ਸਿਆਸੀ ਖਬਰਾਂ

ਮੁਹਾਲੀ ‘ਚ ਚੋਣ ਜ਼ਾਬਤੇ ਦੀ ਉਲੰਘਣਾ ‘ਚ ਬਾਦਲ ਦਲ, ਕਾਂਗਰਸ, ‘ਆਪ’ ਸਮੇਤ ਹੋਰ ਦਲਾਂ ਨੂੰ 72 ਨੋਟਿਸ ਜਾਰੀ

February 3, 2017 | By

ਮੁਹਾਲੀ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਕਰੀਬ 117 ਨੋਟਿਸ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸੱਤਾਧਾਰੀ ਬਾਦਲ ਦਲ ਨੂੰ ਸਭ ਤੋਂ ਵੱਧ ਨੋਟਿਸ ਜਾਰੀ ਹੋਏ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਅਕਾਲੀ ਦਲ ਬਾਦਲ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ 21 ਤੇ ਚੋਣ ਪ੍ਰਚਾਰ ’ਤੇ ਖਰਚਾ ਕਰਨ ਸਬੰਧੀ ਸਮੇਂ ਸਿਰ ਹਿਸਾਬ ਨਾ ਦੇਣ ਦੇ ਦੋਸ਼ ਵਿੱਚ 16 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਅਨੁਪ੍ਰੀਤਾ ਜੌਹਲ

ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਅਨੁਪ੍ਰੀਤਾ ਜੌਹਲ

ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 14 ਨੋਟਿਸ ਤੇ ਸਮੇਂ ਸਿਰ ਚੋਣ ਮੁਹਿੰਮ ਦੌਰਾਨ ਕੀਤੇ ਖਰਚੇ ਦਾ ਹਿਸਾਬ ਨਾ ਦੇਣ ਦੇ ਦੋਸ਼ ਵਿੱਚ 12 ਨੋਟਿਸ ਜਾਰੀ ਕੀਤੇ ਗਏ ਹਨ। ਇੰਝ ਹੀ ਆਮ ਆਦਮੀ ਪਾਰਟੀ (ਆਪ) ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 13 ਅਤੇ ਵੱਖ-ਵੱਖ ਚੋਣ ਰੈਲੀਆਂ, ਚੋਣ ਮੀਟਿੰਗਾਂ ਤੇ ਹੋਰ ਚੋਣ ਪ੍ਰਚਾਰ ਸਮੱਗਰੀ ਸਬੰਧੀ ਵੇਰਵਾ ਨਾ ਦੇਣ ਦੇ ਦੋਸ਼ ਵਿੱਚ 10 ਨੋਟਿਸ ਜਾਰੀ ਕੀਤੇ ਗਏ ਹਨ। ਚੋਣ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ‘ਆਪ’ ਦੇ ਹੱਕ ਵਿੱਚ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਚੋਣ ਰੈਲੀ ਦੌਰਾਨ ਆਪ ਵਾਲੰਟੀਅਰਾਂ ਤੇ ਆਮ ਲੋਕਾਂ ਦਾ ਮਨੋਰੰਜਨ ਕਰਨ ਸਬੰਧੀ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਖਾਤੇ ਵਿੱਚ ਬੱਬੂ ਮਾਨ ਦੀ ਸਟੇਜ ਦਾ ਕਰੀਬ 60 ਹਜ਼ਾਰ ਰੁਪਏ ਖਰਚਾ ਜੋੜਿਆ ਹੈ। ਇਸ ਤੋਂ ਇਲਾਵਾ ਰੈਲੀ ਵਿੱਚ ਜੁਟੀ ਭੀੜ ਤੇ ਖਾਣ-ਪੀਣ ਦਾ ਵੱਖਰਾ ਖਰਚਾ ਜੋੜਿਆ ਗਿਆ ਹੈ।

ਚੋਣ ਅਧਿਕਾਰੀ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 5 ਤੇ ਚੋਣ ਖਰਚੇ ਸਬੰਧੀ ਸਮੇਂ ਸਿਰ ਹਿਸਾਬ ਨਾ ਦੇਣ ਬਾਬਤ 3 ਨੋਟਿਸ ਜਾਰੀ ਕੀਤੇ ਗਏ ਹਨ। ਇੰਜ ਹੀ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਐਸਪੀ) ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 4 ਤੇ ਖਰਚੇ ਸਬੰਧੀ 2 ਨੋਟਿਸ ਜਾਰੀ ਕੀਤੇ ਗਏ ਹਨ। ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੂਬਾਈ ਪ੍ਰਧਾਨ ਇੰਜ. ਗੁਰਕਿਰਪਾਲ ਸਿੰਘ ਮਾਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ 2 ਤੇ ਖਰਚੇ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੋਈ ਵੀ ਉਮੀਦਵਾਰ ਸਿਰਫ਼ 28 ਲੱਖ ਰੁਪਏ ਤੱਕ ਹੀ ਖਰਚਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 3 ਵਾਰ ਉਮੀਦਵਾਰਾਂ ਦੇ ਖ਼ਰਚਿਆਂ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ ਤੇ ਵੋਟਾਂ ਪੈਣ ਤੋਂ 25 ਦਿਨਾਂ ਬਾਅਦ ਚੋਣਾਂ ਸਬੰਧੀ ਮੁਕੰਮਲ ਖ਼ਰਚੇ ਦੀ ਸਮੀਖਿਆ ਕਰਕੇ ਆਪਣੀ ਰਿਪੋਰਟ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਵੋਟਰਾਂ ਨੂੰ ਸ਼ਰਾਬ ਵਰਤਾਉਣ ਬਾਰੇ ਸ਼ਿਕਾਇਤ ਮਿਲੀ ਸੀ ਪਰ ਜਦੋਂ ਉਡਣ ਦਸਤੇ ਦੀ ਟੀਮ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਤਾਂ ਸ਼ਿਕਾਇਤ ਝੂਠੀ ਪਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,