ਲੇਖ » ਸਿਆਸੀ ਖਬਰਾਂ

ਰ.ਸ.ਸ. ਜਨਤਕ ਅਤੇ ਸਿਆਸੀ ਖੇਤਰ ਵਿਚ ਕਿਵੇਂ ਫੈਲੀ?

February 8, 2020 | By

ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੇ ਫੈਲਾਅ ਦਾ ਪਹਿਲਾ ਪੜਾਅ:

1975-77 ਦੀ ਐਮਰਜੈਂਸੀ ਨੇ ਬਿਪਰਵਾਦੀ ਵਿਚਾਰਧਾਰਾ ਲਈ ਜਨਤਕ ਤੇ ਸਿਆਸੀ ਪਿੜ ਵਿੱਚ ਥਾਂ ਮੁਹੱਈਆ ਕਰਵਾਈ। ਇਸ ਤੋਂ ਪਹਿਲਾਂ ਰ.ਸ.ਸ. ਇਨ੍ਹਾਂ ਪਿੜਾਂ ਤੱਕ ਨਹੀਂ ਸੀ ਪੱਸਰੀ ਹੋਈ।
ਸਮਾਜਿਕ ਤੇ ਵਿੱਦਿਅਕ ਸੇਵਾਵਾਂ ਦੇ ਪਰਦੇ ਓਹਲੇ, ਅਤੇ ਸੱਤਾਧਾਰੀ ਲੋਕਤੰਤਰੀ ਧਿਰਾਂ ਨਾਲ ਤਾਲਮੇਲ ਬਿਠਾ ਕੇ ਰ.ਸ.ਸ. ਨੇ ਆਪਣੇ ਮਨਸੂਬਿਆਂ ਨੂੰ ਨਿਖਾਰਿਆ ਤੇ ਆਪਣੀ ਨਫਰਤੀ ਸਿਆਸਤ ਦੇ ਜਹਿਰ ਨੂੰ ਹੋਰ ਮਾਰੂ ਕੀਤਾ।
ਇਸ ਨੇ ਫਾਸ਼ੀਵਾਦੀ “ਕਾਲੇ ਝੱਗੇ” (Blackshirts of National Fascist Party) ਵਾਲਿਆਂ ਦੀ ਤਰਜ ਉੱਤੇ ਫੌਜੀ ਸ਼ੈਲੀ ਦੀ ਸਿਖਲਾਈ ਦੇ ਕੇ ਕੁਝ ਕੱਟੜ ਹਿੰਦੂ ਕੌਮਪ੍ਰਸਤ ਪੈਦਾ ਕੀਤੇ।

ਦੂਜਾ ਪੜਾਅ:

1990ਵਿਆਂ ਦੇ ਦੂਜੇ ਅੱਧ ’ਚ ਬਿਪਰਵਾਦੀ ਰਾਸ਼ਟਰਵਾਦ ਨੇ ਭਾਰਤੀ ਜਨਤਕ ਜੀਵਨ ਤੇ ਸਿਆਸੀ ਪਿੜ ਚ ਸੰਨ ਲਾ ਲਿਆ ਸੀ।
ਇਸ ਕੰਮ ਲਈ ਇੱਕ ਹਰਬਾ ਸੀ ਮੁਸਲਮਾਨਾਂ ਖਿਲਾਫ ਨਫਰਤੀ ਉਕਸਾਹਟ ਪੈਦਾ ਕਰਨੀ, ਜਿਸ ਦੀ ਕਿ ਸਭ ਤੋਂ ਭੈੜੀ ਮਿਸਾਲ ਹੈ ਨਰਿੰਦਰ ਮੋਦੀ ਦੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ।
ਦੂਜਾ ਸੀ ਸਮਾਜਿਕ ਬਰਾਬਰੀ ਦਾ ਵਿਚਾਰ ਖੋਹ ਲੈਣ ਦਾ ਜ਼ਹਿਰੀਲਾ ਮਨਸੂਬਾ ਜਿਹੜਾ ਕਿ ਦਬਿਆਂ-ਕੁਚਲਿਆਂ ਨੂੰ ਤਾਕਤ ਬਖਸ਼ਦਾ ਸੀ।
ਜਨਤਕ ਅਦਾਰਿਆਂ ਚ’ ਗੁਣਾਂ ਤੇ ਲਿਆਕਤ ਦੀ ਕਮੀ ਤੇ ਭ੍ਰਿਸ਼ਟਾਚਾਰ ਜਿਹੇ ਮੁੱਦਿਆਂ ਦੇ ਨਾਂ ‘ਤੇ ਬਿਪਰਵਾਦੀ ਸੱਜੇ ਪੱਖੀਆਂ ਨੇ ਰਾਖਵੇਂਕਰਨ ਦੇ ਵਿਰੋਧ ਚ’ ਲਹਿਰ ਖੜ੍ਹੀ ਕੀਤੀ

ਤੀਜਾ ਪੜਾਅ:

ਸੰਨ 2014 ਤੋਂ ਬਾਅਦ ਆਪੂੰ ਚੌਧਰੀ ਬਣੇ ਬਿਪਰਵਾਦੀ ਬਦਮਾਸ਼ਾਂ ਵੱਲੋਂ ਨਿਤ ਦਿਹਾੜੇ ਮੁਸਲਮਾਨਾਂ ਤੇ ਦਲਿਤਾਂ ਤੇ ਢਾਹੇ ਜਾਂਦੇ ਕਹਿਰ ਨੂੰ ਆਮ ਜਿਹੀ ਰੋਜ਼ਮੱਰਾ ਦੀ ਗੱਲ ਬਣਾ ਦਿੱਤਾ ਗਿਆ।
ਇਸ ਤਰ੍ਹਾਂ ਦੀ ਹਿੰਸਾ ਨੂੰ ਮਿਲੀ (ਗੈਰ) ਕਾਨੂੰਨੀ ਮਾਨਤਾ ਅਤੇ ਪੈਸੇ ਤੇ ਖਬਰਖਾਨੇ ਦੇ ਕੀਤੇ ਪ੍ਰਬੰਧ ਦਾ ਨਤੀਜਾ ਹੀ ਸੀ ਕਿ ਭਾਜਪਾ ਦੀ 2019 ਵਿੱਚ ਹੂੰਝਾ ਫੇਰੂ ਜਿੱਤ ਹੋਈ।
1990ਵਿਆਂ ਦੇ ਵਿੱਚ ਸਮਾਜਿਕ ਨਿਆਂ ਜਿਹੇ ਮੁੱਦੇ ਤੇ ਖੜ੍ਹਦੀਆਂ ਸਿਆਸੀ ਧਿਰਾਂ ਜਿਵੇਂ ਕਿ ਬਸਪਾ, ਸਪਾ ਤੇ ਜਨਤਾ ਦਲ ਇਸ ਬਿਮਾਰੀ ‘ਤੇ ਦਾਰੂ ਜਿਹਾ ਕੰਮ ਕਰਦੀਆਂ ਸੀ ਪਰ ਬਿਪਰਵਾਦੀ ਸੱਜੇ ਪੱਖੀਆਂ ਦੀ ਝੂਠੀ ਪ੍ਰਚਾਰ ਮੁਹਿੰਮ ਨੇ ਇਨ੍ਹਾਂ ਨੂੰ ਵੀ ਬੇਅਸਰ ਕਰ ਕੇ ਰਖ ਦਿਤਾ।

ਚੌਥਾ ਪੜਾਅ:

ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਤੌਰ ‘ਤੇ ਨਾਲ ਲੈ ਕੇ ਆਈ ਮੋਦੀ ਦੀ ਦੂਜੀ ਸਿਆਸੀ ਪਾਰੀ ਨੇ ਧਾਰਾ 370 ਦਾ ਖਾਤਮਾ (ਜਿਸ ਰਾਹੀਂ ਤੇ ਜੰਮੂ ਕਸ਼ਮੀਰ ਦਾ ਖਾਸ ਰੁਤਬਾ ਖੋਹ ਲਿਆ ਗਿਆ), ਸੁਪਰੀਮ ਕੋਰਟ ਵੱਲੋਂ ਦਿਤਾ ਗਿਆ ਅਯੋਧਿਆ ਦਾ ਫੈਸਲਾ, ਨਾਗਰਿਕਤਾ ਸੋਧ ਕਾਨੂੰਨ ਅਤੇ ਤਜਵੀਜ ਸ਼ੁਦਾ ਨਾਗਰਿਕਤਾ ਰਜਿਸਟਰ ਜਿਹੇ ਸੰਦ ਈਜਾਦ ਕੀਤੇ ਜਿਨ੍ਹਾਂ ਰਾਹੀਂ ਮੁਸਲਮਾਨਾਂ ‘ਤੇ ਹੁੰਦੀ ਇਸ ਹਿੰਸਾ ਨੂੰ ਕਾਨੂੰਨੀ ਜਾਮਾ ਪਾਇਆ ਜਾ ਸਕੇ।

ਧਿਆਨ ਦੇਣ ਯੋਗ ਹੋਰ ਨੁਕਤੇ:

ਸਿਆਸਤ ਦੀਆਂ ਸਿਖਰਲੀਆਂ ਪੌੜੀਆਂ ਤੇ ਬੈਠੇ ਆਪਣੇ ਸਿਆਸੀ ਆਕਾਵਾਂ ਦੀ ਛਤਰ ਛਾਇਆ ਹੇਠ ਇਨ੍ਹਾਂ ਬਿਪਰਵਾਦੀਆਂ/ਹਿੰਦੂ-ਰਾਸ਼ਟਰਵਾਦੀਆਂ ਨੇ ਬੇਇੰਤਹਾ ਕਹਿਰ ਢਾਇਆ ‘ਤੇ ਵਾਧੂ ਤੇ ਬਾਹਰੀ ਸਰਕਾਰੀ ਕਰਿੰਦਿਆਂ ਜਿਓਂ ਵਿਚਰੇ ਤੇ ਵਿਹਾਰ ਕੀਤਾ।

ਵੱਡੇ ਸਰਮਾਏਦਾਰਾਂ ਤੇ ਉਨ੍ਹਾਂ ਦੇ ਮੀਡੀਆ ਘਰਾਂ ਦੀ ਭੂਮਿਕਾ:

ਆਪਣੇ ਇਸ ਬਿਪਰਵਾਦੀ ਫਿਰਕੂ ਮਨਸੂਬੇ ਨੂੰ ਵਿਕਾਸ ਤੇ ਰਾਸ਼ਟਰਵਾਦ ਦਾ ਪਜਾਮਾ ਪਾਉਣ ਲਈ ਜਿੱਥੇ ਰ.ਸ.ਸ. ਸੰਬੰਧਤ ਧਿਰਾਂ ਨੇ ਇਨ੍ਹਾਂ ਮੁੱਖ ਧਾਰਾ ਮੀਡੀਆ ਘਰਾਂ ਚ ਆਪਣੀ ਪੈਂਠ ਬਣਾਈ ਉੱਥੇ ਵਿੱਤੀ ਤੌਰ ਤੇ ਵੀ ਆਪਣੇ ਆਪ ਨੂੰ ਮਜ਼ਬੂਤ ਕੀਤਾ।

ਲੋਕਪ੍ਰਿਅਤਾ ਤੇ ਉਸ ਦੇ ਸਿਆਸਤ ਤੇ ਅਸਰ:

1990ਵਿਆਂ ਤੋਂ ਬਾਅਦ ਦੀ ਸਿਆਸਤ ਵਿਚਾਰਧਾਰਾ ਤੇ ਟਿਕੀ ਨਾ ਹੋ ਕੇ ਲੋਕਪ੍ਰਿਅਤਾ ਤੇ ਟਿਕੀ ਹੋਈ ਰਹੀ ਹੈ।
ਇਸ ਨੇ ਗਰੀਬ ਨੂੰ ਆਰਥਿਕ ਮੰਦੀ ਦੇ ਦੁੱਖ ਤੋਂ ਆਰਜ਼ੀ ਤੇ ਝੂਠਾ ਆਰਾਮ ਜ਼ਰੂਰ ਦੁਆਇਆ ਹੋ ਸਕਦਾ ਹੈ ਪਰ ਅਸਲ ਮੁੱਦਿਆਂ ਨੂੰ ਛੇੜਿਆ ਤੱਕ ਨਹੀਂ
ਮਨੁੱਖ ਪ੍ਰਸਤੀ ਦੀ ਇਸ ਲੋਕਪ੍ਰਿਅਤਾ ਨੇ ਗੈਰ ਲੋਕਤੰਤਰਿਕ ਤੇ ਤਾਨਾਸ਼ਾਹੀ ਬਿਰਤੀ ਵਾਲੇ ਨੇਤਾਵਾਂ ਲਈ ਸਿਆਸਤ ਦੇ ਰਾਹ ਖੋਲ੍ਹੇ ਹਨ ਖਾਸਕਰ ਖੇਤਰੀ ਸਿਆਸੀ ਪਿੜਾਂ ਚ’।

ਬਿਪਰਵਾਦੀ ਸਿਆਸਤ ਦੇ ਬਦਲ ਦੀ ਸਮੱਸਿਆ:

ਤਾਕਤ ਦੀਆਂ ਭੁੱਖੀਆਂ, ਦੂਰ ਅੰਦੇਸ਼ੀ ਤੇ ਵਿਚਾਰਧਾਰਾ ਵਿਹੂਣੀਆਂ ਧਿਰਾਂ ਸਿਆਸਤ ਦੀ ਲਾਲਸਾ ਚ’ ਇਨ੍ਹਾਂ ਬਿਪਰਵਾਦੀ ਸੱਜੇ ਪੱਖੀਆਂ ਨਾਲ ਖੜ੍ਹੀਆਂ ਹਨ ਤੇ ਉਨ੍ਹਾਂ ਦੀ ਇਸ ਗੰਦੀ ਸਿਆਸਤ ਨੂੰ ਕਾਨੂੰਨੀ ਮਾਨਤਾ ਦਿਵਾਉਣ ਚ ਸਹਾਈ ਹੋਈਆਂ ਹਨ।
ਇਸ ਦੌਰਾਨ ਕਾਂਗਰਸ ਸਮੇਤ ਜੰਮੂ ਕਸ਼ਮੀਰ (ਮੁਫਤੀ ਤੇ ਅਬਦੁੱਲਿਆਂ) ਤੋਂ ਲੈ ਕੇ ਤਾਮਿਲ ਨਾਡੂ (ਡੀਐਮਕੇ) ਤਕ ਸਾਰੀਆਂ ਸਿਆਸੀ ਧਿਰਾਂ ਪਰਿਵਾਰਵਾਦ ਦੇ ਰਾਹ ਪੈ ਕੇ ਅੱਤ ਦਰਜੇ ਤੱਕ ਭ੍ਰਿਸ਼ਟ ਹੋ ਗਈਆਂ ਹਨ।
ਇਸ ਬਿਪਰਵਾਦੀ ਸੱਜੇ ਪੱਖੀ ਸਿਆਸਤ ਦਾ ਬਦਲ ਵੇਖਣਾ ਚਾਹੁੰਦਿਆਂ ਨੂੰ ਜੇ ਕੁਝ ਦਿਸਦਾ ਹੈ ਤਾ ਉਹ ਹੈ ਮੁੜ ਹਰੇਕ ਜਾਤ ਵਰਣ ਦੇ ਖੂਨ ਚੂਸ ਤਾਨਾਸ਼ਾਹਾਂ ਦਾ ਟੋਲਾ।

ਸਿੱਟਾ:

ਵਿੱਤੀ ਵਿਕਾਸ ਤੇ ਸਮਾਜਿਕ ਭਾਈਚਾਰੇ ਦੀ ਬਲੀ ਦੇ ਕੇ ਬਿਪਰਵਾਦੀ/ਹਿੰਦੂ ਸੱਜੇ ਪੱਖੀਆਂ ਵੱਲੋਂ ਕੀਤੀ ਜਾ ਰਹੀ ਇਹ ਨਫ਼ਰਤੀ ਸਿਆਸਤ ਭਾਰਤ ਦੀ ਆਪਣੀ ਅਸਲੀ ਹੋਂਦ ਨੂੰ ਖ਼ਤਰਾ ਬਣੇ ਮੌਜੂਦਾ ਸੰਕਟ ਵੱਲ ਧੱਕਣ ਲਈ ਜ਼ਿੰਮੇਵਾਰ ਹੈ।


  • ਚੁੰਨਈਆ ਜੰਗਮ ਕੈਰਲਟਨ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਹੈ।
  • ਚੁੰਨਈਆ ਜੰਗਮ ਦੀ ਇਕ ਲਿਖਤ “ਦਲਿਟੈਲਿਟੀ: ਹੇਟ ਪਾਲੀਟਿਕਸ ਪੁਸ਼ਿੰਗ ਅਸ ਇਨਟੂ ਐਗਸਿਸਟੈਂਸ਼ੀਅਲ ਕਰਾਈਸਿਸ” 26 ਜਨਵਰੀ 2020 ਨੂੰ ਇੰਡੀਅਨ ਐਕਸਪ੍ਰੈਸ ਅਖਬਾਰ ਵਿਚ ਛਪੀ ਸੀ। ਪੂਰੀ ਲਿਖਤ ਪੜ੍ਹਨ ਲਈ ਇਹ ਤੰਦ ਛੂਹੋ – https://indianexpress.com/article/opinion/columns/hate-politics-pushing-us-into-existential-crisis-6235431/
  • ਇਸ ਲਿਖਤ ਦੇ ਅੰਗਰੇਜ਼ੀ ਵਿਚ ਚੋਣਵੇਂ ਹਿੱਸੇ ਸਿੱਖ ਸਿਆਸਤ ਨੇ “ਗਰੋਥ ਆਫ ਆਰ.ਐਸ.ਐਸ. ਇਨ ਪਬਲਿਕ ਐਂਡ ਪੋਲੀਟਿਕਲ ਸਫੀਅਰਸ” ਸਿਰਲੇਖ ਹੇਠ 27 ਜਨਵਰੀ 2020 ਨੂੰ ਛਾਪੇ ਸਨ। ਇਹ ਚੋਣਵੇਂ ਹਿੱਸੇ ਪੜ੍ਹਨ ਲਈ ਇਹ ਤੰਦ ਛੂਹੋ – https://sikhsiyasat.net/2020/01/27/growth-of-rss-in-public-political-spheres/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,