ਅੰਮ੍ਰਿਤਸਰ, ਪੰਜਾਬ (23 ਅਕਤੂਬਰ, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪਰਧਾਨੀ ਨੇ ਇਸ ਸੰਬੰਧੀ ਸਾਂਝੇ ਰੂਪ ਵਿਚ ਸਿੱਖ ਸੰਗਤ ਦੇ ਨਾਂ ਇਕ ਅਪੀਲ ਜਾਰੀ ਕੀਤੀ ਹੈ ਕਿ ਸੰਗਤਾਂ ਵੱਲੋਂ 31 ਤਰੀਕ ਨੂੰ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਬੇਅੰਤ ਸਿੰਘ ਜੀ ਨਮਿਤ ਹੋਣ ਵਾਲੀ ਸਲਾਨਾ ਅਰਦਾਸ ਵਿਚ ਵਧਵੀਂ ਸ਼ਮੂਲੀਅਤ ਕੀਤੀ ਜਾਵੇ।
ਇਸ ਸੰਬੰਧੀ ਇਨ੍ਹਾਂ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿਚ ਜਾਰੀ ਕੀਤੇ ਗਏ ਇਸ ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ “ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਪਾਪ ਕੀਤਾ; ਭਾਈ ਬੇਅੰਤ ਸਿੰਘ ਨੇ ਪਾਪੀ ਨੂੰ ਸਜ਼ਾ ਦਿੱਤੀ”।
ਦਲ ਖਾਲਸਾ ਅਤੇ ਪੰਚ ਪਰਧਾਨੀ ਨੇ ਇਸ ਇਸ਼ਤਿਹਾਰ ਰਾਹੀਂ ਸਿੱਖ ਸੰਗਤਾਂ ਨੂੰ 31 ਅਕਤੂਬਰ ਨੂੰ ਸਵੇਰੇ 8 ਵਜੇ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।