ਰੋਜਾਨਾ ਖਬਰ-ਸਾਰ

ਬੇਅਦਬੀ ਮਾਮਲੇ ‘ਤੇ ਸੁਣਵਾਈ; ਕੇਂਦਰ ਨੂੰ ਕੈਪਟਨ ਦੀ ਧਮਕੀ; ਰਾਵਣ ਦਾ ਇਲਾਜ; ਬੈਂਸ-ਢੀਡਸਾ ਜੁਗਲਬੰਦੀ; ਕਸ਼ਮੀਰ; ਭਾਰਤ ਬੰਦ; ਅਮਰੀਕਾ-ਇਰਾਨ ਤਣਾਅ ਤੇ ਹੋਰ ਖਬਰਾਂ

By ਸਿੱਖ ਸਿਆਸਤ ਬਿਊਰੋ

January 09, 2020

ਸਿੱਖ ਜਗਤ ਦੀਆਂ ਖਬਰਾਂ:

• ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਹੋਈ • ਅਦਾਲਤ ਨੂੰ ਮਾਮਲਾ ਬੰਦ ਕਰਨ ਲਈ ਪਹਿਲਾਂ ਹੀ ਕਹਿ ਚੁੱਕੀ ਸੀਬੀਆਈ ਨੇ ਇੱਕ ਹੋਰ ਸੀਲਬੰਦ ਲਿਫਾਫਾ ਪੇਸ਼ ਕੀਤਾ • ਕਿਹਾ ਹੁਣ ਚੱਲ ਰਹੀ ਜਾਂਚ ਦੀ ਕਾਰਵਾਈ ਇਸ ਲਿਫਾਫੇ ਵਿੱਚ ਲਿਖ ਦਿੱਤੀ ਹੈ

• ਪਰ ਇਹ ਲਿਫਾਫਾ ਨਾ ਖੋਲ੍ਹਿਆ ਜਾਵੇ ਕਿਉਂਕਿ ਇਹ ਲੇਖਾ ਜਨਤਕ ਹੋਣ ਨਾਲ ਸੀ.ਬੀ.ਆਈ. ਦੀ ਜਾਂਚ ਉੱਤੇ ਅਸਰ ਪਵੇਗਾ • ਪੰਜਾਬ ਸਰਕਾਰ ਤੇ ਸ਼ਿਕਾਇਤਕਰਤਾ ਧਿਰ ਨੇ ਸੀ.ਬੀ.ਆਈ. ਦੀਆਂ ਦਲੀਲਾਂ ਦਾ ਡਟਵਾਂ ਵਿਰੋਧ ਕੀਤਾ • ਅਦਾਲਤ ਨੇ ਅਗਲੀ ਸੁਣਵਾਈ 26 ਫਰਵਰੀ ਤੇ ਪਾਈ

ਖਬਰਾਂ ਦੇਸ ਪੰਜਾਬ ਦੀਆਂ:

• ਕੈਪਟਨ ਦੇ ਕੇਂਦਰ ਨੂੰ ਧਮਕੀ ਕਿੰਨੀ ਕੁ ਸਾਰਥਿਕ:

• ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਨੂੰ ਲਾਗੂ ਕਰਨ ਦੀ ਜਿਦ ਦੀ ਵੱਡੀ ਕੀਮਤ ਤਾਰਨੀ ਪਵੇਗੀ • ਕੈਪਟਨ ਨੇ ਕਿਹਾ ਕਿ ਇਹ ਵੰਡ ਪਾਊ ਨਾ.ਸੋ.ਕਾ. ਨੂੰ ਪੰਜਾਬ ਵਿੱਚ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਕੀਤਾ ਜਾਵੇਗਾ

ਪੁਲਿਸ ਮੁਖੀ ਦੀ ਨਿਯੁਕਤੀ ਖਿਲਾਫ ਅਰਜੀ ‘ਤੇ ਫੈਸਲਾ ਰਾਖਵਾਂ ਰੱਖਿਆ:

• ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਨੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਫੈਸਲਾ ਰਾਖਵਾਂ ਰੱਖ ਲਿਆ ਹੈ

• ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ 1985 ਬੈਚ ਦੇ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫਾ ਅਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਦਿੱਤੀ ਸੀ • ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਤਿਆਰ ਕੀਤੇ ਪੈਨਲ ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਯੂ.ਪੀ.ਐਸ.ਸੀ. ਨੇ ਪੈਨਲ ਤਿਆਰ ਕਰਦੇ ਸਮੇਂ ਯੋਗਤਾ ਅਤੇ ਮੈਰਿਟ ਨੂੰ ਨਜ਼ਰ ਅੰਦਾਜ਼ ਕੀਤਾ ਹੈ

ਸੱਤਾ ਦੀ ਦੌੜ ਲਈ ਮਸ਼ਕਾਂ:

• ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਢੀਂਡਸਾ ਪਿਓ-ਪੁੱਤਰ ਨਾਲ ਹੱਥ ਮਿਲਾਉਣ ਦੇ ਸੰਕੇਤ ਦਿੱਤੇ • ਬੈਂਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਜੇ ਕੋਈ ਵੱਡੇ ਫੈਸਲੇ ਲੈਣ ਦੀ ਲੋੜ ਪਈ ਤਾਂ ਉਹ ਵੀ ਲਵਾਂਗੇ

ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:

ਈਰਾਨ ਜਾਣ ਵਿਰੁੱਧ ਹਦਾਇਤਾਂ ਜਾਰੀ:

• ਈਰਾਨ ਅਮਰੀਕਾ ਦੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਹਦਾਇਤ ਜਾਰੀ ਕੀਤੀ

ਇਰਾਨੀ ਸਫ਼ੀਰ ਦਾ ਬਿਆਨ:

• ਭਾਰਤ ਵਿੱਚ ਇਰਾਨ ਦੇ ਰਾਜਦੂਤ ਡਾ. ਅਲੀ ਚੇਗੇਨੀ ਨੇ ਕਿਹਾ ਕਿ ਜੋ ਹਮਲਾ ਅਸੀਂ ਅਮਰੀਕੀ ਫੌਜੀ ਅੱਡਿਆਂ ਤੇ ਕੀਤਾ ਉਹ ਸਾਡੀ ਪ੍ਰਤੀਕਿਰਿਆ ਦਾ ਹਿੱਸਾ ਸੀ • ਡਾਕਟਰ ਅਲੀ ਨੇ ਕਿਹਾ ਕਿ ਜਨਰਲ ਕਾਸਮ ਸੁਲੇਮਾਨੀ ਦੀਆਂ ਅੰਤਿਮ ਰਸਮਾਂ ਵਿਚ ਹਿੱਸਾ ਲੈਣ ਆਏ ਲੱਖਾਂ ਲੋਕਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਸੀ • ਰਾਜਦੂਤ ਨੇ ਕਿਹਾ ਕਿ ਅਸੀਂ ਯੁੱਧ ਨਹੀਂ ਚਾਹੁੰਦੇ ਅਸੀਂ ਭਾਰਤੀ ਉਪਮਹਾਂਦੀਪ ਸਮੇਤ ਸਾਰੇ ਖਿੱਤੇ ਵਿੱਚ ਸ਼ਾਂਤੀ ਚਾਹੁੰਦੇ ਹਾਂ

ਨੌਜਵਾਨ ਬਹੁਜਨ ਆਗੂ ਦੇ ਇਲਾਜ ਦੀ ਹਦਾਇਤ ਜਾਰੀ:

• ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਭੀਮ ਆਰਮੀ ਮੁਖੀ ਚੰਦਰ ਸ਼ੇਖਰ ਆਜ਼ਾਦ ਰਾਵਣ ਦਾ ਇਲਾਜ ਕਰਵਾਉਣ ਦੀ ਹਦਾਇਤ ਦਿੱਤੀ

• ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਾਰਨ ਚੰਦਰਸ਼ੇਖਰ ਨੂੰ 21 ਦਸੰਬਰ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਤੋਂ ਉਹ ਜੇਲ੍ਹ ਵਿੱਚ ਨਜ਼ਰਬੰਦ ਹੈ • ਉਸ ਨੂੰ ਖੂਨ ਪਤਲਾ ਹੋ ਜਾਣ ਦੀ ਬਿਮਾਰੀ ਹੈ ਜਿਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ

ਕਸ਼ਮੀਰ ਬਾਰੇ:

• ਜੰਮੂ ਕਸ਼ਮੀਰ ਵਿੱਚ ਦੌਰਾ ਕਰਨ ਜਾ ਰਹੇ ਵਿਦੇਸ਼ੀ ਪ੍ਰਤੀਨਿਧੀ ਮੰਡਲ ਦਾ ਹਿੱਸਾ ਨਹੀਂ ਬਣੇਗਾ ਯੂਰਪੀਅਨ ਯੂਨੀਅਨ • ਕਿਹਾ ਕਿ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧ ਕਿਸੇ ਵੀ ਤਰ੍ਹਾਂ ਦੇ “ਗਾਇਡਡ ਟੂਰ” ਦੇ ਪੱਖ ਵਿੱਚ ਨਹੀਂ ਹਨ ਅਤੇ ਉਹ ਬਾਅਦ ਵਿੱਚ ਉੱਥੇ ਜਾਣਗੇ • ਜ਼ਿਕਰਯੋਗ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਵਿਦੇਸ਼ੀ ਪ੍ਰਤੀਨਿਧ ਮੰਡਲ ਨੂੰ ਦੋ ਦਿਨਾਂ ਜੰਮੂ ਕਸ਼ਮੀਰ ਦੌਰੇ ਲਈ ਸੱਦਾ ਭੇਜਿਆ ਹੈ ਤੇ ਇਸ ਵਿੱਚ ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਪ੍ਰਤੀਨਿਧ ਸ਼ਾਮਲ ਹੋਣਗੇ ਜੋ 9 ਅਤੇ 10 ਜਨਵਰੀ 2020 ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ • ਯੂਰਪੀਅਨ ਯੂਨੀਅਨ ਨੇ ਕਿਹਾ ਕਿ ਉਹ ਸਵੈ ਇੱਛਾ ਨਾਲ ਖ਼ੁਦ ਚੁਣੇ ਹੋਏ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਉਹ ਜੰਮੂ ਕਸ਼ਮੀਰ ਦੇ ਤਿੰਨਾਂ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ,ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਵੀ ਮਿਲਣਾ ਚਾਹੁੰਦੇ ਹਨ

ਮੋਦੀ-ਸ਼ਾਹ ਅਸਾਮ ਜਾਣ ਤੋਂ ਪਾਸਾ ਵੱਟ ਰਹੇ ਨੇ:

• ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿੱਚ ਹੋਣ ਜਾ ਰਹੇ “ਖੇਲੋ ਇੰਡੀਆ ਯੂਥ ਗੇਮਜ਼” ਦੇ ਉਦਘਾਟਨ ਤੇ ਜਾਣਾ ਰੱਦ ਕੀਤਾ • 10 ਜਨਵਰੀ ਨੂੰ ਗੁਹਾਟੀ ਵਿੱਚ ਹੋ ਰਹੇ ਇਸ ਉਦਘਾਟਨ ਪ੍ਰੋਗਰਾਮ ਵਿੱਚ ਨਰਿੰਦਰ ਮੋਦੀ ਦੇ ਨਾਲ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜਾਣਾ ਰੱਦ ਕੀਤਾ • ਜ਼ਿਕਰਯੋਗ ਹੈ ਕਿ ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਲਗਾਤਾਰ ਰੋਹ ਵਿਖਾਵੇ ਹੋ ਰਹੇ ਹਨ

• ਇਨ੍ਹਾਂ ਰੋਹ ਵਿਖਾਵਿਆਂ ਦੇ ਚੱਲਦਿਆਂ “ਆਲ ਆਸਾਮ ਸਟੂਡੈਂਟਸ ਯੂਨੀਅਨ” ਅਤੇ “ਨਾਰਥ ਈਸਟ ਸਟੂਡੈਂਟ ਯੂਨੀਅਨ ਵਰਗੇ ਵਿਦਿਆਰਥੀ ਗਰੁੱਪਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭਾਰਤੀ ਉਪ ਮਹਾਂਦੀਪ ਦੇ ਪੂਰਵ-ਉੱਤਰ ਦੇ ਕਿਸੇ ਵੀ ਹਿੱਸੇ ਦਾ ਦੌਰਾ ਕਰਨ ਖ਼ਿਲਾਫ਼ ਸਖਤ ਚਿਤਾਵਨੀ ਦਿੱਤੀ ਸੀ

ਖਬਰਾਂ ਆਰਥਿਕ ਜਗਤ ਦੀਆਂ:

• 10 ਟਰੇਡ ਯੂਨੀਅਨਾਂ ਵੱਲੋਂ ਇੱਕ ਦਿਨ ਦੇ ਭਾਰਤ ਬੰਦ ਦੇ ਸੱਦੇ ਵਾਲੇ ਦਿਨ ਹੀ ਭਾਰਤ ਦੀ ਮੋਦੀ ਸਰਕਾਰ ਨੇ “ਨੀਲਾਂਚਲ ਇਸਪਾਤ ਨਿਗਮ ਲਿਮਟਿਡ” (ਐੱਨ.ਆਈ.ਐੱਨ.ਐੱਲ) ਕੰਪਨੀ ਦੇ ਨਿੱਜੀ ਕਰਨ ਦੀ ਮਨਜ਼ੂਰੀ ਦੇ ਦਿੱਤੀ • ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀ.ਸੀ.ਈ.ਏ) ਦੀ ਬੈਠਕ ਵਿੱਚ ਇਹ ਫੈਸਲਾ ਕੀਤਾ

ਕੌਮਾਂਤਰੀ ਖਬਰਾਂ:

ਅਮਰੀਕੀ ਫੌਜਾਂ ਉੱਤੇ ਕੀਤੇ ਮਿਜ਼ਾਈਲ ਹਮਲੇ ਬਾਰੇ ਈਰਾਨ ਦੇ ਦਾਅਵੇ:

• ਇਰਾਨ ਦੇ ਸਰਕਾਰੀ ਟੀ ਵੀ ਨੇ ਕਿਹਾ ਕਿ ਇਰਾਕ ਵਿੱਚ ਜਿੰਨਾ ਅਮਰੀਕੀ ਫੌਜੀ ਅੱਡਿਆਂ ਉੱਪਰ ਮਿਜ਼ਾਇਲ ਹਮਲਾ ਕੀਤਾ ਗਿਆ ਸੀ ਉਸ ਵਿੱਚ 80 ਅਮਰੀਕੀ ਫੌਜੀ ਮਾਰੇ ਗਏ ਹਨ • ਟੀ.ਵੀ. ਚੈਨਲ ਨੇ ਕਿਹਾ ਕਿ ਇਸ ਵਿੱਚ ਅਮਰੀਕੀ ਹੈਲੀਕਾਪਟਰਾਂ ਅਤੇ ਹੋਰ ਫ਼ੌਜੀ ਉਪਕਰਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ • ਈਰਾਨ ਨੇ ਕਿਹਾ ਕਿ ਜੇ ਅਮਰੀਕਾ ਨੇ ਕੋਈ ਜਵਾਬੀ ਕਾਰਵਾਈ ਕੀਤੀ ਤਾਂ ਹੋਰ 100 ਜਗ੍ਹਾ ਇਰਾਨ ਦੇ ਨਿਸ਼ਾਨੇ ਉੱਪਰ ਹਨ • ਹਾਲਾਂਕਿ ਅਮਰੀਕਾ ਨੇ ਕਿਹਾ ਕਿ ਸਾਡਾ ਕੋਈ ਵੀ ਫ਼ੌਜੀ ਨਹੀਂ ਮਰਿਆ ਬਸ ਥੋੜ੍ਹਾ ਜਿਹਾ ਨੁਕਸਾਨ ਹੋਇਆ ਹੈ

• ਈਰਾਨ ਦੇ ਸਰਵਉੱਚ ਧਾਰਮਿਕ ਆਗੂ ਆਇਤੁੱਲਾ ਖਮੀਨੀ ਨੇ ਕਿਹਾ ਕਿ ਅਮਰੀਕਾ ਦੇ ਫ਼ੌਜੀ ਅੱਡਿਆਂ ਉੱਤੇ ਇਰਾਨ ਦੇ ਇਹ ਹਮਲੇ ਅਮਰੀਕਾ ਦੇ ਮੂੰਹ ਉੱਪਰ ਚਪੇੜ ਹਨ • ਖਮੀਨੀ ਨੇ ਕਿਹਾ ਕਿ ਦੁਨੀਆਂ ਉੱਪਰ ਆਪਣੀ ਧੌਂਸ ਜਮਾਉਣ ਵਾਲੇ ਅਮਰੀਕਾ ਨੂੰ ਸਬਕ ਸਿਖਾਉਣ ਲਈ ਇਰਾਨੀ ਸਮਰੱਥ ਹਨ • ਖਮੀਨੀ ਨੇ ਕਿਹਾ ਕਿ ਅਮਰੀਕਾ ਦੇ ਖਿਲਾਫ਼ ਐਸੇ ਹਮਲੇ ਨਾ ਕਾਫ਼ੀ ਹਨ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪੂਰੇ ਖਿੱਤੇ ਵਿੱਚੋਂ ਅਮਰੀਕਾ ਦੀ ਮੌਜੂਦਗੀ ਦਾ ਹੀ ਅੰਤ ਕੀਤਾ ਜਾਵੇ

ਮਿਜ਼ਾਈਲ ਹਮਲਾ ਤਣਾਅ ਘਟਾਉਣ ਵੱਲ ਚੁੱਕਿਆ ਕਦਮ:

• ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਫੌਜੀ ਅੱਡਿਆਂ ਉੱਤੇ ਮਿਜ਼ਾਈਲਾਂ ਨਾਲ ਕੀਤੇ ਹਮਲੇ ਨੂੰ ਅਜਿਹਾ ਕਦਮ ਮੰਨਿਆ ਜਾ ਰਿਹਾ ਹੈ ਜਿਸ ਨਾਲ ਕਿਤਨਾ ਕੱਟ ਸਕਦਾ ਹੈ • ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਰਾਨ ਵੱਲੋਂ ਇਸ ਤੋਂ ਵੀ ਸਖ਼ਤ ਕਾਰਵਾਈ ਦੀ ਉਮੀਦ ਕੀਤੀ ਜਾ ਸਕਦੀ ਸੀ • ਮਿਜ਼ਾਈਲ ਹਮਲਾ ਇਸ ਪੱਧਰ ਦੀ ਕਾਰਵਾਈ ਸੀ ਜੇ ਈਰਾਨ ਇਸ ਨੂੰ ਜਨਰਲ ਸੁਲੇਮਾਨੀ ਦੇ ਕਤਲ ਦਾ ਬਦਲਾ ਦਰਸਾ ਸਕਦਾ ਹੈ • ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਇਹ ਹਮਲਾ ਅਜਿਹੇ ਪੱਧਰ ਦਾ ਸੀ ਕਿ ਅਮਰੀਕਾ ਇਸ ਦੇ ਜਵਾਬ ਵਿੱਚ ਹੋਰ ਸਖ਼ਤ ਕਾਰਵਾਈ ਸ਼ਾਇਦ ਨਾ ਕਰੇ

ਇਰਾਨ ਲਈ ਲਗਾਤਾਰ ਵੱਧ ਰਹੀਆਂ ਮੁਸੀਬਤਾਂ:

• ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋਇਆ • ਯੂਕ੍ਰੇਨ ਦਾ ਹਵਾਈ ਜਹਾਜ਼ ਬੋਇੰਗ 747 ਉੱਡਣ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ • 7900 ਫੁੱਟ ਤੇ ਉੱਡ ਰਹੇ ਜਹਾਜ਼ ਵਿੱਚ ਸਵਾਰ ਸਾਰੇ 180 ਯਾਤਰੀਆਂ ਦੀ ਮੌਤ ਹੋ ਗਈ • ਇਸ ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਹੀ ਈਰਾਨ ਦੇ ਦੱਖਣ ਪੱਛਮੀ ਖੇਤਰ ਦੇ ਬੁਸ਼ਹਿਰ ਸਥਿਤ ਦੀ ਨਿਊਕਿਲਰ ਪਾਵਰ ਪਲਾਂਟ ਦੇ ਕੋਲ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ • ਭੂਚਾਲ ਦੀ ਤੀਬਰਤਾ 4.9 ਅਤੇ 5.5 ਰਿਕਟਰ ਪੈਮਾਨੇ ਤੇ ਮਾਪੀ ਗਈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: