬੀਬੀਆਂ ਨੇ) ਇਸ ਗੱਲ ਦਾ ਵਿਰੋਧ ਕੀਤਾ ਤਾਂ ਫੌਜੀਆਂ ਨੇ ੳਹਨੂੰ (ਸੁੱਕੀ ਨੂੰ) ਮੋਮੀ-ਚਾਦਰ (ਪੌਲੀਥੀਨ ਸ਼ੀਟ) ਵਿਚ ਲਪੇਟ ਲਿਆ, ਭਾਵੇਂ ਕਿ ਉਹ ਹਾਲੀ ਵੀ ਜਿੰਦਾ ਸੀ ਅਤੇ ਪਾਣੀ ਮੰਗ ਰਹੀ ਸੀ”।

ਦੇਵਾ (ਸੁੱਕੀ ਦਾ ਪਤੀ)

ਦੇਵਾ ਨੇ ਦੱਸਿਆ ਕਿ ਉਹਦੇ ਘਰਦਿਆਂ ਨੇ ਉਹਨੂੰ ਫੋਨ ਉੱਤੇ ਗੱਲ ਕਰਕੇ ਇਸ ਘਟਨਾ ਬਾਰੇ ਦੱਸਿਆ ਸੀ। ਉਸ ਉਦੋਂ ਤੇਲੰਨਗਾਨਾ ਵਿਚ ਸੀ ਜਿੱਥੇ ਕਿ ਉਹ ਹਾਲੀ ਦਸ ਕੁ ਦਿਨ ਪਹਿਲਾਂ ਹੀ ਖੇਤਾਂ ਵਿਚ ਮਜਦੂਰੀ ਕਰਨ ਲਈ ਗਿਆ ਸੀ। ਉਹਨੇ ਕਿਹਾ ਕਿ ਫੌਜੀ ਉਹਦੀ ਘਰਵਾਲੀ, ਜਿਹਦੀ ਉਮਰ 27 ਕੁ ਸਾਲ ਸੀ, ਨੂੰ ਆਪਣੇ ਨਾਲ ਸੀ.ਆਰ.ਪੀ.ਐਫ. ਦੇ ਪੁਸ਼ਵਾੜਾ ਕੈਂਪ ਵਿਚ ਇਹ ਕਹਿ ਕੇ ਲੈ ਗਏ ਕਿ ਉੱਥੇ ਹਸਪਤਾਲ ਹੈ।

ਕੁਝ ਹੋਰ ਤਸਵੀਰਾਂ

ਜਦੋਂ ਤੱਕ ਦੇਵਾ ਦੀ ਮਾਂ ਤੇ ਹੋਰ ਪਿੰਡ ਵਾਲੇ ਕੈਂਪ ਵਿਚ ਪੁੱਜੇ, ਸੁੱਕੀ ਦੀ ਮੌਤ ਹੋ ਚੁੱਕੀ ਸੀ। ਉਹਦੇ ਰਿਸ਼ਤੇਦਾਰਾਂ ਨੂੰ ਕਈ ਘੰਟੇ ਇੰਤਜਾਰ ਕਰਵਾਉਣ ਤੋਂ ਬਾਅਦ ਸੁੱਕੀ ਦੀ ਲਾਸ਼ ਉਸੇ ਦਿਨ ਦੇਰ ਰਾਤ ਨੂੰ ਵਾਪਸ ਦਿੱਤੀ ਗਈ। ਫੌਜ ਨੇ ਪਰਿਵਾਰ ਉੱਤੇ ਇਹ ਦਬਾਅ ਵੀ ਪਾਇਆ ਕਿ ਰਸਮੋ-ਰਿਵਾਜ਼ ਪੂਰੇ ਕੀਤੇ ਬਿਨਾ ਹੀ ਲਾਸ਼ ਦਾ ਛੇਤੀ ਸੰਸਕਾਰ ਕਰ ਦਿੱਤਾ ਜਾਵੇ।

ਮੁਕਾਬਲੇ ਵਿਚ ਮਾਰਿਆ, ਦੁਵੱਲੀ ਗੋਲੀਬਾਰੀ ਵਿਚ ਮਾਰਿਆਂ ਜਾਂ ਕਿ ਬੱਸ ਮਾਰ ਹੀ ਦਿੱਤਾ?

ਸਥਾਨਕ ਅਖਬਾਰਾਂ ਨੇ ਘਟਨਾ ਵਾਪਰਨ ਤੋਂ ਫੌਰਨ ਬਾਅਦ ਸੁਕਮਾ ਜਿਲ੍ਹੇ ਦੀ ਪੁਲਿਸ ਦੇ ਉਸ ਵੇਲੇ ਦੇ ਐਮ.ਪੀ. ਜਤਿੰਦਰ ਸ਼ੁਕਲਾ ਦੇ ਹਵਾਲੇ ਨਾਲ ਘਟਨਾ ਦੀ ਖਬਰ ਲਾ ਦਿੱਤੀ। ਐਸ.ਪੀ. ਨੇ ਪਹਿਲਾਂ ਇਹ ਦਾਅਵਾ ਕੀਤਾ ਕਿ ਪੁਸ਼ਵਾੜਾ ਕੈਂਪ ਤੋਂ ਸੀ.ਆਰ.ਪੀ.ਐਫ. ਵਾਲੇ ਅਤੇ ਜਿਲ੍ਹੇ ਦੀ ਪਲਿਸ ਦੇ ਬੰਦੇ ਰੰਗੀਗੌਂਡਾ ਦੇ ਜੰਗਲ ਵਿਚ ਇਲਾਕੇ ਉੱਤੇ ਆਪਣੇ ਦਬਦਬੇ ਦੀ ਬਰਕਰਾਰੀ ਦਰਸਾਉਣ ਦੀ ਕਵਾਇਦ ਤਹਿਤ ਗਏ ਸਨ ਅਤੇ ਉਹ ਉੱਥੋਂ ਵਾਪਸ ਆ ਰਹੇ ਸਨ ਜਦੋਂ ਕਿ ਉਹਨਾਂ ਦਾ ਗੋਡੇਲਗੁਡਾ ਨੇੜੇ ਮਾਓਵਾਦੀਆਂ ਨਾਲ ਮੁਕਾਬਲਾ ਹੋ ਗਿਆ ਜਿਹਦੇ ਵਿਚ ਇਕ ਨਕਸਲੀ ਜਨਾਨੀ ਮਾਰੀ ਗਈ ਅਤੇ ਇਕ ਹੋਰ ਨਕਸਲੀ ਜਨਾਨੀ ਜਖਮੀ ਹੋ ਗਈ ਜਿਸ ਨੂੰ ਕਿ ਫੜ੍ਹ ਲਿਆ ਗਿਆ।

ਸੁੱਕੀ ਦੇ ਚਾਰੇ ਬੱਚੇ

ਜਦੋਂ ਪੁਲਿਸ ਉੱਤੇ ਝੂਠੇ ਮੁਕਾਬਲੇ ਦੇ ਦੋਸ਼ ਲੱਗਣ ਲੱਗੇ ਤਾਂ ਐਸ.ਪੀ. ਨੇ ਆਪਣਾ ਬਿਆਨ ਬਦਲ ਦਿਆਂ ਮੰਨ ਲਿਆ ਕਿ ਉਹ ਆਮ ਜਨਾਨੀਆਂ ਸਨ (ਕਿ ਉਹ ਮਾਓਵਾਦੀ ਵਰਦੀ ਵਿਚ ਨਹੀਂ ਸਨ) ਅਤੇ ਦਾਅਵਾ ਕੀਤਾ ਕਿ ਉਹ ਮਾਓਵਾਦੀਆ ਨਾਲ ਮੁਕਾਬਲੇ ਵੇਲੇ ਦੁਵੱਲੀ ਗੋਲੀਬਾਰ ਦੀ ਮਾਰ ਵਿਚ ਆ ਗਈਆਂ।

ਹਾਲਾਂਕਿ, ਐਸ.ਪੀ. ਦੀ ਮੁਕਾਬਲੇ ਅਤੇ ਦੁਵੱਲੀ ਗੋਲੀਬਾਰੀ ਵਾਲੀ ਕਹਾਣੀ ਦੇਵੇ, ਹੁੰਗੀ ਅਤੇ ਹਰੋਨਾਂ ਪਿੰਡ ਵਾਲਿਆਂ ਵਲੋਂ ਬਿਆਨੇ ਹਾਲਾਤ- ਕਿ ਉਸ ਦਿਨ ਉੱਥੇ ਕੋਈ ਮਾਓਵਾਦੀ ਨਹੀਂ ਸਨ ਅਤੇ ਨਾ ਹੀ ਕੋਈ ਦੁਵੱਲੀ ਗੋਲੀਬਾਰੀ ਸੀ, ਨਾਲ ਮੇਲ ਨਹੀਂ ਖਾਂਦੀ। ਸੀ.ਪੀ.ਆਈ. (ਮਾਓਵਾਦੀ) ਦੀ ਕੋਂਟਾ ਇਲਾਕਾ ਕਮੇਟੀ ਦੇ ਸਕੱਤਰ ਵੱਲੋਂ ਇਹ 5 ਫਰਵਰੀ, 2019 ਨੂੰ ਇਕ ਬਿਆਨ ਜਾਰੀ ਕਰਕੇ ਤਸਦੀਕ ਕੀਤਾ ਕਿ ਉਸ ਦਿਨ ਇਸ ਇਲਾਕੇ ਵਿਚ ਮਾਓਵਾਦੀਆਂ ਵਲੋਂ ਕੋਈ ਹਿੱਲਜੁਲ ਨਹੀਂ ਸੀ ਕੀਤੀ ਜਾ ਰਹੀ।

ਜਿਹੜੇ ਸਥਾਨਕ ਪੱਤਰਕਾਰ ਘਟਨਾ ਵਾਲੀ ਥਾਂ ’ਤੇ ਗਏ ਉਹਨਾਂ ਵੇਖਿਆ ਕਿ ਉੱਥੇ ਕੁਹਾੜੇ ਡਿੱਗੇ ਪਏ ਸਨ ਪਰ ਹੈਰਾਨੀ ਦੀ ਗੱਲ ਸੀ ਕਿ ਘਾਹ ਜਾਂ ਜਮੀਨ ਉੱਤੇ ਖੂਨ ਦੇ ਨਿਸ਼ਾਨ ਨਹੀਂ ਸੀ, ਜੋ ਕਿ ਫੌਜੀਆਂ ਵਲੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਵੱਲ ਇਸ਼ਾਰਾ ਕਰ ਰਹੇ ਸਨ। ਉਹਨਾਂ ਵੇਖਿਆ ਕਿ “ਮੁਕਾਬਲੇ” ਵਾਲੀ ਥਾਂ ਜੰਗਲ ਨਹੀਂ ਸੀ, ਜਿਹਾ ਕਿ ਅਕਸਰ ਹੁੰਦਾ ਹੈ, ਬਲਕਿ ਖੁੱਲ੍ਹੀ ਥਾਂ ਸੀ ਜਿੱਥੇ ਕਿ ਆੜ ਲਈ ਵਿਰਲੇ ਟਾਂਵੇਂ ਰੁੱਖ ਹੀ ਸਨ।

ਮਾਮਲੇ ਦੇ ਤੱਥਾਂ ਤੋਂ ਸਪਸ਼ਟ ਸੀ ਕਿ ਉਸ ਸਵੇਰ ਨੂੰ ਖੁੱਲ੍ਹੀ ਥਾਂ ਵਿਚ ਤੁਰੀਆਂ ਆ ਰਹੀਆਂ ਤਿੰਨ ਜਨਾਨੀਆਂ ਉੱਤੇ ਮਿੱਥ ਕੇ ਤਿੰਨ ਗੋਲੀਆਂ ਚਲਾਈਆਂ ਗਈਆਂ ਤੇ ਉਸ ਜਵਾਨ ਬੀਬੀ ਨੂੰ ਮਾਓਵਾਦੀ ਹੋਣ ਦੇ ਬੇਬੁਨਿਆਦ ਛੱਕ ਕਰਕੇ ਮਾਰ ਦਿੱਤਾ ਗਿਆ।

ਇਨਸਾਫ ਵਜੋਂ ਮੁਆਵਜ਼ਾ?

ਕਵਾਸੀ ਲਖਮਾ, ਕੋਨਾਟਾ ਹਲਕੇ- ਜਿਹਦੇ ਵਿਚ ਕਿ ਗੋਡੀਲਗੋਡਾ ਪਿੰਡ ਪੈਂਦਾ ਹੈ, ਦੇ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਨੇ ਵੀ ਇਹ ਦਾਅਵਾ ਕੀਤਾ ਕਿ ਇਹ ਇਕ ਝੂਠਾ ਪੁਲਿਸ ਮੁਕਾਬਲਾ ਸੀ, ਅਤੇ ਪੀੜਤਾਵਾਂ ਆਮ ਪੇਂਡੂ ਬੀਬੀਆਂ ਸਨ, ਅਤੇ ਉਹਨਾਂ ਕੋਲੋਂ ਕੋਈ ਵੀ ਹਥਿਆਰ ਵਗੈਰਾ ਨਹੀਂ ਮਿਲੇ। 8 ਫਰਵਰੀ, 2019 ਨੂੰ ਮੁੱਖ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਉਹਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ “ਸਰਕਾਰ ਵਿਚ ਲੋਕਾਂ ਦੇ ਵਿਸ਼ਵਾਸ਼ ਨੂੰ ਖੋਰਾ ਲੱਗਦਾ ਹੈ”। ਬਲਕਿ, ਇਸ ਕਤਲ ਤੋਂ ਬਾਅਦ ਰੋਹ ਵਿਚ ਆਈਆਂ ਸਰਵ ਆਦਿਵਾਸੀ ਸਮਾਜ ਜਿਹੀਆਂ ਆਦਿਵਾਸੀ ਜਥੇਬੰਦੀਆਂ ਨੇ ਸੁਖਮਾ ਬੰਦ ਦਾ ਸੱਦਾ ਦੇ ਦਿੱਤਾ ਸੀ।

ਮਾਰੀ ਗਈ ਅਤੇ ਜਖਮੀ ਹੋਈਆਂ ਬੀਬੀਆਂ ਦੇ ਪਰਿਵਾਰਾਂ ਨੂੰ ਕਵਾਸੀ ਲਖਮਾ ਕੋਲੋਂ ਮੁਆਵਜਾ ਮਿਲਿਆ ਹੈ (ਰੁ. 5 ਲੱਖ ਮ੍ਰਿਤਕ ਦੇ ਪਰਿਵਾਰ ਨੂੰ ਅਤੇ ਰੁ. 1 ਲੱਖ ਜਖਮੀ ਦੇ ਪਰਿਵਾਰ ਨੂੰ)। ਜਿਲ੍ਹਾ ਪ੍ਰਸ਼ਾਸਨ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਰੁ: 25,000/- ਅਤੇ ਜਖਮੀ ਦੇ ਪਰਿਵਾਰ ਨੂੰ ਰੁ: 20,000/- ਮੁਆਵਜੇ ਵਜੋ ਦਿੱਤੇ ਗਏ ਹਨ। ਐਸ.ਪੀ. ਜਤਿੰਦਰ ਸ਼ੁਕਲਾ ਨੇ ਘਟਨਾ ਦੇ ਤਿੰਨ ਦਿਨ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਘਟਨਾ ਬਾਰੇ ‘ਅਣਪਛਾਤੇ ਬੰਦਿਆਂ’ ਖਿਲਾਫ ਪੋਲੳਮਪੱਲੀ ਠਾਣੇ ਵਿਚ ਕਤਲ ਦਾ ਮੁਕਦਮਾ ਕਰਕੇ ਇਸ ਦੀ ਨਿਆਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਘਟਨਾ ਦੇ ਦੋ ਮਹੀਨੇ ਬਾਅਦ ਵੀ ਜਾਂਚ ਦੀ ਕਾਰਵਾਈ ਬਾਰੇ ਕੋਈ ਖਬਰ ਨਹੀਂ ਸੀ।

ਬਸਤਰ ਵਿਚ ਅਜਿਹੀਆਂ ਜਾਂਚਾਂ ਉੱਤੋਂ (ਲੋਕਾਂ ਦਾ) ਭਰੋਸਾ ਡੋਲ ਗਿਆ ਹੈ, (ਜਿਸਦੇ) ਕਾਰਨ (ਸਹਿਜੇ ਹੀ) ਸਮਝੇ ਜਾ ਸਕਦੇ ਹਨ। ਜਿਹਾ ਕਿ ਆਦਿਵਾਸੀ ਕਾਰਕੁੰਨ ਅਤੇ ਪੱਤਰਕਾਰ ਲੰਿਗਾਰਾਮ ਕੋਦੋਪੀ ਕਹਿੰਦਾ ਹੈ (ਲੋਕਾਂ ਵਿਚ) ਬੇਭਰੋਸਗੀ ਦੀ ਭਾਵਨਾ ਪੱਸਰੀ ਹੋਈ ਹੈ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਉਹਦਾ ਕਹਿਣਾ ਹੈ ਕਿ “ਅਜਿਹੀਆਂ ਜਾਂਚਾਂ ਦਾ ਮਤਲਬ ਬਣਦਾ ਹੈ ਜਿੱਥੇ ਕਿ ਪੁਲਿਸ ਵਧੀਕੀ ਦੇ ਮਾਮਲੇ ਵਿਚ ਪੁਲਿਸ ਹੀ ਜਾਂਚ ਕਰਦੀ ਹੈ ਤੇ ਉਹ ਵੀ ਜਦੋਂ ਕਿ ਸਾਰਾ ਕੁਝ (ਪਹਿਲਾਂ ਹੀ) ਮੁੱਢ ਤੋਂ ਹੀ ਪਤਾ ਹੈ? ਇਹ ਸਭ ਅੱਖਾਂ ਪੂੰਝਣ ਦੀਆਂ ਕਾਰਵਾਈਆਂ ਹਨ ਅਤੇ ਛੇਤੀ ਹੀ ਠੰਡੇ ਬਸਤੇ ਵਿਚ ਪਾ ਦਿੱਤੀਆਂ ਜਾਂਦੀਆਂ ਹਨ”।

ਉਹਨੇ ਅੱਗੇ ਕਿਹਾ ਕਿ “ਜਦੋਂ ਫੌਜਾਂ ਮਾਓਵਾਦੀਆਂ ਖਿਲਾਫ ਮੁਹਿੰਮ ਉੱਤੇ ਜੰਗਲ ਵਿਚ ਜਾਂਦੀਆਂ ਹਨ ਤਾਂ ਸ਼ਾਇਦ ਫੌਜੀ ਇਹ ਸੋਚ ਕੇ ਜਾਂਦੇ ਹਨ ਕਿ ਉਹ ਸ਼ਿਕਾਰ ਉੱਤੇ ਜਾ ਰਹੇ ਨੇ। ਇਸੇ ਲਈ ਫੌਜੀ ਬੰਦੂਕ ਦੇ ਨਾਲ-ਨਾਲ ਮੋਮੀ ਚਾਦਰ ਅਤੇ ਰੱਸੀ ਵੀ ਲੈ ਕੇ ਜਾਂਦੇ ਹਨ। ਸ਼ਿਕਾਰ ਤੋਂ ਬਾਅਦ ਮਾਰੇ ਗਏ ਆਦਿਵਾਸੀਆਂ ਦੀਆਂ ਲਾਸ਼ਾਂ ਇਹਨਾਂ ਮੋਮੀ ਚਾਦਰਾਂ ਵਿਚ ਲਵੇਟ ਕੇ ਰੱਸੀਆਂ ਨਾਲ ਬੰਨ੍ਹ ਲੱਈਆਂ ਜਾਂਦੀਆਂ ਹਨ ਅਤੇ ਫਿਰ ਪੱਤਰਕਾਰਾਂ ਮੂਹਰੇ ਉਹਨਾਂ ਦੀ ਨੁਮਾਇਸ਼ ਲਾਈ ਜਾਂਦੀ ਹੈ”।

ਜੇਕਰ ਬਸਤਰ ਵਿਚ ਕਾਨੂੰਨ ਦਾ ਰਾਜ ਚੱਲਦਾ ਹੁੰਦਾ ਤਾਂ ਸੀ.ਆਰ.ਪੀ.ਐਫ. ਵਾਲਿਆਂ ਜਿਨ੍ਹਾਂ ਕਿ ਉਹ ਤਿੰਨ ਗੋਲੀਆਂ ਚਲਾਈਆਂ ਸਨ, ਨੂੰ ਕਤਲ ਲਈ ਧਾਰਾ 302 ਅਤੇ ਇਰਾਦਾ-ਕਤਲ ਲਈ ਧਾਰਾ 307 ਦਾ ਮਾਮਲਾ ਦਰਜ਼ ਕਰਕੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਉਵੇਂ ਹੀ ਮੁਕਦਮਾ ਚਲਾਇਆ ਜਾਣਾ ਸੀ, ਜਿਵੇਂ ਕਿ ਹੋਰਨਾਂ ਉੱਤੇ ਚਾਲਇਆ ਜਾਂਦਾ ਹੈ। ਪਰ ਬਸਤਰ ਵਿਚ ਕਾਨੂੰਨ ਦਾ ਰਾਜ ਨਹੀਂ ਚੱਲਦਾ।

* ਬੇਲਾ ਭਾਟੀਆਂ ਦੀ ਉਕਤ ਲਿਖਤ ‘ਦ ਵਾਇਰ’ ਵਿਚ 26 ਅਪਰੈਲ 2019 ਨੂੰ ਛਪੀ ਸੀ। ਇਸ ਲਿਖਤ ਦਾ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ ਸਿੱਖ ਸਿਆਸਤ ਵੱਲੋਂ ਕੀਤਾ ਗਿਆ ਹੈ। ਪੰਜਾਬੀ ਉਲੱਥਾ ਕਰਨ ਵੇਲੇ ਮੂਲ ਲਿਖਤ ਦੇ ਭਾਵ ਨੂੰ ਧਿਆਨ ਵਿਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਮੁਲ ਲਿਖਤ ‘ਇਹ ਤੰਦ’ ਛੂਹ ਕੇ ਪੜ੍ਹੀ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,