ਸਿਆਸੀ ਖਬਰਾਂ » ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਮਨੁੱਖਤਾ ਦੇ ਕਲਿਆਣ ਦਾ ਮਾਡਲ ਅਤੇ ਦਿੱਲੀ ਧਾਰਮਿਕ ਦੁਸ਼ਮਣੀਆਂ ਕੱਢਣ ਦਾ ਮਾਡਲ: ਖਾਲੜਾ ਮਿਸ਼ਨ

March 9, 2020 | By

ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ,ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ,ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਸਮਝਦੇ ਹਨ ਗੁਜਰਾਤ ਮਾਡਲ ਹੋਵੇ ਜਾਂ ਦਿੱਲੀ ਮਾਡਲ ਜਾਂ ਨਾਗਪੁਰ ਮਾਡਲ ਸਭ ਮਾਡਲ ਵੇਲਾ ਵਿਹਾ ਚੁੱਕੇ ਹਨ। ਇਹ ਮਾਡਲ ਸਾਰੇ ਮੰਨੂਵਾਦੀ ਵਿਕਾਸ ਦੇ ਮਾਡਲ ਹਨ। ਇਹ ਝੂਠੇ ਵਿਕਾਸ ਤੇ ਝੂਠੇ ਇਨਸਾਫ ਦੇ ਮਾਡਲ ਹਨ। ਇਹ ਮਾਡਲ ਧਾਰਮਿਕ ਦੁਸ਼ਮਣੀਆਂ ਕੱਢਣ ਵਾਲੇ ਹਨ। ਇਹ ਮਾਡਲ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਤਲੋਗਾਰਦ ਦੇ ਹਮੈਤੀ ਹਨ,ਝੂਠੇ ਮੁਕਾਬਲਿਆਂ ਦੇ ਨਵੰਬਰ 84 ਦੇ ਹਮੈਤੀ ਹਨ, ਬਾਬਰੀ ਮਸਜਿਦ ਢਾਹੁਣ ਦੇ ਹਾਮੀ ਹਨ,ਰਵਿਦਾਸ ਮੰਦਰ ਢਾਹੁਣ ਦੇ ਹਾਮੀ ਹਨ। 2002 ਦੇ ਕਤਲੇਆਮ ਦੇ ਹਾਮੀ ਹਨ।

ਦਲਿਤਾਂ-ਗਰੀਬਾਂ ਤੇ ਜੁਲਮ ਢਾਹੁਣ ਵਾਲੇ ਮਾਡਲ ਹਨ। ਕਿਸਾਨ-ਗਰੀਬ ਨੂੰ ਖੁਦਕਸ਼ੀਆਂ ਵਿੱਚ ਧੱਕਣ ਵਾਲੇ ਮਾਡਲ ਹਨ। ਆਪਣੇ ਦੇਸ਼ ਦੇ ਲੋਕਾਂ ਨੂੰ ਬੱਚਿਆਂ ਨੂੰ ਔਰਤਾਂ ਨੂੰ ਰਾਸ਼ਟਰਧ੍ਰੋਹੀ ਦੱਸਣ ਵਾਲੇ ਮਾਡਲ ਹਨ। ਇਹ ਮਾਡਲ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਮਾਡਲ ਹਨ। ਇਹੋ ਮਾਡਲ 25-30 ਸਾਲ ਗੈਰ-ਕਾਨੂੰਨੀ ਬੰਦੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਰੋਲਦਾ ਹੈ। ਦਿੱਲੀ ਮਾਡਲ ਹੋਵੇ ਜਾਂ ਗੁਜਰਾਤ ਮਾਡਲ ਅੰਬਾਨੀਆਂ,ਅਦਾਨੀਆਂ, ਟਾਟਿਆਂ, ਬਿਰਲਿਆਂ, ਰਾਮਦੇਵਾਂ, ਬਾਦਲ ਵਰਗਿਆਂ ਦਾ ਦੇਸ਼ ਦੀ 70% ਜਾਇਦਾਦ ਤੇ ਕਬਜਾ ਕਰਾ ਕੇ ਗਰੀਬ, ਕਿਸਾਨ,ਦਲਿਤ ਨੂੰ ਭੁੱਖਿਆਂ ਮਾਰਦੇ ਹਨ।

ਉਨ੍ਹਾਂ ਕਿਹਾ ਹੁਣੇ ਹੁਣੇ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਦੀ ਮਿਥ ਕੇ ਕੀਤੀ ਗਈ ਨਸਲਕੁਸ਼ੀ ਅਤੇ ਨਿਰਦੋਸ਼ ਲੋਕਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦਿੱਲੀ ਮਾਡਲ,ਗੁਜਰਾਤ ਮਾਡਲ ਨੂੰ ਬੇਨਕਾਬ ਕਰਦੀ ਹੈ। ਮੰਨੂਵਾਦੀਆਂ ਦੇ ਇਹ ਮਾਡਲ ਝੂਠੇ ਸਾਬਤ ਹੁੰਦੇ ਹਨ ਜਦੋਂ ਟਰੰਪ ਦੇ ਆਉਣ ਤੇ ਗੁਜਰਾਤ ਅੰਦਰ ਗਰੀਬਾਂ ਦੀਆਂ ਝੁੱਗੀਆਂ ਲੁਕਾਉਣ ਲਈ ਉੱਚੀਆਂ ਉੱਚੀਆਂ ਕੰਧਾਂ ਕੀਤੀਆਂ ਜਾਂਦੀਆਂ ਹਨ।

ਪਿਛਲੇ 73 ਸਾਲਾਂ ਤੋਂ ਵੰਡੀਆਂ ਪਾਉਣ ਵਾਲੇ ਇਹ ਮਾਡਲ ਅੱਜ ਵੀ ਲਗਾਤਾਰ ਵੰਡੀਆਂ ਪਾ ਰਹੇ ਹਨ।ਕਦੀ ਸੀ.ਏ.ਏ., ਐੱਨ.ਪੀ.ਆਰ, ਐੱਨ.ਸੀ.ਆਰ. ਲਿਆਕੇ ਉਸ ਦਿੱਲੀ ਵਿੱਚ ਬੈਠ ਕੇ ਧਾਰਮਿਕ ਦੁਸ਼ਮਣੀਆਂ ਕੱਢੀਆਂ ਜਾਂ ਰਹੀਆਂ ਹਨ। ਜਿਸ ਦਿੱਲੀ ਸ਼ਹਿਰ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਦੁਸ਼ਮਣੀਆਂ ਕੱਢਣ ਖਿਲਾਫ ਆਪਣੀ ਸ਼ਹਾਦਤ ਦਿੱਤੀ ਅਤੇ ਇਹ ਸ਼ਹਾਦਤ ਸਮੁੱਚੇ ਸੰਸਾਰ ਅੰਦਰ ਮਨੁੱਖਤਾ ਉਪਰ ਜੁਲਮ ਰੋਕਣ ਲਈ ਲਾ-ਮਿਸਾਲ ਸੀ। ਪਰ ਗੁਜਰਾਤ ਮਾਡਲ ਤੇ ਦਿੱਲੀ ਮਾਡਲ ਵਾਲੇ ਜਦੋਂ ਦਿੱਲੀ ਵਿੱਚ ਨਿਰਦੋਸ਼ਾਂ ਦੇ ਖੂਨ ਨਾਲ ਹੋਲੀ ਖੇਡੀ ਜਾਂ ਰਹੀ ਸੀ ਤਾਂ ਕੋਈ ਟਰੰਪ ਦਾ ਸਵਾਗਤ ਕਰ ਰਿਹਾ ਸੀ ਕੋਈ ਕੇਜਰੀਵਾਲ ਵਰਗਾ ਮਹਾਤਮਾਂ ਗਾਂਧੀ ਦੇ ਬੁਤ ਕੋਲ ਜਾ ਕੇ ਤਮਾਸ਼ਾ ਦੇਖ ਰਿਹਾ ਸੀ।

ਮੰਨੂਵਾਦੀਆਂ ਦੇ ਐੱਮ.ਪੀ, ਐਮ.ਐਲ.ਏ. ਸਾਰੇ 72 ਘੰਟੇ ਤਮਾਸ਼ਬੀਨ ਬਣੇ ਰਹੇ। ਅੱਜ ਵੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਣ ਵਾਲਿਆਂ ਦੇ ਬਚਾਅ ਵਿੱਚ ਹਨ ਅਤੇ ਹੋਲੀ ਨਾ ਖੇਡਣ ਦੇ ਡਰਾਮੇ ਕਰ ਰਹੇ ਹਨ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਵੇਂ ਲੰਬਾਂ ਸਮਾਂ ਦਿੱਲੀ ਮਾਡਲ ਜਾਂ ਮੰਨੂਵਾਦੀਆਂ ਦੇ ਵਿਕਾਸ ਮਾਡਲ ਨੂੰ ਜਾਇਜ਼ ਠਹਿਰਾਇਆ ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਉਨ੍ਹਾਂ ਮੰਨ ਲਿਆ ਸੀ ਕਿ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਦੇਸ਼ ਤੇ ਸੰਸਾਰ ਦੇ ਲੋਕਾਂ ਦਾ ਕਲਿਆਣ ਕਰ ਸਕਦਾ ਹੈ। ਉਨ੍ਹਾਂ ਅਨੁਸਾਰ ਸਾਰੇ ਮਾਡਲ ਫੇਲ ਹੋ ਚੁਕੇ ਹਨ।

ਕੇ.ਐਮ.ਓ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਪੰਜਾਬ, ਦੇਸ਼ ਤੇ ਸੰਸਾਰ ਦੇ ਲੋਕਾਂ ਦਾ ਭਲਾ ਕਰ ਸਕਦਾ ਹੈ ਕਿਉਕਿ ਇਹ ਮਾਡਲ ਨਿਮਾਣਿਆਂ, ਨਿਤਾਣਿਆਂ ਤੇ ਗਰੀਬਾਂ ਦੀ ਬਾਂਹ ਫੜਦਾ ਹੈ। ਇਹ ਮਾਡਲ ਮਨੁੱਖਤਾ ਉਪਰ ਜੁਲਮਾਂ ਨੂੰ ਵੰਗਾਰ ਦਾ ਹੈ,ਜਾਤਪਾਤ ਤੇ ਮੂਰਤੀ ਪੂਜਾ ਦਾ ਵਿਰੋਧ ਕਰਦਾ ਹੈ। ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਸੰਦੇਸ਼ ਦਿੰਦਾ ਹੈ। ਕੇ.ਐਮ.ਓ ਨੇ ਕਿਹਾ ਕਿ ਕੇਜਰੀਵਾਲ ਦੀ ਰਾਜਨੀਤੀ ਨਵੀਂ ਨਹੀ ਹੈ ਪੁਰਾਣੀ ਹਿੰਦੂਤਵੀ ਰਾਜਨੀਤੀ ਹੈ,ਇਹ ਰਾਜਨੀਤੀ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ,ਘੱਟ ਗਿਣਤੀਆਂ ਦੇ ਵਿਰੋਧੀ,ਪੰਜਾਬ ਦਾ ਪਾਣੀ, ਬਿਜਲੀ, ਇਲਾਕੇ ਖੋਹਣ ਦੀ ਹਮੈਤੀ ਹੈ। ਇਥੋਂ ਤੱਕ ਇਹ ਰਾਜਨੀਤੀ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜਨ ਦੀ ਹਮੈਤੀ ਹੈ,ਝੂਠੇ ਮੁਕਾਬਲਿਆਂ ਦੀ ਹਮੈਤੀ ਹੈ। ਕੇ.ਐਮ.ਓ ਨੇ ਕਿਹਾ ਕਿ ਦਿੱਲੀ ਮਾਡਲ ਤੇ ਗੁਜਰਾਤੀ ਮਾਡਲ ਨੇ ਪੰਜਾਬ ਨੂੰ ਨਸ਼ਿਆਂ ਰਾਹੀਂ ਤੇ ਖੁਦਕਸ਼ੀਆਂ ਰਾਹੀ ਬਰਬਾਦ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਣੀਆਂ ਤੇ ਦੋਸ਼ੀਆਂ ਦਾ ਬਚ ਨਿਕਲਣਾ ਇਨਾਂ ਮਾਡਲਾਂ ਦੀ ਦੇਣ ਹਨ ਅਤੇ ਪੰਜਾਬ ਅੰਦਰ ਲੰਬੇ ਸਮੇਂ ਤੋਂ ਚੱਲ ਰਿਹਾ ਮਾਫੀਆਂ ਰਾਜ ਵੀ ਦਿੱਲੀ ਮਾਡਲ ਦੀ ਦੇਣ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਪੰਜਾਬ, ਦੇਸ਼ ਤੇ ਸੰਸਾਰ ਦਾ ਭਲਾ ਕਰ ਸਕਦਾ ਹੈ,ਧਾਰਮਿਕ ਦੁਸ਼ਮਣੀਆਂ ਰੋਕ ਸਕਦਾ ਹੈ,ਨਿਮਾਣਿਆਂ,ਨਿਤਾਣਿਆਂ, ਲਿਤਾੜਿਆਂ ਦੀ ਬਾਂਹ ਫੜ ਸਕਦਾ ਹੈ।ਉਨ੍ਹਾਂ ਆਖਰ ਵਿੱਚ ਕਿਹਾ ਕਿ ਮੰਨੁਵਾਦੀਆਂ ਦੇ ਨਾਰਕੋ ਟੈਸਟ ਕਰਾਏ ਬਿਨ੍ਹਾਂ ਦਿੱਲੀ ਵਿੱਚ ਮੁਸਲਮਾਨਾਂ ਤੇ ਨਿਰਦੋਸ਼ਾਂ ਉਪਰ ਢਾਹੇ ਜੁਲਮਾਂ ਦਾ ਸੱਚ ਸਾਹਮਣੇ ਨਹੀਂ ਆ ਸਕਦਾ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,