ਸਿੱਖ ਖਬਰਾਂ

26 ਜਨਵਰੀ ਨੂੰ ਸ਼ਹੀਦ ਕੀਤੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

February 4, 2021 | By

ਡਿਬਡਿਬਾ/ਉੱਤਰ-ਪ੍ਰਦੇਸ਼: 26 ਜਨਵਰੀ 2021 ਦੀ ਕਿਸਾਨੀ ਪਰੇਡ ਮੌਕੇ ਦਿੱਲੀ ਦੇ ਆਈ.ਟੀ.ਓ. ਵਿਖੇ ਸ਼ਹੀਦ ਹੋਏ ਨੌਜਵਾਨ ਸ਼ਹੀਦ ਨਵਰੀਤ ਸਿੰਘ ਨਮਿੱਤ ਅੱਜ ਪਿੰਡ ਡਿਬਡਿਬਾ ਵਿਖੇ ਕਰਵਾਏ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ, ਇਲਾਕਾ ਨਿਵਾਸੀਆਂ, ਕਿਸਾਨ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਨਵਰੀਤ ਸਿੰਘ ਪੰਥ ਸੇਵਕ, ਲੇਖਕ ਅਤੇ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੁ ਆਗੂ ਭਾਈ ਹਰਦੀਪ ਸਿੰਘ ਡਿਬਡਿਬਾ ਦਾ ਪੋਤਰਾ ਸੀ। ਨਵਰੀਤ ਸਿੰਘ ਨੂੰ 26 ਜਨਵਰੀ ਦੀ ਕਿਸਾਨ ਪਰੇਡ ਮੌਕੇ ਆਈ.ਟੀ.ਓ. ਵਿਖੇ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਟਰੈਕਟਰ ਪਲਟ ਗਿਆ। ਪੁਲਿਸ ਵੱਲੋਂ ਨਵਰੀਤ ਸਿੰਘ ਦੇ ਗੋਲੀ ਲੱਗੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਪਰਿਵਾਰ ਦੇ ਮ੍ਰਿਤਕ ਦੇਹ ਉੱਤੇ ਗੋਲੀ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਕੀਤੀ ਹੈ।

ਅੱਜ ਦੇ ਸਮਾਗਮ ਚ ਸ਼ਹੀਦ ਨਵਰੀਤ ਸਿੰਘ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਗਾਇਨ ਕੀਤਾ।

ਕਿਸਾਨੀ ਸੰਘਰਸ਼ ਦੀ ਮਜਬੂਤੀ ਹੀ ਪਰਿਵਾਰ ਨੂੰ ਧਰਵਾਸ ਦੇਵੇਗੀ: ਭਾਈ ਹਰਦੀਪ ਸਿੰਘ ਡਿਬਡਿਬਾ

ਇਸ ਸਮਾਗਮ ਵਿੱਚ ਬੋਲਦਿਆਂ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਭਨਾਂ ਜੀਆਂ ਦਾ ਇੱਥੇ ਆਉੱਣਾ ਤਾਂ ਹੀ ਪਰਿਵਾਰ ਨੂੰ ਧਰਵਾਸ ਦੇਵੇਗਾ ਜੇਕਰ ਆਪਾਂ ਸਭ ਕਿਸਾਨੀ ਸੰਘਰਸ਼ ਨੂੰ ਮਜਬੂਤੀ ਦੇਈਏ ਅਤੇ ਵਧ ਚੜ੍ਹ ਕੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰੀਏ।

ਸ਼ਹੀਦੀ ਮਾਰਚ 7 ਫਰਵਰੀ ਨੂੰ

ਇਸ ਸਮਾਗਮ ਦੌਰਾਨ ਐਲਾਨ ਕੀਤਾ ਕਿ ਸ਼ਹੀਦ ਨਵਰੀਤ ਸਿੰਘ ਦੀ ਯਾਦ ਵਿੱਚ ਇੱਕ ਸ਼ਹੀਦੀ ਮਾਰਚ 7 ਫਰਵਰੀ 2021 ਨੂੰ ਨਵਾਬਗੰਜ, ਬਿਲਾਸਪੁਰ, ਰਾਮਪੁਰ, ਮੁਰਾਦਾਬਾਦ ਤੋਂ ਗਾਜ਼ੀਪੁਰ ਬਾਰਡਰ ਵਿਖੇ ਲਿਜਾਇਆ ਜਾਵੇਗਾ। ਭਾਈ ਹਰਦੀਪ ਸਿੰਘ ਡਿਬਡਿਬਾ ਨੇ ਸੰਗਤਾਂ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਅੱਜ ਦੀ ਅਰਦਾਸ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਧੀਰ ਸਿੰਘ, ਸ਼੍ਰੋ.ਗੁ.ਪ੍ਰ.ਕ. ਮੈਂਬਰ ਕਰਨੈਲ ਸਿੰਘ ਪੰਜੌਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੁਲਤਾਰ ਸਿੰਘ ਸੰਧਵਾਂ ਆਦਿ ਹਾਜਿਰ ਹੋਏ।

ਕਿਸਾਨ ਆਗੂਆਂ ਵਿੱਚੋਂ ਰਾਕੇਸ਼ ਟਿਕੈਤ ਦਾ ਪੁੱਤਰ ਗੌਰਵ ਟਿਕੈਤ, ਗੁਰਮਾਨ ਸਿੰਘ ਚੜੂਨੀ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ,ਬਲਦੇਵ ਸਿੰਘ ਸਿਰਸਾ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚੋਂ ਕਾਂਗਰਸ ਪਾਰਟੀ ਦੀ ਆਗੂ ਪ੍ਰਿਅੰਕਾ ਗਾਧੀ ਤੋਂ ਇਲਾਵਾ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਦੇ ਆਗੂ ਵੀ ਹਾਜ਼ਿਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।