ਖਾਸ ਖਬਰਾਂ

6 ਮਾਰਚ ਦੀ ਫੈਸਲੇ ਦੀ ਘੜੀ; ਪੰਜਾਬ ਅਤੇ ਸਿੱਖ

By ਸਿੱਖ ਸਿਆਸਤ ਬਿਊਰੋ

March 05, 2012

ਲੁਧਿਆਣਾ (5 ਮਾਰਚ, 2012 – ਸਿੱਖ ਸਿਆਸਤ): ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ 30 ਜਨਵਰੀ, 2012 ਨੂੰ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੱਲ ਭਾਵ 6 ਮਾਰਚ, 2012 ਨੂੰ ਹੋਣ ਜਾ ਰਿਹਾ ਹੈ। ਅੱਜ ਸਾਰੇ ਪ੍ਰਮੁੱਖ ਅਖਬਾਰ ਤੇ ਟੀ. ਵੀ. ਕਹਿ ਰਹੇ ਹਨ ਕਿ ਫੈਸਲੇ ਦੀ ਘੜੀ ਨੇੜੇ ਆ ਚੁੱਕੀ ਹੈ ਤੇ ਕਿਆਸਰਾਈਆਂ ਦਾ ਦੌਰ ਖਤਮ ਹੋਣ ਵਾਲਾ ਹੈ। ਕਾਂਗਰਸ, ਆਕਲੀ-ਭਾਜਪਾ ਅਤੇ ਪੀ. ਪੀ. ਪੀ ਤੇ ਖੱਬੇ-ਪੱਖੀਆਂ ਦੇ ਸਾਂਝੇ ਮੋਰਚੇ ਦੀ ਵੋਟ ਕਾਰਗੁਜ਼ਾਰੀ ਅਤੇ ਪੰਜਾਬ ਵਿਚ ਨਵੀਂ ਸਰਕਾਰ ਬਣਨ ਬਾਰੇ ਕੱਲ ਪਤਾ ਲੱਗ ਜਾਵੇਗਾ, ਪਰ ਕੀ ਇਹ ਫੈਸਲੇ ਦੀ ਘੜੀ ਪੰਜਾਬ ਦੇ ਲੋਕਾਂ ਲਈ ਕੋਈ ਸੁਖਾਵੀਂ ਤਬਦੀਲੀ ਵੀ ਲੈ ਕੇ ਆਵੇਗੀ? ਇਸ ਸਵਾਲ ਤੇ ਇਸ ਦੇ ਜਵਾਬ ਵੱਲ ਚੋਣ ਨਤੀਜਿਆਂ ਦੇ ਐਲਾਨ ਦੇ ਸ਼ੋਰ-ਸ਼ਰਾਬੇ ਵਿਚ ਕੋਈ ਧਿਆਨ ਦੇਣ ਦੀ ਖੇਚਲ ਨਹੀਂ ਕਰ ਰਿਹਾ।

ਪੰਜਾਬ ਸਮੇਤ ਭਾਰਤ ਦੇ ਪੰਜ ਸੂਬਿਆਂ ਵਿਚ ਚੋਣਾਂ ਹੋਈਆਂ ਹਨ ਤੇ ਇਹ ਸਾਰਾ ਅਮਲ 3 ਮਾਰਚ ਨੂੰ ਪੂਰਾ ਹੋਇਆ ਹੈ। ਇਸ ਅਮਲ ਬਾਰੇ ਹਰ ਸੁਹਿਰਦ ਸੋਚ ਵਾਲਾ ਵਿਅਕਤੀ ਇਹ ਟਿੱਪਣੀ ਕਰ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿਚ ਕੋਈ ਗੰਭੀਰ ਮੁੱਦਾ ਨਹੀਂ ਸੀ। ਚੋਣ ਮਹੌਲ ਵਿਚ ਬਹੁਤ ਹੀ ਸਤਹੀ/ਨੀਵੇਂ ਪੱਧਰ ਦੀ ਸਿਆਸਤ ਭਾਰੂ ਰਹੀ। ਪੰਜਾਬ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਗੰਭੀਰ ਮਸਲੇ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤੇ ਗਏ।

ਪੰਜਾਬ ਮਸਲਾ ਅਤੇ ਸਿੱਖ ਸਰੋਕਾਰ ਆਪਸ ਵਿਚ ਤਕਰੀਬਨ ਇਕ-ਮਿਕ ਹਨ ਤੇ ਬੀਤੇ ਸਮੇਂ ਦੌਰਾਨ ਜਿਸ ਤਰ੍ਹਾਂ ਸਿੱਖਾਂ ਨੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਆਪਾ ਵਾਰਿਆ ਹੈ ਉਹ ਇਸ ਗੱਲ ਦੀ ਪ੍ਰਤੱਖ ਗਵਾਹੀ ਹੈ। ਪੰਜਾਬ ਦੀ ਸਭਿਆਚਾਰ ਇਕਾਈ ਦੀ ਅਗਵਾਈ ਸਿੱਖ ਕਰਦੇ ਰਹੇ ਹਨ, ਜਿਸ ਕਾਰਨ ਸਿੱਖਾਂ ਦਾ ਸਿੱਧਾ ਟਕਰਾਅ ਭਾਰਤ ਦੀ ਫਾਸ਼ੀਵਾਦੀ ਕੇਂਦਰੀ ਤਾਕਤ ਨਾਲ ਹੈ।

ਇਸ ਵਾਰ ਦੇ ਚੋਣ ਮਹੌਲ ਵਿਚੋਂ ਸਿੱਖ ਸਰੋਕਾਰਾਂ ਦੇ ਨਾਲ-ਨਾਲ ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਵੀ ਦ੍ਰਿਸ਼ ਤੋਂ ਲਾਂਭੇ ਹੋਣਾ ਇਕ ਗੰਭੀਰ ਮਸਲਾ ਹੈ। ਇਹ ਅਮਲ ਪੰਜਾਬ ਦੀ ਸਭਿਆਚਾਰਕ ਇਕਾਈ ਦੀ ਹੋਂਦ ਉੱਤੇ ਹੀ ਸਵਾਲੀਆ ਨਿਸ਼ਾਨ ਲਗਾ ਸਕਦਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਵਿਚ ਨਿਜੀ ਤੇ ਹਲਕੇ ਪੱਧਰ ਦੀ ਦੂਸ਼ਣਬਾਜ਼ੀ ਦਾ ਸਿਆਸੀ ਵਰਤਾਰੇ ਵੱਜੋਂ ਪ੍ਰਮੁੱਖਤਾ ਨਾਲ ਉੱਭਰਣਾ ਵੱਡੀ ਗਿਰਾਵਟ ਦੀ ਨਿਸ਼ਾਨੀ ਹੈ।

ਅਜਿਹੇ ਮਹੌਲ ਵਿਚ ਲੋਕਾਂ ਵੱਲੋਂ ਚੋਣਾਂ ਪ੍ਰਤੀ ਦਿਖਾਏ ਗਏ ਦਿਸ਼ਾ-ਹੀਣ ਉਤਸ਼ਾਹ ਨੂੰ ਜਾਰਗੂਤਾ/ਜਾਗ੍ਰਿਤੀ ਕਹਿ ਕੇ ਵਡਿਆਇਆ ਜਾਣਾ ਪੰਜਾਬ ਦੇ ਸਿਆਸੀ ਭਵਿੱਖ ਲਈ ਖਤਰੇ ਵਾਲੀ ਗੱਲ ਹੈ।

ਇਨ੍ਹਾਂ ਚੋਣਾਂ ਨੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਦੇ ਆਗੂਆਂ ਵਿਚ ਪੱਸਰੀ ਸਿਆਸੀ ਚਰਿੱਤਰਹੀਣਤਾ ਨੂੰ ਵੀ ਵੱਡੀ ਪੱਧਰ ਉੱਤੇ ਉਭਾਰਿਆ ਹੈ। ਆਗੂਆਂ ਨੇ ਬਿਆਨਾਂ ਤੋਂ ਲੈ ਕੇ ਦਲ-ਬਦਲਣ ਦੇ ਰੁਝਾਣ ਤੇ ਵੋਟਾਂ ਲਈ ਬਲਾਤਕਾਰ ਤੇ ਕਤਲ ਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਰ-ਨਿੰਦਕ ਪਖੰਡੀ ਸੌਦਾ ਸਾਧ ਸਾਹਮਣੇ ਨੱਕ ਰਗੜਨ ਤੱਕ ਦੇ ਵਰਤਾਰੇ ਇਸੇ ਸਿਆਸੀ ਚਰਿੱਤਰਹੀਣਤਾ ਦੀਆਂ ਨਿਸ਼ਾਨੀਆਂ ਹਨ।

ਸਿਆਸੀ ਆਗੂਆਂ ਤੇ ਪਾਰਟੀਆਂ ਨੇ ਵੋਟਾਂ ਲਈ ਸੌਧਾ ਸਾਧ ਸਾਹਮਣੇ ਜਿਸ ਤਰ੍ਹਾਂ ਗੋਡੇ ਟੇਕੇ ਹਨ ਉਸ ਦਾ ਪ੍ਰਤੱਖ ਮਾੜਾ ਅਸਰ ਪੰਜਾਬ ਦੇ ਮਹੌਲ ਉੱਤੇ ਹੁਣ ਤੋਂ ਹੀ ਦਿਸ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਦੀਆਂ ਘਟਨਾਵਾਂ ਪਿਛਲੇ ਮਹੀਨੇ ਤੋਂ ਬਹੁਤ ਵਧ ਗਈਆਂ ਹਨ ਤੇ ਹੁਣ ਸੌਧਾ ਸਾਧ ਵੱਲੋਂ ਪੁਲਿਸ ਦੀ ਛਤਰ-ਛਾਇਆ ਹੇਠ ਮੁੜ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਅਖਬਾਰੀ ਸੂਤਰਾਂ ਅਨੁਸਾਰ ਆਉਂਦੇ ਦਿਨ੍ਹਾਂ ਵਿਚ ਪੰਜਾਬ ਅੰਦਰ ਸੌਧਾ ਸਾਧ ਦੀਆਂ ਸਰਗਰਮੀਆਂ ਵੱਡੀ ਪੱਧਰ ਉੱਪਰ ਹੋਣ ਜਾ ਰਹੀਆਂ ਹਨ।

ਅਜਿਹੇ ਮਹੌਲ ਵਿਚ ਇਹ ਸਵਾਲ ਜਰੂਰ ਕਰਨਾ ਬਣਦਾ ਹੈ ਕਿ ਜਿਸ ਫੈਸਲੇ ਦੀ ਘੜੀ ਨੇੜੇ ਆ ਗਈ ਹੈ ਉਸ ਦਾ ਪੰਜਾਬ ਅਤੇ ਸਿੱਖ ਪੰਥ ਦੇ ਸਰੋਕਾਰਾਂ ਉੱਤੇ ਕੀ ਅਸਰ ਪਵੇਗਾ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: