ਖਾਸ ਖਬਰਾਂ » ਸਿਆਸੀ ਖਬਰਾਂ

ਇਰਾਨ-ਅਮਰੀਕਾ ਤਣਾਅ ਦਿੱਲੀ ਦਰਬਾਰ ਲਈ ਕਸੂਤੀ ਹਾਲਤ ਕਿਵੇਂ ਪੈਦਾ ਕਰ ਰਿਹਾ ਹੈ? (ਖਾਸ ਪੜਚੋਲ)

January 7, 2020 | By

ਦਿੱਲੀ ਦਰਬਾਰ ਨੇ ਈਰਾਨੀ ਫੌਜ ਦੇ ਆਗੂ ਮੇਜਰ ਜਨਰਲ ਕਾਸਿਮ ਸੁਲੇਮਾਨੀ, ਜੋ ਕਿ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕਾਰਪਸ ਦੀ ‘ਕੁਦਸ ਫੋਰਸ’ ਦਾ ਮੁਖੀ ਸੀ, ਨੂੰ ਅਮਰੀਕਾ ਵੱਲੋਂ ਹਵਾਈ ਹਮਲਾ ਕਰਕੇ ਖਤਮ ਕਰਨ ਬਾਰੇ ਬਹੁਤ ਇਹਤਿਆਤ ਨਾਲ ਲਿਖਿਆ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚੋਂ ਦਿੱਲੀ ਦਰਬਾਰ ਦੀ ਮੱਧ ਪੂਰਬ ਦੇ ਖਿੱਤੇ ਵਿੱਚ ਵਧਣ ਵਾਲੇ ਕਿਸੇ ਵੀ ਤਣਾਅ ਬਾਰੇ ਚਿੰਤਾ ਜਾਹਿਰ ਹੁੰਦੀ ਹੈ ਕਿਉਂਕਿ ਇਸ ਖਿੱਤੇ ਵਿੱਚ ਕਈ ਕਾਰਨਾਂ ਕਰਕੇ ਇਸਦੀ ਖਾਸੀ ਰੁਚੀ ਹੈ। ਇਹ ਖਿੱਤਾ ਦਿੱਲੀ ਦਰਬਾਰ ਲਈ ਕਈ ਕਾਰਨਾਂ ਕਰਕੇ ਅਹਿਮ ਹੈ।

ਦਿੱਲੀ ਦਰਬਾਰ ਲਈ ਬਹੁਤਾ ਤੇਲ ਅਤੇ ਗੈਸ ਖਾੜੀ ਖੇਤਰ ਤੋਂ ਹੀ ਆਉਂਦਾ ਹੈ।

ਲੰਘੇ ਨਵੰਬਰ ਮਹੀਨੇ ਵਿੱਚ ਦਿੱਲੀ ਦਰਬਾਰ ਵਲੋਂ ਬਾਹਰੋਂ ਮੰਗਵਾਏ ਤੇਲ ਦਾ 68% ਇਕੱਲੇ ਮੱਧ ਪੂਰਬੀ ਖਿੱਤੇ ਵਿਚੋਂ ਹੀ ਆਇਆ ਸੀ।

ਹਾਲੀਆ ਦਿਨਾਂ ਦੇ ਤਣਾਅ ਦੇ ਨਤੀਜੇ ਵਜੋਂ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 4 ਡਾਲਰ ਵੱਧ ਗਈ ਹੈ, ਅਤੇ ਜੇਕਰ ਇਹ ਤਣਾਅ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤਾਂ ਇਹ ਕੀਮਤ ਹੋਰ ਵਧਣ ਨਾਲ ਭਾਰਤੀ ਉਪਮਹਾਂਦੀਪ ਵਿਚ ਮਹਿੰਗਾਈ ਹੋਰ ਵਧੇਗੀ।
ਪਰ ਜੇਕਰ ਇਹ ਹਾਲਤ ਦੇ ਨਤੀਜੇ ਵਜੋਂ ਇਸ ਖੇਤਰ ਵਿਚ ਕਿਸੇ ਤਰ੍ਹਾਂ ਦੀ ਸਮੁੰਦਰੀ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਦਿੱਲੀ ਦਰਬਾਰ ਲਈ ਕੱਚੇ ਤੇਲ ਦੀ ਆਮਦ ਬਰਕਰਾਰ ਰੱਖਣਾ ਹੀ ਮੁਸ਼ਕਿਲ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਇਥੇ ਦੀ ਸਾਰੀ ਕਾਰਖਾਨੇਦਾਰੀ ਹੀ ਮਾਰ ਹੇਠ ਆ ਸਕਦੀ ਹੈ।
ਖਾੜੀ (ਗਲਫ) ਖਿੱਤੇ ਵਿੱਚ ਹੀ ਇਸ ਮੁਲਕ ਦੇ 85 ਲੱਖ ਨਾਗਰਿਕ ਹਨ, ਜਿਹੜੇ ਕਿ ਹਰ ਸਾਲ ਕਰੀਬ 40 ਬਿਲੀਅਨ ਡਾਲਰ ਵਾਪਸ ਭਾਰਤੀ ਉਪਮਹਾਂਦੀਪ ਵਿੱਚ ਭੇਜਦੇ ਹਨ।

ਈਰਾਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਤਣਾਅ ਕਰਕੇ ਦਿੱਲੀ ਦਰਬਾਰ ਉੱਤੇ ਪੈਣ ਵਾਲੇ ਆਰਥਿਕ ਅਸਰਾਂ ਦਾ ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਕਿ ਦਿੱਲੀ ਦਰਬਾਰ ਦਾ ਆਪਣਾ ਅਰਥਚਾਰਾ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ।

ਇਸ ਤੋਂ ਇਲਾਵਾ ਉਕਤ ਖੇਤਰ ਦਿੱਲੀ ਦਰਬਾਰ ਲਈ ਵੱਧ ਰਹੇ ਨਿਵੇਸ਼ ਦਾ ਵੀ ਸਰੋਤ ਹੈ।

ਦਿੱਲੀ ਦਰਬਾਰ ਈਰਾਨ ਦੀ ਚਾਬਾਹਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਤੱਕ ਪਹੁੰਚ ਦਾ ਰਾਹ ਬਣਾਉਣ ਲਈ ਯਤਨਸ਼ੀਲ ਹੈ। ਤਣਾਉ ਵੱਧਣ ਦੀ ਸਥਿਤੀ ਵਿੱਚ ਇਸ ਰਾਹ ਦੀਆ ਸੰਭਾਵਨਾਵਾਂ ਬਹੁਤ ਘੱਟ ਜਾਣਗੀਆਂ।

ਇਸ ਤੋਂ ਇਲਾਵਾ ਜਦੋਂ ਵੀ ਇਸ ਸਾਰੇ ਖਿੱਤੇ ਵਿੱਚ ਤਣਾਅ ਅਤੇ ਟਕਰਾਅ ਵਧਦਾ ਹੈ ਤਾਂ ਪਾਕਿਸਤਾਨ ਅਮਰੀਕਾ ਲਈ ਵੱਧ ਮਹੱਤਵਪੂਰਨ ਹੋ ਜਾਂਦਾ ਹੈ।

ਦਿੱਲੀ ਦਰਬਾਰ ਦੇ ਇਰਾਨ ਅਤੇ ਅਮਰੀਕਾ ਦੋਵਾਂ ਨਾਲ ਹੀ ਤਾਲੁਕਾਤ ਹਨ। ਦਿੱਲੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਨ੍ਹਾਂ ਸਬੰਧਾਂ ਵਿੱਚ ਤਵਾਜ਼ਨ ਬਣਾਇਆ ਜਾਵੇ ਤਾਂ ਕਿ ਦੋਵਾਂ ਕੋਲੋਂ ਉਸ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਹਾਲ ਵਿੱਚ ਹੀ ਜਦੋਂ ਦਿੱਲੀ ਦਰਬਾਰ ਦੇ ਵਿਦੇਸ਼ ਮਾਮਲਿਆਂ ਦੇ ਵਜੀਰ ਨੇ ਵਾਸ਼ਿੰਗਟਨ ਦਾ ਦੌਰਾ ਕੀਤਾ ਸੀ ਤਾਂ ਉਸ ਤੋਂ ਛੇਤੀ ਬਾਅਦ ਹੀ ਉਸ ਨੇ ਈਰਾਨ ਅਤੇ ਓਮਾਨ ਦਾ ਦੌਰਾ ਵੀ ਕੀਤਾ।

ਆਪਣੀਆਂ ਗਰਜ਼ਾਂ ਦੀ ਰਾਖੀ ਲਈ ਦਿੱਲੀ ਦਰਬਾਰ ਵਾਸ਼ਿੰਗਟਨ ਅਤੇ ਤਹਿਰਾਨ ਦਰਮਿਆਨ ਸਬੰਧਾਂ ਦਾ ਤਵਾਜ਼ਨ ਕਾਇਮ ਰੱਖਣ ਲਈ ਰੱਸੀ ਉੱਤੇ ਤੁਰਨ ਵਾਙ ਕੋਸ਼ਿਸ਼ਾਂ ਕਰਦਾ ਰਿਹਾ ਹੈ। ਹੁਣ ਜੇਕਰ ਇਸ ਖਿੱਤੇ ਵਿੱਚ ਟਕਰਾਅ ਹੋਰ ਵਧਦਾ ਹੈ ਤਾਂ ਦਿੱਲੀ ਉੱਪਰ ਦਬਾਅ ਪਵੇਗਾ ਕਿ ਉਹ ਕਿਸੇ ਇੱਕ ਧਿਰ ਵੱਲ ਖੜ੍ਹੇ ਅਤੇ ਦੂਜੇ ਦਾ ਸਾਥ ਛੱਡ ਦੇਵੇ। ਇਹ ਗੱਲ ਦਿੱਲੀ ਦਰਬਾਰ ਨੂੰ ਕਸੂਤੀ ਹਾਲਤ ਵਿੱਚ ਫਸਾ ਦੇਵੇਗੀ ਜਿਸ ਤੋਂ ਉਹ ਹੁਣ ਤੱਕ ਬਚਦਾ ਆ ਰਿਹਾ ਹੈ।
ਹੁਣ ਤੱਕ ਦਿੱਲੀ ਦਰਬਾਰ ਨੇ ਜੋ ਇੱਕ ਪੱਤਾ ਖੇਲ੍ਹਿਆ ਹੈ ਉਹ ਇਹ ਹੈ ਕਿ ਇਹਨੇ ਅਮਰੀਕਾ ਦੀ ਕਾਰਵਾਈ ਦੀ ਖੁੱਲ੍ਹ ਕੇ ਨਿੰਦਾ ਕਰਨ ਤੋਂ ਟਾਲਾ ਵੱਟਿਆ ਹੈ। ਭਾਵੇਂ ਕਿ ਦਿੱਲੀ ਦਰਬਾਰ ਵਾਸਤੇ ਈਰਾਨ ਨਾਲ ਤਾਲੁਕਾਤ ਵੀ ਮਹੱਤਵਪੂਰਨ ਹਨ ਪਰ ਅਮਰੀਕਾ ਨਾਲ ਇਸ ਦਾ ਸਬੰਧ ਵਧੇਰੇ ਨੇੜਲਾ ਹੈ।

ਅਜਿਹਾ ਨਹੀਂ ਹੈ ਕਿ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਵਿੱਚ ਕੋਈ ਦਿੱਕਤਾਂ ਨਹੀਂ ਹਨ ਪਰ ਵਾਸ਼ਿੰਗਟਨ ਦਿੱਲੀ ਦਰਬਾਰ ਵਾਸਤੇ ਵਧੇਰੇ ਮਹੱਤਵਪੂਰਨ ਭਾਈਵਾਲ ਹੈ। ਆਪਣੇ ਬਿਆਨ ਵਿੱਚ ਨਵੀਂ ਦਿੱਲੀ ਨੇ ਅਮਰੀਕਾ ਅਤੇ ਈਰਾਨ ਨਾਲ ਆਪਣੇ ਸੰਬੰਧਾਂ ਵਿਚਕਾਰ ਇੱਕ ਤਵਾਜਨ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਜਿੱਥੇ ਇਸ ਬਿਆਨ ਵਿੱਚ ਸੁਲੇਮਾਨੀ ਨੂੰ “ਉੱਚ ਇਰਾਨੀ ਆਗੂ” ਕਿਹਾ ਗਿਆ ਹੈ ਉੱਥੇ ਇਸ ਬਿਆਨ ਵਿੱਚ “ਮੌਤ” (ਕਿਲਿੰਗ) ਸ਼ਬਦ ਵਰਤਿਆ ਗਿਆ ਹੈ ਨਾ ਕਿ “ਕਤਲ” (ਅਸੈਸੀਨੇਸ਼ਨ)

ਬਿਆਨ ਵਿੱਚ ਤਣਾਅ ਦੇ ਵਾਧੇ ਦਾ ਜ਼ਿਕਰ ਕਰਨ ਲੱਗਿਆਂ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਇਹ ਤਣਾਅ ਕਿਸ ਦੀ ਕਾਰਵਾਈ ਨਾਲ ਵੱਧ ਰਿਹਾ ਹੈ।

ਇਸ ਬਿਆਨ ਵਿੱਚ ਸੰਜਮ ਰੱਖਣ ਦੀ ਵਕਾਲਤ ਕੀਤੀ ਗਈ ਹੈ ਪਰ ਇਸ ਸੰਦਰਭ ਵਿੱਚ ਅਮਰੀਕਾ ਦਾ ਨਾਂ ਨਹੀਂ ਲਿਆ ਗਿਆ, ਜਿਹਾ ਕਿ ਚੀਨ ਵੱਲੋਂ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਈਰਾਨ ਦੇ ਉਲਟ ਟਰੰਪ ਪ੍ਰਸ਼ਾਸਨ ਨੇ ਆਪ ਭਾਰਤ ਵੱਲੋਂ ਪਾਕਿਸਤਾਨ ਨਾਲ ਨਿਯੰਤਰਣ ਰੇਖਾ ਦੇ ਦੂਜੇ ਪਾਸੇ ਕੀਤੀ ਫੌਜੀ ਕਾਰਵਾਈ (ਬਾਲਕੋਟ) ਕਰਨ, ਭਾਰਤੀ ਸੰਵਿਧਾਨ ਬਦਲ ਕੇ ਜੰਮੂ ਅਤੇ ਕਸ਼ਮੀਰ ਦਾ ਖਾਸ ਰੁਤਬਾ ਖਤਮ ਕਰਨ, ਅਤੇ ਨਾਗਰਿਕਤਾ ਸੋਧ ਕਾਨੂੰਨ ਬਣਾਉਣ ਜਿਹੇ ਮਾਮਲਿਆਂ ਵਿੱਚ ਦਿੱਲੀ ਦਰਬਾਰ ਦੀ ਖੁੱਲ੍ਹੀ ਨਿਖੇਧੀ ਨਹੀਂ ਕੀਤੀ। ਬਲਕਿ ਪਹਿਲੇ ਦੋ ਮਾਮਲਿਆਂ ਵਿੱਚ ਤਾਂ ਅਮਰੀਕਾ ਨੇ ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਵਿੱਚ ਦਿੱਲੀ ਦਰਬਾਰ ਦਾ ਪੱਖ ਹੀ ਪੂਰਿਆ ਹੈ। ਇਹ ਹਾਲਾਤ ਵਿੱਚ ਨਾ ਸਿਰਫ ਟਰੰਪ ਪ੍ਰਸ਼ਾਸਨ ਦਿੱਲੀ ਦਰਬਾਰ ਦੇ ਪ੍ਰਤੀਕਰਮ ਤੋਂ ਆਪਣੇ ਪੱਖ ਵਿੱਚ ਉਮੀਦ ਰੱਖੇਗਾ ਬਲਕਿ ਦਿੱਲੀ ਵੀ ਕੋਈ ਪ੍ਰਤੀਕਰਮ ਦੇਣ ਲੱਗਿਆਂ ਇਹ ਗੱਲ ਦਾ ਧਿਆਨ ਰੱਖੇਗੀ।

ਕੁੱਲ ਮਿਲਾ ਕੇ ਹਾਲੀਆ ਤੌਰ ਉੱਤੇ ਦਿੱਲੀ ਦਰਬਾਰ ਅਮਰੀਕਾ ਅਤੇ ਇਰਾਨ ਘਟਨਾਕ੍ਰਮ ਉੱਤੇ ਨਿਗ੍ਹਾ ਰੱਖਦਿਆਂ ਉਮੀਦ ਕਰੇਗਾ ਕਿ ਹਾਲਾਤ ਹੋਰ ਬਦਤਰ ਨਾ ਹੋਣ ਕਿਉਂਕਿ ਇਸ ਨਾਲ ਦਿੱਲੀ ਦਰਬਾਰ ਦੇ ਵਕਤੀ ਸਰੋਕਾਰ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਇਸ ਦੇ ਦੂਰਗਾਮੀ ਅਸਰ ਵੀ ਪੈਣਗੇ।
ਦਿੱਲੀ ਦਰਬਾਰ ਦੀ ਇੱਛਾ ਰਹੀ ਹੈ ਕਿ ਅਮਰੀਕਾ ਚੀਨ ਦੀ ਚੁਣੌਤੀ ਵੱਲ ਵਧੇਰੇ ਧਿਆਨ ਦੇਵੇ ਕਿਉਂਕਿ ਦਿੱਲੀ ਦਰਬਾਰ ਨੂੰ ਇਹ ਆਸ ਹੈ ਕਿ ਚੀਨ ਦੀ ਵਧ ਰਹੀ ਤਾਕਤ ਅਤੇ ਅਸਰ-ਰਸੂਖ ਨੂੰ ਘਟਾਉਣ ਹਿਤ ਅਮਰੀਕਾ ਦਿੱਲੀ ਦਰਬਾਰ ਦੀ ਪਿੱਠ ਥਾਪੜੇਗਾ।

ਜਿਹਾ ਕਿ ਅਫਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਨੇ ਦਰਸਾਇਆ ਹੈ ਜਦੋਂ-ਜਦੋਂ ਅਮਰੀਕਾ ਹੋਰਨਾਂ ਖੇਤਰਾਂ ਵਿਚ ਉਲਝਦਾ ਰਿਹਾ ਹੈ ਉਸ ਵੇਲੇ ਚੀਨ ਆਪਣਾ ਪ੍ਰਭਾਵ ਵਧਾਉਂਦਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,