ਸਾਹਿਤਕ ਕੋਨਾ

ਅੰਨਿਆਂ ਦਾ ਹਾਥੀ (ਕਵਿਤਾ)- ਸੁਖਵਿੰਦਰ ਸਿੰਘ ਰਟੌਲ

February 28, 2020 | By

ਅੰਨਿਆਂ ਦਾ ਹਾਥੀ (ਕਵਿਤਾ)

 

ਅੰਨ੍ਹੇ ਬੰਦੇ ਪੰਜ ਛੇ ਸਾਥੀ।

ਰਲ ਮਿਲ ਤੁਰ ਗਏ ਵੇਖਣ ਹਾਥੀ।

                ਇਕ ਬਹਿ ਗਿਆ ਪੂਛ ਨੂੰ ਫੜ੍ਹ ਕੇ।

                ਦੂਜਾ ਬਹਿ ਗਿਆ ਉੱਤੇ ਚੜ੍ਹ ਕੇ।

ਤੀਜੇ ਪਾਇਆ ਲੱਤ ਨੂੰ ਜੱਫਾ।

ਚੌਥੇ ਮਾਰਿਆ ਢਿੱਡ ਤੇ ਧੱਫਾ।

               ਪੰਜਵਾਂ ਅੰਨ੍ਹਾਂ ਥੱਲੇ ਬਹਿ ਗਿਆ।

               ਛੇਵਾਂ ਕੰਨ ਨੂੰ ਟੋਂਹਦਾ ਰਹਿ ਗਿਆ।

ਵੇਖ ਵੂਖ ਕੇ ਬਹਿਸਣ ਲੱਗੇ ।

ਜਿਵੇਂ ਗਲੀ ਵਿਚ ਲੜਦੇ ਢੱਗੇ।

               ਇਕ ਕਹਿੰਦਾ ਹਾਥੀ ਆ ਥੰਮ੍ਹ।

               ਦੂਜਾ ਕਹਿੰਦਾ ਜਾਹ ਕਰ ਕੰਮ।

ਹਾਥੀ ਹੁੰਦਾ ਰੱਸੇ ਵਰਗਾ।

ਮੰਨੋ ਮੇਰੇ ਦੱਸੇ ਵਰਗਾ।

               ਇਕ ਕਹਿੰਦਾ ਓਂਈ ਝੂਠ ਨਾ ਮਾਰੋ।

               ਹਾਥੀ ਸੜਕ ਵਰਗਾ ਹੈ ਯਾਰੋ। 

ਕੋਈ ਦੱਸੇ ਨਾਲ ਦੇ ਵਰਗਾ।

ਕੋਈ ਖੁੱਲ੍ਹੇ ਹਾਲ ਦੇ ਵਰਗਾ।

             ਕੋਈ ਆਖਦਾ ਪੱਖੇ ਵਾਂਗ।

             ਫਿਰ ਅੰਨਿਆਂ ਵਿਚ ਚੱਲ ਪਈ ਡਾਂਗ।

ਤੇਰਾ ਹਾਥੀ ਮੇਰਾ ਹਾਥੀ।

ਜੁੰਡਿਓ ਜੁੰਡੀ ਹੋ ਗਏ ਸਾਥੀ।

             ਕਰ ਕਰ ਹਾਥੀ ਦਾ ਵਖਿਆਨ

             ਲੜ ਲੜ ਹੋ ਗਏ ਲਹੂ ਲੁਹਾਨ।

ਖਿਝਦੇ ਖਪਦੇ ਰੋਂਦੇ ਪਿੱਟਦੇ।

ਅੱਖਾਂ ਚੋਂ ਅੰਗਿਆਰੇ ਸਿੱਟਦੇ।

             ਗੱਲ ਅਣਹੋਣੀ ਕਰ ਚਲੇ ਸੀ।

             ਲੜਦੇ ਲੜਦੇ ਮਰ ਚੱਲੇ ਸੀ।

ਕੋਈ ਨਾ ਮੰਨੇ ਕਿਸੇ ਦਾ ਆਖਾ।

ਬੰਦਾ ਆ ਗਿਆ ਇਕ ਸੁਜਾਖਾ।

               ਕਹਿੰਦਾ ਕਾਹਤੋਂ ਲੜ੍ਹਨ ਸੂਰਮੇ।

               ਦੁਸ਼ਮਣ ਬਣ ਬਣ ਚੜ੍ਹਨ ਸੂਰਮੇ।

ਦੋ ਮਿੰਟ ਲਉ ਗੁੱਸੇ ਨੂੰ ਪੀ।

ਮੈਨੂੰ ਦੱਸੋ ਮਸਲਾ ਕੀ।

              ਸੁਣ ਕੇ ਅੰਨਿਆਂ ਦੁੱਖ ਸੁਣਾਇਆ

              ਹਾਥੀ ਨੇ ਹੈ ਸਿਆਪਾ ਪਾਇਆ।

ਅੱਡੋ ਅੱਡ ਵਿਚਾਰ ਆ ਸਾਡੇ।

ਕਰੋ ਨਿਬੇੜਾ ਸਦਕੇ ਤੁਹਾਡੇ।

             ਹੱਸ ਬੋਲਿਆ ਅੱਖਾਂ ਵਾਲਾ।

             ਕਰ ਤਾ ਦੂਰ ਭਰਮ ਦਾ ਜਾਲਾ।

ਜੋ ਜੋ ਬਾਤ ਤੁਸਾਂ ਨੇ ਕਹੀ।

ਕੋਈ ਨਾ ਗਲਤ ਸਾਰੇ ਹੀ ਸਹੀ।

            ਅਸਲ ਚ ਤੁਸੀਂ ਸਾਰੇ ਹੀ ਠੀਕ।

            ਐਵੇਂ ਬੈਠੇ ਖਿੱਚ ਕੇ ਲੀਕ।

ਜਿਸ ਨੇ ਜਿੰਨਾਂ ਜਾਣ ਲਿਆ ਸੀ। 

ਓਨੇ ਦਾ ਕਰ ਮਾਣ ਲਿਆ ਸੀ।

            ਮਾਣ ਕਰਨ ਦਾ ਇਹ ਨੁਕਸਾਨ।

             ਆਪਣਾ ਲੱਗੇ ਵੱਧ ਗਿਆਨ।

ਦੂਜੇ ਦੀ ਗੱਲ ਸੁਣਨੋ ਹਟ ਜੇ।

ਭਾਈ ਭਾਈ ਤੋਂ ਪਾਸਾ ਵੱਟ ਜੇ।

             ਜਿਸਨੂੰ ਗਿਆਨ ਪਚਾਉਣਾ ਆਵੇ।

             ਨੀਵਾਂ ਹੋਵੇ ਗੁਰੂ ਨੂੰ ਭਾਵੇ।

ਆਪਣੇ ਮਨ ਦਾ ਛੱਡ ਹੰਕਾਰ।

ਦੂਜੇ ਦਾ ਵੀ ਸੁਣੇ ਵਿਚਾਰ।

             ਸਤਿਗੁਰ ਕਹਿੰਦੇ ਜਦ ਤਕ ਰਹੀਏ।

             ਚੰਗਾ ਸੁਣੀਏ ਚੰਗਾ ਕਹੀਏ।

ਹਰ ਕੋਈ ਏਥੇ ਫਿਰੇ ਅਧੂਰਾ।

ਸਤਿਗੁਰ ਬਾਝੋਂ ਕੋਈ ਨਾ ਪੂਰਾ।

             ਪੂਰਾ ਗੁਰੂ ਹੈ ਨਾਨਕ ਮੇਰਾ।

             ਜਿਸਨੇ ਪਾਇਆ ਕਲ ਵਿਚ ਫੇਰਾ।

ਦਸ ਜਾਮੇ ਓਹ ਧਾਰ ਕੇ ਆਇਆ।

ਗੁਰੂ ਗ੍ਰੰਥ-ਪੰਥ ਲੜ ਲਾਇਆ।

            ਗੁਰੂ ਦੀ ਆਤਮਾ ਗੁਰੂ ਗ੍ਰੰਥ।

            ਦੇਹ ਗੁਰੂ ਦੀ ਖਾਲਸਾ ਪੰਥ।

ਦੋਂਵੇ ਜੁਗੋ ਜੁਗ ਅਟੱਲ।

ਰੱਬ ਨੇ ਰੱਬ ਨੂੰ ਦਿੱਤਾ ਘੱਲ।

            ਕੁਦਰਤ ਉਸ ਦੀ ਨੌਕਰਿਆਣੀ।

            ਪੰਜ ਤੱਤ ਉਸਦੇ ਭਰਦੇ ਪਾਣੀ।

ਕਾਹਤੋਂ ਮਨ ਤਲਖੀ ਵਿਚ ਆਇਆ।

ਓਹਦਾ ਅੰਤ ਕਿਸੇ ਨਹੀਂ ਪਾਇਆ।

             ਜਿਸਨੂੰ ਜਿੰਨੀ ਫੁਰੇ ਵਿਚਾਰ।

             ਓਨਾ ਉਹ ਕਰੇ ਪਰਚਾਰ।

ਇਕ ਗੱਲ ਰੱਖਿਓ ਚੇਤੇ ਮੇਰੀ।

ਬੰਦਾ ਹੈ ਮਿੱਟੀ ਦੀ ਢੇਰੀ।

             ਉਮਰ ਹੁੰਦੀ ਇਕ ਰਾਤ ਵਾਂਗਰਾਂ।

             ਨਿਕੀ ਜੇਹੀ ਬਾਤ ਵਾਂਗਰਾਂ।

ਬੜਾ ਬਿਅੰਤ ਹੈ ਪੁਰਖ ਅਕਾਲ।

ਦੁਨੀਆਂ ਅਰਬਾਂ ਖਰਬਾਂ ਸਾਲ।

             ਇਕ ਦਿਨ ਮਹਿਮਾਨ ਆਂ ਆਪਾਂl

             ਪਾ ਬੈਠੇ ਘਮਸਾਨ ਆਂ ਆਪਾਂ।

ਮਾਣ ਈਰਖਾ ਤੇ ਚਤੁਰਾਈ। 

ਸਾਡਾ ਜਾਣ ਕੁਪੱਤ ਕਰਾਈ।

             ਜਾਣਕਾਰੀਆਂ ਲੱਖ ਬੇਕਾਰ।

             ਬੰਦੇ ਦਾ ਗਹਿਣਾ ਕਿਰਦਾਰ।

ਮਿੱਠੇ ਬੋਲ ਪਿਆਰੇ ਬੋਲੋ।

ਸੋਹਣੇ ਮੂੰਹ ਨਾਲ ਗੰਦ ਨਾ ਫੋਲੋ।

            ਭਲ਼ਾ ਬੰਦਾ ਵੇਖੇ ਭਲਿਆਈ। 

            ਆਪ ਬੁਰਾ ਸਭ ਜਗ ਬੁਰਿਆਈ।

ਜਿਹੜਾ ਮਨ ਨੂੰ ਪਿਆਰ ਚ ਰੰਗੇ।

ਉਸਦੇ ਭਾਅ ਦੇ ਸਾਰੇ ਈ ਚੰਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,