ਲੇਖ » ਸਿੱਖ ਖਬਰਾਂ

ਭਾਈ ਸੁਰਿੰਦਰ ਪਾਲ ਸਿੰਘ ਨੂੰ ਸ਼ਰਧਾਂਜਲੀ – ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!

August 22, 2010 | By

ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਚੋਟੀ ਦੇ ਜੁਝਾਰੂ ਆਗੂਆਂ ਦੇ ਸਿਰਾਂ ਦੇ ਲੱਖਾਂ ਰੁਪਏ ਇਨਾਮ ਰੱਖੇ ਹੋਏ ਸਨ। ਮੈਂ ਤੇ ਦਲਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਰੋਵਰ ਦੇ ਕਿਨਾਰੇ ‘ਤੇ ਬੈਠੇ ਸੀ ਅਤੇ ਸਿੱਖ ਲਹਿਰ ਦੇ ਭਵਿੱਖ ਬਾਰੇ ਗੱਲਾਂ ਚੱਲ ਰਹੀਆਂ ਸਨ। ਮੀਂਹ ਦੀ ਕੋਈ ਕੋਈ ਕਣੀ ਵੀ ਸਾਡੇ ਉਤੇ ਡਿੱਗ ਰਹੀ ਸੀ। ਇਤਫ਼ਾਕ ਵਸ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ‘ਬੇਗਮ ਪੁਰਾ ਸਹਿਰ ਕਾ ਨਾਓ‘ ਸ਼ਬਦ ਦੀ ਗੂੰਝ ਸਾਰੇ ਵਾਤਾਵਰਣ ਨੂੰ ਸੁਹਾਵਣਾ ਬਣਾ ਰਹੀ ਸੀ। ਅਚਾਨਕ ਸਾਡੇ ਦੌਰਾਨ ਚੱਲ ਰਹੀ ਰਾਜਨੀਤਕ ਬਹਿਸ ਇਸ ਪਵਿੱਤਰ ਸ਼ਬਦ ਵਿਚ ਲੁਕੇ ਸਿਧਾਂਤ ਨਾਲ ਜੁੜ ਗਈ ਸੀ। ਮੈਂ ਦਲਜੀਤ ਸਿੰਘ ਨੂੰ ਹਸਦਿਆਂ ਇਹ ਸਵਾਲ ਕਰ ਰਿਹਾ ਸੀ ਕਿ ਤੁਹਾਡੇ ਰਾਜ ਵਿਚ ‘ਬੇ-ਗਮ ਪੁਰਾ ਸਹਿਰ‘ ਦੀ ਨੁਹਾਰ ਕਿਸ ਤਰ੍ਹਾਂ ਹੋਵੇਗੀ, ਯਾਨਿ ਭਗਤ ਰਵਿਦਾਸ ਜੀ ਵਲੋਂ ਉਚਾਰੇ ਗਏ ਇਸ ਸ਼ਬਦ ਦੇ ਰਾਜਨੀਤਕ ਅਰਥ ਕੀ ਹਨ। ਉਸ ਸਮੇਂ ਨਾਲ ਹੀ ਮੇਰੀਆਂ ਨਜ਼ਰਾਂ ਅਜਿਹੇ ਨੌਜਵਾਨ ਉਤੇ ਵੀ ਟਿਕੀਆਂ ਹੋਈਆਂ ਸਨ ਜੋ ਸਾਡੇ ਬਹੁਤ ਨੇੜੇ ਕਦੇ ਇਧਰ ਤੇ ਕਦੇ ਓਧਰ ਚੱਕਰ ਕੱਟ ਰਿਹਾ ਸੀ। ਮੈਂ ਇਹ ਵੀ ਨੋਟ ਕੀਤਾ ਕਿ ਜਿਵੇਂ ਉਸ ਦੀ ਡੱਬ ਵਿਚ ਸ਼ਾਇਦ ਰਿਵਾਲਵਰ ਵੀ ਸੀ। ਦਲਜੀਤ ਸਿੰਘ ਨੂੰ ਪਤਾ ਲੱਗ ਗਿਆ ਕਿ ਮੇਰਾ ਧਿਆਨ ਕਿਸੇ ਹੋਰ ਪਾਸੇ ਵੱਲ ਵੀ ਹੈ। ਝੱਟ ਹੀ ਉਸ ਮੁੰਡੇ ਨੂੰ ਬੁਲਾਇਆ ਇਹ ਸੁੰਦਰ ਸੁਨੱਖਾ, ਲੰਮਾ ਗੱਭਰੂ ਸੁਰਿੰਦਰ ਪਾਲ ਸਿੰਘ ਸੀ।

ਭਾਈ ਸੁਰਿੰਦਰ ਪਾਲ ਸਿੰਘ

ਭਾਈ ਸੁਰਿੰਦਰ ਪਾਲ ਸਿੰਘ

ਸੁਰਿੰਦਰ ਪਾਲ ਸਿੰਘ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਉਸ ਨੂੰ ਮਿਲਣ ਤੋਂ ਪਿਛੋਂ ਜਿਹੜੀ ਪਹਿਲੀ ਗੱਲ ਮੈਂ ਝੱਟ ਪੱਟ ਮਹਿਸੂਸ ਕੀਤੀ ਉਹ ਇਹ ਸੀ ਕਿ ਉਸ ਦੀ ਸਖ਼ਸ਼ੀਅਤ ਵਿਚ ਨਾ ਹੀ ਕਾਹਲਾਪਨ ਸੀ, ਨਾ ਹੀ ਚੰਚਲ ਬਿਰਤੀ ਅਤੇ ਨਾ ਹੀ ਅਨਾੜੀਪਣਾ ਜੋ ਉਸ ਦੌਰ ਦੇ ਕਈ ਨੌਜਵਾਨਾਂ ਵਿਚ ਅਕਸਰ ਵੇਖਿਆ ਜਾ ਸਕਦਾ ਸੀ। ਉਸ ਪਿਛੋਂ ਗਾਹੇ ਬਗਾਹੇ ਹੋਰ ਮੁਲਾਕਾਤਾਂ ਵੀ ਸੁਰਿੰਦਰ ਪਾਲ ਸਿੰਘ ਨਾਲ ਹੁੰਦੀਆਂ ਰਹੀਆਂ।

ਫਿਰ ਇਕ ਦਿਨ ਪਤਾ ਲੱਗਾ ਕਿ ਉਹ ਫੜਿਆ ਗਿਆ ਹੈ ਅਤੇ ਪੁਲਿਸ ਦੀ ਹਿਰਾਸਤ ਵਿਚ ਹੈ। ਪਰ ਪੁਲਿਸ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਦੇ ਰਹੀ। ਖ਼ਬਰਾਂ ਮੁਤਾਬਕ ਉਸ ਉਤੇ ਜਿਸਮਾਨੀ ਤੇ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਸੀ। ਉਹ ਕਈ ਸਾਲ ਜੇਲ ਵਿਚ ਵੀ ਨਜ਼ਰਬੰਦ ਰਿਹਾ। ਜੇਲ ਦੀ ਰਿਹਾਈ ਪਿਛੋਂ ਮੈਂ ਫਿਰ ਉਸ ਨੂੰ ਮਿਲਿਆ ਤੇ ਕਈ ਵਾਰ ਮਿਲਿਆ। ਹੁਣ ਉਸ ਵਿਚ ਸਹਿਜ ਸੀ, ਇਕ ਧੀਰਜ ਸੀ, ਠਰ੍ਹੰਮਾ ਸੀ। ਉਹ ਜੁਝਾਰੂ ਲਹਿਰ ਦੇ ਡਿੱਗ ਜਾਣ ਦੇ ਕਾਰਨਾ ਵਿਚ ਡੂੰਘਾ ਉਤਰਨਾ ਚਾਹੁੰਦਾ ਸੀ ਅਤੇ ਇਹ ਵੀ ਜਾਨਣਾ ਚਾਹੁੰਦਾ ਸੀ ਕਿ ਖ਼ਾਲਸਾ ਪੰਥ ਦੀ ਇਤਿਹਾਸਕ ਚਾਲ ਦੀ ਪ੍ਰਮੁੱਖ ਧਾਰਾ ਕਿਸ ਧਰਾਤਲ ਉਤੇ ਵਿਚਰ ਰਹੀ ਹੈ। ਇਸ ਦਿਸ਼ਾ ਵਿਚ ਉਹ ਦਾਨਸ਼ਵਰਾਂ ਦੀਆਂ ਰਾਵਾਂ ਲੈਣ ਲਈ ਉਤਾਵਲਾ ਸੀ।

ਇਹ ਉਹ ਦੌਰ ਸੀ ਜਦੋਂ ਹਰ ਪਾਸੇ ਸੰਘਣਾ ਹਨੇਰਾ ਸੀ। ਚੰਗੇ ਚੰਗਿਆਂ ਉਤੇ ਵਿਚਾਰਧਾਰਕ ਧੁੰਦ ਦਾ ਪਹਿਰਾ ਸੀ। ਦੂਜੇ ਪਾਸੇ ਹਜ਼ਾਰਾਂ ਨੌਜਵਾਨਾਂ ਦੀਆਂ ਸ਼ਹਾਦਤਾਂ ਪਿਛੋਂ ਸਮੇਂ ਦੀ ਸਰਕਾਰ, ਰੇਡਿਓ, ਟੀਵੀ, ਅਖ਼ਬਾਰਾਂ ਅਤੇ ਰਸਾਲਿਆਂ ਨੇ ਇਕਮੁੱਠ ਹੋ ਕੇ, ਇਕ ਜਾਨ ਹੋ ਕੇ ਜੁਝਾਰੂ ਲਹਿਰ ਨੂੰ ਬਦਨਾਮ ਕਰਨ ਲਈ ਅਨੇਕ ਪੱਖਾਂ ਤੋਂ ਇਕਪਾਸੜ ਤੂਫ਼ਾਨ ਝੁਲਾਇਆ ਹੋਇਆ ਸੀ। ਨਿਰਪੱਖ ਪੱਤਰਕਾਰੀ ਦੀਆਂ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਲਵਿਦਾ ਕਹਿ ਦਿਤਾ ਗਿਆ ਸੀ। ਲਹਿਰ ਨੂੰ ਖਲਨਾਇਕ ਸਾਬਤ ਕਰਨ ਲਈ ਮਨਭਾਉਂਦੇ ਬੁੱਧੀਜੀਵੀਆਂ ਨੂੰ ਚੁਣ ਚੁਣ ਕੇ ਮੈਦਾਨ ਵਿਚ ਉਤਾਰਿਆ ਗਿਆ ਸੀ। ‘ਹਉ ਭਾਲ ਵਿਕੁੰਨੀ ਹੋਈ ਆਂਧੇਰੇ ਰਾਹ ਨ ਦਿਸੈ ਕੋਈ‘ ਵਾਲੀ ਹਾਲਤ ਨੇ ਪੰਥ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਸੀ। ਗੁਰਬਾਣੀ ਮੁਤਾਬਕ ਕੋਈ ਕੋਈ ‘ਹਰਿਓ ਬੂਟ‘ ਨਜ਼ਰ ਆਉਂਦਾ ਸੀ। ਮੈਨੂੰ ਇਹ ਵਿਸ਼ਵਾਸ਼ ਹੋ ਗਿਆ ਸੀ ਕਿ ਸੁਰਿੰਦਰ ਪਾਲ ਸਿੰਘ ਉਨ੍ਹਾਂ ਹਰੀਆਂ ਕਚੂਚ ਟਾਹਣੀਆਂ ਵਿਚੋਂ ਇਕ ਟਾਹਣੀ ਸੀ ਜੋ ਇਨ੍ਹਾਂ ਬਿਖੜੇ ਸਮਿਆਂ ਵਿਚ ਇਤਿਹਾਸਕ ਰੋਲ ਅਦਾ ਕਰ ਸਕਦੀ ਸੀ।

ਮੈਂ ਇਥੇ ਇਤਿਹਾਸ ਦੀ ਇਕ ਭੁੱਲੀ ਵਿਸਰੀ ਯਾਦ ਤੁਹਾਡੇ ਚੇਤਿਆਂ ਵਿਚ ਤਾਜ਼ਾ ਕਰਨਾ ਚਾਹੁੰਦਾ ਹਾਂ। ਬੰਦਾ ਸਿੰਘ ਬਹਾਦਰ ਤੇ ਉਸ ਦੇ ਕਰੀਬ 800 ਸਾਥੀਆਂ ਦੀ ਸ਼ਹਾਦਤ ਪਿਛੋਂ ਪੰਜਾਬ ਵਿਚ ਇਕ ਵਾਰ ਪੂਰੀ ਸੁੰਨਮਸਾਨ ਛਾ ਗਈ ਸੀ। ਡਰ, ਬੇਵਿਸ਼ਵਾਸ਼ੀ ਅਤੇ ਥਕ ਜਾਣ ਦੀਆਂ ਬਿਰਤੀਆਂ ਭਾਰੂ ਹੋ ਗਈਆਂ ਸਨ। ਉਨ੍ਹਾਂ ਔਖੇ ਸਮਿਆਂ ਵਿਚ ਨਵਾਬ ਕਪੂਰ ਸਿੰਘ ਪਿੰਡ ਪਿੰਡ ਜਾ ਕੇ ਸਿੰਘਾਂ ਨੂੰ ਜਥੇਬੰਦ ਕਰ ਰਹੇ ਸਨ। ਸੰਘਰਸ਼ ਨੂੰ ਨਵੇਂ ਸਿਰਿਉਂ ਚਲਾਉਣ ਲਈ ਉਨ੍ਹਾਂ ਨੇ ਵਿਚਾਰਾਂ ਦੀ ਇਕ ਜੰਗ ਚਲਾਈ ਹੋਈ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਕੌਮ ਮੁੜ ਆਪਣੇ ਪੈਰਾਂ ‘ਤੇ ਖੜੀ ਹੋ ਗਈ ਸੀ ਅਤੇ ਉਸ ਪਿਛੋਂ ਕੀ ਹੋਇਆ, ਇਹ ਸਾਡੇ ਸ਼ਾਨਾਮੱਤੇ ਇਤਿਹਾਸ ਦਾ ਸੁਨਹਿਰੀ ਕਾਂਡ ਹੈ।

ਕਰੀਬ ਇਸੇ ਤਰ੍ਹਾਂ ਹੀ ਸੁਰਿੰਦਰ ਪਾਲ ਸਿੰਘ ਨੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਘੁੰਮ ਘੁੰਮ ਕੇ ਘਰਾਂ ਵਿਚ ਬੈਠੇ ਵੀਰਾਂ ਨੂੰ ਮਿਲਣਾ ਸ਼ੁਰੂ ਕੀਤਾ। ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝੇ ਕੀਤੇ ਜਿਨ੍ਹਾਂ ਦੇ ਘਰ ਘਾਟ ਬਰਬਾਦ ਕਰ ਦਿਤੇ ਗਏ ਸਨ, ਜਿਨ੍ਹਾਂ ਦੀਆਂ ਫ਼ਸਲਾਂ ਤਬਾਹ ਕਰ ਦਿਤੀਆਂ ਗਈਆਂ ਸਨ ਅਤੇ ਇਥੋਂ ਤਕ ਕਿ ਉਨ੍ਹਾਂ ਦੇ ਟਰੈਕਟਰ, ਖੇਤੀ ਦੇ ਸੰਦ ਤੇ ਖੇਤਾਂ ਵਿਚੋਂ ਮੋਟਰਾਂ ਪੁੱਟ ਕੇ ਉਨ੍ਹਾਂ ਨੂੰ ਥਾਣਿਆਂ ਵਿਚ ‘ਨਜ਼ਰਬੰਦ‘ ਕੀਤਾ ਹੋਇਆ ਸੀ। ਸੁਰਿੰਦਰ ਪਾਲ ਸਿੰਘ ਨੂੰ ਘਰਾਂ ਵਿਚ ਬੈਠੇ ਥੱਕ ਚੁਕੇ ਵੀਰਾਂ ਨੂੰ ਜਥੇਬੰਦ ਕਰਨ ਅਤੇ ਰੁੱਸਿਆਂ ਨੂੰ ਮਨਾਉਣ ਵਿਚ ਵੱਡੀ ਸਫ਼ਲਤਾ ਹਾਸਲ ਹੋਈ:  ਹਾਲਾਂਕਿ ਇਹ ਵੀ ਸੱਚਾਈ ਹੈ ਕਿ ਕਈ ਵਾਰ ਉਹ ਉਦਾਸ ਵੀ ਹੋ ਜਾਂਦੇ ਸਨ, ਕਿਉਂਕਿ ਬੁਝ ਰਹੇ ਚਿਰਾਗਾਂ ਨੂੰ ਸੰਭਾਲਣਾ ਕੋਈ ਆਸਾਨ ਖੇਡ ਨਹੀਂ ਸੀ। ਇਹੋ ਜਿਹੇ ਉਦਾਸ ਪਲਾਂ ਵਿਚ ਉਹ ਕਿਸੇ ਸ਼ਾਇਰ ਦੀਆਂ ਇਹ ਸਤਰਾਂ ਸੁਣਾ ਕੇ ਪੰਥ ਉਤੇ ਆਪਣਾ ਗੁਝਾ ਰੋਸ ਪ੍ਰਗਟ ਕਰਿਆ ਕਰਦੇ ਸਨ:

ਫੁਟੇ ਕਿਸੇ ਦਰਾਂ ‘ਤੇ ਤਾਂ ਹੁੰਗਾਰੇ ਦੀ ਰੌਸ਼ਨੀ
ਬੋਲਾ ਹੈ ਜੱਗ ਕਿ ਮੇਰੀਓ ਆਵਾਜ਼ ਬਹਿ ਗਈ।

ਸਾਰੀਆਂ ਰੁਕਾਵਟਾਂ ਦੇ ਬਾਵਜੂਦ ਉਸ ਦੇ ਯਤਨਾਂ ਨੂੰ ਬੂਰ ਪਿਆ। ਉਹ ਸ਼ਹੀਦ ਹੋਏ ਨੌਜਵਾਨਾਂ ਦੇ ਦਰਦ ਨੂੰ ਰਾਜਨੀਤਕ ਰੰਗ ਦੇਣਾ ਚਾਹੁੰਦਾ ਸੀ। ਉਹ ਖ਼ਾਲਸਾ ਪੰਥ ਦੀ ਤਕਦੀਰ ਨੂੰ ਬੌਧਿਕ ਮੋੜ ਦੇਣ ਦੀ ਰੀਝ ਰੱਖਦਾ ਸੀ। ਉਸ ਦੇ ਅੰਦਰ ਚੇਤਨਾ ਦੇ ਉੱਚੇ ਸੰਤੁਲਨ ਨੂੰ ਪ੍ਰਾਪਤ ਕਰਨ ਦੀ ਤਾਂਘ ਸੀ, ਇਕ ਡੂੰਘੀ ਤਮੰਨਾ ਸੀ। ਇਸ ਮਨੋਰਥ ਲਈ ਉਸ ਵਲੋਂ ਕੀਤੇ ਤਿੰਨ ਕੰਮ ਖ਼ਾਲਸਾ ਪੰਥ ਦੇ ਸੁਚੇਤ ਤੇ ਵਿਚਾਰਧਾਰਕ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਇਕ, ਉਸ ਨੇ ਪੰਥ ਦੀ ਹਰੇਕ ਵੰਨਗੀ, ਹਰੇਕ ਪਰਤ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ‘ਸਿੱਖ ਸ਼ਹਾਦਤ‘ ਨਾਂ ਦਾ ਮੈਗਜ਼ੀਨ ਆਰੰਭ ਕੀਤਾ। ਦੂਜਾ, ਵਿਦਿਆਰਥੀਆਂ ਨੂੰ ਜਗਦੇ ਅਤੇ ਜਾਗਦੇ ਇਤਿਹਾਸ ਦਾ ਹਿੱਸਾ ਬਣਾਉਣ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰ ਗਠਨ ਕੀਤਾ ਅਤੇ ਤੀਜਾ, ਉਨ੍ਹਾਂ ਨੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਘੇਰੇ ਨੂੰ ਵਿਸ਼ਾਲ ਤੇ ਮਜ਼ਬੂਤ ਬਣਾਉਣ ਲਈ ਦਿਨ ਰਾਤ ਇਕ ਕਰ ਦਿਤਾ। ਇਸ ਤੋਂ ਇਲਾਵਾ ਜੇਲਾਂ ਵਿਚ ਨਜ਼ਰਬੰਦ ਵੀਰਾਂ ਦੇ ਕੇਸਾਂ ਦੀ ਪੈਰਵੀ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਪਹੁੰਚਾਉਣ ਵਿਚ ਵੀ ਉਨ੍ਹਾਂ ਦੇ ਰੋਲ ਨੂੰ ਇਤਿਹਾਸ ਯਾਦ ਰੱਖੇਗਾ।

ਪੁਲਿਸ ਹਿਰਾਸਤ ਵਿਚ ਮਾਨਸਿਕ ਤੇ ਜਿਸਮਾਨੀ ਤਸ਼ੱਦਦ ਨੇ ਉਨ੍ਹਾਂ ਨੂੰ ਕਈ ਗੁਝੀਆਂ ਬਿਮਾਰੀਆਂ ਲਾ ਦਿਤੀਆਂ ਸਨ। ਮੈਂ ਖੁਦ ਕਈ ਵਾਰ ਵੇਖਿਆ ਕਿ ਕਈ ਵਾਰ ਉਨ੍ਹਾਂ ਦੇ ਸਿਰ ਵਿਚ ਅਚਾਨਕ ਭਿਆਨਕ ਦਰਦ ਉਠਦੀ ਪਰ ਫਿਰ ਵੀ ਉਸ ਦਾ ਹਰੇਕ ਸਾਹ ਖ਼ਾਲਸਾ ਪੰਥ ਨੂੰ ਸਮਰਪਿਤ ਸੀ। ਗੁਰਬਾਣੀ ਦੀ ਇਕ ਸਤਰ ਯਾਦ ਆ ਰਹੀ ਹੈ:

‘ਕਾਗ ਉਡਾਵਤ ਭੁਜਾ ਪਿਰਾਨੀ, ਕਹੁ ਕਬੀਰ ਇਹ ਕਥਾ ਸਿਰਾਨੀ‘।।

ਮੈਨੂੰ ਹੁਣ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਇਹੋ ਕਹਿ ਰਿਹਾ ਸੀ ਕਿ ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ ਹਨ। ਮੇਰੀ ਬਾਂਹ ਥੱਕ ਚੁੱਕੀ ਹੈ ਤੇ ਹੁਣ ਇਹ ਜ਼ਿੰਦਗੀ ਦੀ ਕਹਾਣੀ ਖ਼ਤਮ ਹੋਣ ਲੱਗੀ ਹੈ। ਸੁਰਿੰਦਰ ਪਾਲ ਸਿੰਘ ਸਿੱਖ ਸੰਘਰਸ਼ ਦਾ ਇਕ ਜਗਦਾ ਮਘਦਾ ਪ੍ਰਤੀਕ ਸੀ। ਉਹ ਇਕ ਵਗਦਾ ਦਰਿਆ ਸੀ ਜਿਸ ਨੇ ਕਦੇ ਵੀ ਰੁਕਣਾ ਨਹੀਂ ਸੀ ਸਿਖਿਆ। ਉਹ ਇਕ ਖਿੜਿਆ ਫੁੱਲ ਸੀ ਜਿਸ ਨੂੰ ਮੈਂ ਕਦੇ ਵੀ ਮੁਰਝਾਉਂਦੇ ਹੋਏ ਨਹੀਂ ਸੀ ਤੱਕਿਆ। ਉਹ ਗਾਉਂਦਾ ਪੰਛੀ ਸੀ ਜਿਸ ਨੇ ਜੁਝਾਰੂ ਸੰਘਰਸ਼ ਦੀ ਯਾਦ ਨੂੰ ਕਦੇ ਸੋਕਾ ਨਹੀਂ ਸੀ ਪੈਣ ਦਿਤਾ, ਹਾਲਾਂਕਿ ਇਸ ਸੱਚਾਈ ਤੋਂ ਵੀ ਅਸੀਂ ਅੱਖਾਂ ਨਹੀਂ ਮੀਟ ਸਕਦੇ ਕਿ ਸਿੱਖ ਪੰਥ ਦੀ ਸਮੂਹਕ-ਸੋਚ ਨੂੰ ‘ਭੁੱਲ ਜਾਣ ਦਾ ਰੋਗ‘ ਲੱਗਿਆ ਹੋਇਆ ਹੈ। ਸੁਰਿੰਦਰ ਪਾਲ ਸਿੰਘ ਭਾਵੇਂ ਹੁਣ ਸਾਡੇ ਵਿਚ ਨਹੀਂ, ਪਰ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ‘ਕੂੰਜਾਂ ਦੀਆਂ ਕੂਕਾਂ ਕੂੰਜਾਂ ਦੇ ਲੰਘ ਜਾਣ ਪਿਛੋਂ ਵੀ ਹਵਾ ਵਿਚ ਉਡਦੀਆਂ ਰਹਿੰਦੀਆਂ ਹਨ‘। ਇਸੇ ਤਰ੍ਹਾਂ ਉਸ ਦੇ ਚਲੇ ਜਾਣ ਨਾਲ ਉਸ ਦੀਆਂ ਯਾਦਾਂ ਸਾਡੇ ਦਿਲਾਂ ਵਿਚ ਗੂੰਜਦੀਆਂ ਰਹਿਣਗੀਆਂ ਅਤੇ ਜਾਗਣ ਅਤੇ ਜਗਾਉਣ ਦੀ ਗੁਰਬਾਣੀ ਦੀ ਇਲਾਹੀ ਸੌਗਾਤ ਸਾਡੇ ਦਿਲਾਂ ਅਤੇ ਦਿਮਾਗਾਂ ਨੂੰ ਸਦਾ ਰੌਸ਼ਨ ਕਰਦੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,