ਸਿੱਖ ਖਬਰਾਂ

ਪੰਜ ਵਿਕਾਰਾਂ ਨੂੰ ਭੜਕਾਉਣ ਵਾਲੇ ਪੀਟੀਸੀ ਉੱਤੋਂ ਗੁਰਬਾਣੀ ਪ੍ਰਸਾਰਣ ਬੰਦ ਕੀਤਾ ਜਾਵੇ : ਅਮਰੀਕਨ ਸਿੱਖ ਜਥੇਬੰਦੀਆਂ

January 20, 2020 | By

ਅਮਰੀਕਾ : 19 ਜਨਵਰੀ ਨੂੰ  ਨਿਊਯਾਰਕ ਅਤੇ ਨਿਊਜਰਸੀ ਦੇ ਸਮੂਹ ਗੁਰਦੁਆਰਿਆਂ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕਤਰਤਾ ਹੋਈ । ਇਸ ਇਕਤਰਤਾ ਦਾ ਮਜ਼ਬੂਨ ਨਿੱਜੀ ਚੈਨਲ ਪੀ.ਟੀ.ਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਹੁੰਦੀ ਗੁਰਬਾਣੀ ਨੂੰ ਆਪਣੀ ਬੋਧਿਕ ਜਾਇਦਾਦ ਦੱਸਣਾ ਸੀ। ਇਸ ਮਾਮਲੇ ਉੱਤੇ ਗੁਰਮਤਿ ਸਿਧਾਤਾਂ ਨੂੰ ਮੁੱਖ ਰੱਖ ਕੇ ਗੰਭੀਰ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮਾਮਲੇ ਉੱਤੇ ਸਿੱਖ ਵਿਦਵਾਨਾਂ ਨਾਲ ਰਾਏ ਮਸ਼ਵਰਾ ਵੀ ਕੀਤਾ ਗਿਆ । ਇਹ ਸਾਰਾ ਮਸਲਾ ਸਿੱਖ ਭਾਵਨਾਵਾਂ ਨਾਲ ਸਿੱਧਾ ਜੁੜਿਆ ਹੋਇਆ ਹੈ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਤੇ ਇਕ ਡੂੰਘੀ ਵਿਚਾਰ ਚਰਚਾ ਕਰਨ ਤੋਂ ਬਾਅਦ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪ੍ਰਵਾਨ ਕੀਤੇ ਗਏ :

ਮਤਾ 1 ਗੁਰਬਾਣੀ ਅਕਾਲ ਪੁਰਖ ਦਾ ਹੁਕਮ ਹੈ। ਗੁਰਬਾਣੀ, ਜਿਸ ਬਾਰੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੇ ਆਪ ਸਪੱਸ਼ਟ ਕੀਤਾ ਹੈ : ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।, ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨਾ ਕੋਈ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।। ਪੀ.ਟੀ.ਸੀ ਅਤੇ ਇਸ ਦੇ ਮੁਖੀ ਰਵਿੰਦਰ ਨਰਾਇਣ ਵਲੋਂ ਗੁਰਬਾਣੀ ਨੂੰ ਆਪਣੀ ਬੋਧਿਕ ਜਾਇਦਾਦ ਦੱਸ ਕੇ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਹੈ।

ਮਤਾ 2 ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੀ.ਟੀ.ਸੀ ਚੈਨਲ ਅਤੇ ਇਸ ਦੇ ਮੁਖੀ ਰਵਿੰਦਰ ਨਰਾਇਣ ਖਿਲਾਫ ਗੁਰਬਾਣੀ ਦੀ ਬੇਅਦਬੀ ਕਰਨ ਵਿਰੁਧ ਠੋਸ ਕਾਰਵਾਈ ਕੀਤੀ ਜਾਵੇ।

ਮਤਾ 3 ਪੀ.ਟੀ.ਸੀ. ਦੇ ਜਿਸ ਚੈਨਲ ਉੱਤੇ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਸਾਰਣ ਹੁੰਦਾ ਹੈ ਉਸ ਚੈਨਲ ਉੱਤੇ ਬਾਅਦ ਵਿਚ ਗੁਰਮਤਿ ਜੀਵਨ ਜੁਗਤ ਦੇ ਉਲਟ ਜਾ ਕੇ ਪੰਜਾਂ ਵਿਕਾਰਾਂ ਨੂੰ ਭੜਕਾਉਣ ਵਾਲੇ ਗੀਤ ਨਾਚ ਦਿਖਾਏ ਜਾਂਦੇ ਹਨ ਇਸ ਲਈ ਪੀ.ਟੀ.ਸੀ ਤੋਂ ਗੁਰਬਾਣੀ ਦਾ ਪ੍ਰਸਾਰਣ ਬੰਦ ਕੀਤਾ ਜਾਵੇ।

ਮਤਾ 4 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਗੁਰਬਾਣੀ ਕੀਰਤਨ, ਹੁਕਮਨਾਮਾ ਸਾਹਿਬ ਅਤੇ ਕਥਾ ਵਿਚਾਰ ਨੂੰ ਸੰਸਾਰ ਪੱਧਰ ਤੱਕ ਪਹੁੰਚਾਉਣ ਲਈ ਆਪਣਾ ਇੱਕ ਨਿਰੋਲ ਗੁਰਮਤਿ ਚੈਨਲ ਅਤੇ ਆਪ ਇਕ ਕੰਟਰੋਲ ਰੂਮ ਬਣਾ ਕੇ ਹਾਈ ਕੁਆਲਿਟੀ ਪ੍ਰਸਾਰਣ ਵੈਬ ਸਰਵਰ, ਯੂ-ਟਿਊਬ ਅਤੇ ਹੋਰਨਾਂ ਸਾਧਨਾਂ ਰਾਹੀਂ ਪ੍ਰਸਾਰਿਤ ਕਰੇ ਅਤੇ ਸੇਵਾ ਭਾਵਨਾ ਵਿੱਚ ਫੇਸਬੁੱਕ, ਵੈਬ-ਸਰਵਰ ਵਗੈਰਾ ਉੱਤੇ ਪਾਉਣ ਦੀ ਖੁੱਲ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,