ਖਾਸ ਖਬਰਾਂ

ਚੀਨ ਦੀਆਂ ਜੁਗਤਾਂ (ਐਪਾਂ) ਰੋਕਣ ਦੀ ਮਾਰ ਇੰਡੀਆ ਦੀਆਂ ‘ਸਟਾਰਟ-ਅੱਪ’ ਕੰਪਨੀਆਂ ਨੂੰ ਪਵੇਗੀ: ਚੀਨੀ ਮਾਹਿਰ

July 1, 2020 | By

ਚੰਡੀਗੜ੍ਹ: ਇੰਡੀਆ ਵੱਲੋਂ ਟਿੱਕਟਾਕ, ਕੈਮ-ਸਕੈਨਰ, ਸ਼ੇਅਰ-ਇਟ ਅਤੇ ਵੀ-ਚੈਟ ਸਮੇਤ 59 ਚੀਨੀ ਜੁਗਤਾਂ (ਐਪਾਂ) ਉੱਤੇ ਰੋਕ ਲਾਉਣ ਦਾ ਚੀਨੀ ਹਲਕਿਆਂ ਵੱਲੋਂ ਤਿੱਖਾ ਪ੍ਰਤੀਕਰਮ ਆਇਆ ਹੈ।

ਖਬਰ ਏਜੰਸੀ ਰਿਊਟਰਜ ਦੇ ਮੁਤਾਬਿਕ ਬੀਜਿੰਗ ਵੱਲੋਂ ਕਿਹਾ ਗਿਆ ਹੈ ਕਿ ਉਹ ਇੰਡੀਆ ਵੱਲੋਂ ਚੀਨੀ ਜੁਗਤਾਂ (ਐਪਾਂ) ਬੰਦ ਕਰਨ ਬਾਰੇ ਬਹੁਤ ਚਿੰਤਤ (ਸਟਰੌਂਗਲੀ ਕੰਸਰਨਡ) ਹੈ ਅਤੇ ਉਸ ਵੱਲੋਂ ਹਾਲਾਤ ਦੀ ਤਸਦੀਕ ਕੀਤੀ ਜਾ ਰਹੀ ਹੈ।

ਚੀਨੀ ਅਖਬਾਰ ਗਲੋਬਲ ਟਾਈਮਜ [ਜਿਸ ਨੂੰ ਕਿ ਚੀਨ ਦੀ ਕਮਿਊਨਿਟਸ ਪਾਰਟੀ ਦੇ ਬੁਲਾਰੇ (ਮਾਊਥਪੀਸ) ਵੱਜੋਂ ਜਾਣਿਆ ਜਾਂਦਾ ਹੈ] ਨੇ ਕਿਹਾ ਹੈ ਕਿ ‘ਚੀਨੀ ਜੁਗਤਾਂ (ਐਪਾਂ) ਉੱਤੇ ਰੋਕ ਨਾਲ ਇੰਡੀਅਨ ਨਵੀਆਂ ਕੰਪਨੀਆਂ (ਸਟਾਰਟ-ਅੱਪਸ) ਨੂੰ ਨੁਕਸਾਨ ਪਹੁੰਚੇਗਾ ਅਤੇ ਚੀਨੀ ਕੰਪਨੀਆਂ ਇੰਡੀਆ ਵਿੱਚ ਨਿਵੇਸ਼ ਕਰਨ ਤੋਂ ਟਾਲਾ ਵੱਟਣਗੀਆਂ।

ਯਿੰਕ ਲਾਅ ਫਰਮ ਦੇ ਇੰਡੀਆ ਇਨਵੈਸਟਮੈਂਟ ਸਰਵਿਸ ਸੈਂਟਰ ਦੇ ਕਾਰਜਕਾਰੀ ਸਾਂਝੀਦਾਰ (ਐਗਜ਼ੀਕਿਉਟਿਵ ਪਾਰਟਨਰ) ਸ਼ਿਆ ਜੁਨ ਦੇ ਹਵਾਲੇ ਨਾਲ ਗਲੋਬਲ ਟਾਈਮਜ਼ ਨੇ ਇੰਡਅਨ ਸਰਕਾਰ ਦੇ ਵਤੀਰੇ ਨੂੰ “ਬਚਕਾਨਾ ਅਤੇ ਭਾਵੁਕ” ਕਾਰਵਾਈ ਦੱਸਦਿਆਂ ਕਿਹਾ ਹੈ ਕਿ ਚੀਨੀ ਜੁਗਤਾਂ ਉੱਤੇ ਲਾਈ ਗਈ ਰੋਕ “ਇੰਡੀਆ ਵਿੱਚ ਹੋਰ ਚੀਨੀ ਨਿਵੇਸ਼ ਲਈ ਬਹੁਤ ਮਾੜਾ ਸੰਕੇਤ ਹੈ”।

ਇੰਡੀਆ ਦੀ ਇਕ ਪ੍ਰਬੰਧਕੀ ਖੇਤਰ (ਮੈਨਜਮੈਂਟ) ਕੰਪਨੀ ਆਈਰਨ ਪਿੱਲਰ ਫੰਡ ਮੁਤਾਬਿਕ ਸਾਲ 2019 ਦੇ ਅਖੀਰ ਤੱਕ ਇੰਡੀਆ ਦੀਆਂ 31 ਯੁਨੀਕੋਰਨ (ਨਵੀਆਂ) ਕੰਪਨੀਆਂ ਵਿਚੋਂ ਅੱਧੀਆਂ ਵਿੱਚ ਅਲੀਬਾਬਾ ਅਤੇ ਟੈਨਸੈਂਟ ਜਿਹੀਆਂ ਦਿਓ ਕੱਦ ਚੀਨੀ ਤਕਨੀਕੀ ਕੰਪਨੀਆਂ ਨੇ ਨਿਵੇਸ਼ ਕੀਤਾ ਸੀ।

ਜਿਕਰਯੋਗ ਹੈ ਕਿ ਪੇ-ਟੀਐਮ, ਜੁਮੈਟੋ ਅਤੇ ਓਲਾ ਜਿਹੀਆਂ ਨਾਮੀ ਇੰਡੀਅਨ ਕੰਪਨੀਆਂ ਵਿੱਚ ਵੀ ਚੀਨੀ ਨਿਵੇਸ਼ਕਾਂ ਦਾ ਖਾਸਾ ਸਿਰਮਾਇਆ ਲੱਗਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,