ਸਿੱਖ ਖਬਰਾਂ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਕਮਾਨ ਅਮਿਤ ਸ਼ਾਹ ਨੂੰ ਸੌਂਪ ਦਿੱਤੀ ਹੈ: ਸਿੱਖ ਵਿਚਾਰ ਮੰਚ

March 4, 2020 | By

ਚੰਡੀਗੜ੍ਹ: ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਬਿਪਰਵਾਦੀ ਦਿੱਲੀ ਸਲਤਨਤ ਦੀ ਖੂਫੀਆ ਏਜੰਸੀ ਆਈ. ਬੀ. ਦੇ ਕਿਸੇ ਦੇ ਹੇਠਲੇ ਪੱਧਰ ਦੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਿਧਾਨ ਸਭਾ ਵਿਚ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਇਹ ਵੀ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਅਜਿਹਾ ਹੀ ਕੀਤਾ ਜਾਵੇਗਾ, ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਪੁਲਿਸ ਬੰਦੋਬਸਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਦਿੱਤਾ ਗਿਆ ਹੈ।

ਸਿੱਖ ਵਿਚਾਰ ਮੰਚ

ਉਕਤ ਟਿੱਪਣੀ ਸਿੱਖ ਵਿਚਾਰਕਾਂ ਸ. ਗੁਰਤੇਜ ਸਿੰਘ (ਆਈ. ਏ. ਐਸ.), ਪ੍ਰੋ. ਮਨਜੀਤ ਸਿੰਘ, ਸ. ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਸ. ਕਰਮਜੀਤ ਸਿੰਘ, ਸ. ਜਸਪਾਲ ਸਿੰਘ ਸਿੱਧੂ, ਸ. ਗੁਰਬਚਨ ਸਿੰਘ ਜਲੰਧਰ ਅਤੇ ਸ. ਨਰਾਇਣ ਸਿੰਘ ਚੌੜਾ ਇਕ ਸਾਂਝੇ ਲਿਖਤੀ ਬਿਆਨ ਵਿਚ ਕੀਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਇਆ ਗਿਆ ਅਜਿਹਾ ਸਿੱਖ ਵਿਰੋਧੀ ਪੈਂਤੜਾ ਸਿੱਖਾਂ ਨੂੰ ਆਪਣੇ ਹੀ ਸੂਬੇ ਵਿਚ ਦੋਮ ਦਰਜੇ ਦੇ ਸ਼ੱਕੀ ਸ਼ਹਿਰੀ ਬਣਾ ਦੇਣ ਦੀ ਪ੍ਰਕਿਰਿਆ ਹੈ, ਜਿਸ ਦੀ ਸਿੱਖ ਵਿਚਾਰ ਮੰਚ ਚੰਡੀਗੜ੍ਹ ਭਰਪੂਰ ਨਿਖੇਧੀ ਕਰਦਾ ਹੈ। 

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਸਿੱਖ ਮੰਚ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਕਾਨੂੰਨ ਵਿਵਸਥਾ ਅਤੇ ਪੁਲਿਸ ਉਤੇ ਸਿਰਫ ਸੂਬੇ ਦੀ ਸਰਕਾਰ ਦਾ ਅਧਿਕਾਰ ਹੈ ਅਤੇ ਅਮਿਤ ਸ਼ਾਹ ਦੀ ਅਗਵਾਈ ਥੱਲੇ ਹਿੰਦੂ ਰਾਸ਼ਟਰਵਾਦ ਦੇ ਏਜੰਡੇ ਉਤੇ ਕੰਮ ਕਰ ਰਹੀ ਆਈ. ਬੀ. ਜਾਸੂਸੀ ਏਜੰਸੀ ਤਾਂ ਹਰ ਸਿੱਖ ਨੂੰ ਮੁਸਲਮਾਨ ਅਤੇ ਪਾਕਿਸਤਾਨ ਵਿਰੋਧੀ ਰੰਗ ਵਿਚ ਰੰਗਣਾ ਚਾਹੁੰਦੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਵਰਗੀਆਂ ਦਲੀਲਬਾਜ਼ੀਆਂ ਨਾਲ ਮੁੱਖ ਮੰਤਰੀ ਸਿੱਖਾਂ ਨੂੰ ਬਦਨਾਮ ਕਰਕੇ ਬਾਕੀ ਖਿੱਤੇ ਦੇ ਲੋਕਾਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਸ਼ੱਕ ਅਤੇ ਨਫਰਤ ਭਰਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਿੱਖ ਵਿਚਾਰਕਾਂ ਨੇ ਕਿਹਾ ਕਿ: ਹੈਰਤ ਇਸ ਗੱਲ ਦੀ ਹੈ ਕਿ ਪਿਛਲੇ ਹਫਤੇ ਹੀ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ  ਦਿੱਤੇ ਬਿਆਨ ਕਿ “ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਗਿਆ ਸ਼ਰਧਾਲੂ ਬੰਬ ਤਿਆਰ ਕਰਨ ਦਾ ਮਾਹਿਰ ਬਣ ਕੇ ਸ਼ਾਮ ਨੂੰ ਵਾਪਸ ਆ ਸਕਦਾ ਹੈ” ਨੂੰ ਮੁੱਖ ਮੰਤਰੀ ਨੇ ਖੁਦ ਗਲਤ ਪੇਸ਼ਕਾਰੀ ਕਿਹਾ ਸੀ।

ਉਨ੍ਹਾਂ ਕਿਹਾ ਕਿ ਅਸਲ ਵਿਚ 70 ਸਾਲਾਂ ਪਿਛੋਂ ਸਿੱਖ ਸ਼ਰਧਾਲੂਆਂ ਲਈ ਅੰਤਰਰਾਸ਼ਟਰੀ ਮਜ਼ਬੂਰੀ ਵਸ ਕਰਤਾਰਪੁਰ ਸਾਹਿਬ ਲਾਂਘੇ ਨੂੰ ਭਾਰਤ ਸਰਕਾਰ ਅਤੇ ਉਸ ਦੇ ਇਸ਼ਾਰਿਆਂ ਉਤੇ ਨੱਚਦਾ ਮੁੱਖ ਮੰਤਰੀ ਅਜਿਹੇ ਬਹਾਨੇ ਲਾ ਕੇ ਬੰਦ ਕਰਨਾ ਚਾਹੁੰਦੇ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਸਿੱਖਾਂ ਨੂੰ ਪੁਲਿਸ ਪੜਤਾਲ ਤੇ ਹੋਰ ਹੱਥਕੰਡੇ ਵਰਤ ਕੇ ਕਰਤਾਰਪੁਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਵਰਜਿਆ ਜਾਵੇ ਅਤੇ ਡਰਾਇਆ ਜਾਵੇ। 

ਬਿਆਨ ਵਿਚ ਅੱਗੇ ਕਿਹਾ ਹੈ ਕਿ: “ਇਸ ਤੋਂ ਵੀ ਵੱਧ ਸਿੱਖ ਸ਼ਰਧਾਲੂਆਂ ਨੂੰ ਭੇਟਾ ਸਮੱਗਰੀ ਨਹੀਂ ਲਿਜਾਣ ਦਿੱਤੀ ਜਾਂਦੀ ਅਤੇ ਦਰਸ਼ਨਾਂ ਤੋਂ ਵਾਪਸ ਆਉਂਦਿਆਂ ਦਾ ਪ੍ਰਸ਼ਾਦ ਖੋਜੀ ਕੁੱਤਿਆਂ ਤੋਂ ਸੁੰਘਇਆ ਜਾਂਦਾ ਹੈ। ਜਾਣ-ਬੁੱਝ ਕੇ ਖੜੇ ਕੀਤੇ ਅੜਿੱਕਿਆਂ ਕਰਕੇ ਪਿਛਲੇ ਚਾਰ ਮਹੀਨਿਆਂ ਵਿਚ ਸਿਰਫ ਪੰਜਾਹ ਹਜ਼ਾਰ ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਜਾ ਸਕੇ ਹਨ, ਜਦੋਂ ਕਿ ਪੰਜ ਹਜ਼ਾਰ ਸ਼ਰਧਾਲੂਆਂ ਦੇ ਰੋਜ਼ਾਨਾ ਪਹੁੰਚਣ ਦੀ ਇਜ਼ਾਜ਼ਤ ਹੈ”।

ਯਾਦ ਰਹੇ, ਕਰਤਾਰਪੁਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਥੇ ਉਦਾਸੀਆਂ ਤੋਂ ਬਾਅਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਆਪਣੇ ਮਨੁੱਖੀ ਜਾਮੇ ਦੇ ਆਖਰੀ 18 ਸਾਲ ਬਿਤਾਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,