Site icon Sikh Siyasat News

‘ਆਪ’ ਗਰਮ ਖਿਆਲੀਆਂ ਨਾਲ ਮਿਲ ਚੁਕੀ ਹੈ; ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਜੇਲ੍ਹਾਂ ਵਿੱਚ ਡੱਕੇ ਜਾਣਗੇ: ਸੁਖਬੀਰ

ਚੰਡੀਗੜ੍ਹ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਵਿੱਚ ਗੈਂਗ ਬਣਾ ਕੇ ਕਾਰਵਾਈਆਂ ਕਰਨ ਵਾਲੇ ਸਾਰੇ ਗਰੁੱਪ ਜਲਦ ਹੀ ਜੇਲ੍ਹਾਂ ਵਿੱਚ ਡੱਕੇ ਜਾਣਗੇ। ਬਾਦਲ ਬਲਾਚੌਰ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਕੁਝ ਗਰਮਖਿਆਲੀ ਗਰੁੱਪਾਂ ਦੇ ਸਰਗਰਮ ਹੋ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਮੇਤ ਕਈ ਗਰਮਖਿਆਲੀ ਸਮੂਹ ਆਪਸ ਵਿੱਚ ਇਕੱਠੇ ਹੋ ਚੁੱਕੇ ਹਨ ਅਤੇ ਸੱਤਾ ਪ੍ਰਾਪਤੀ ਲਈ ਹਰ ਹੀਲਾ ਵਰਤ ਰਹੇ ਹਨ।

ਸੰਗਤ ਦਰਸ਼ਨ ਪ੍ਰੋਗਰਾਮਾਂ ਤਹਿਤ ਬਲਾਚੌਰ ਹਲਕੇ ਵਿਚ ਸੁਖਬੀਰ ਬਾਦਲ

ਬਾਦਲ ਨੇ ਦੱਸਿਆ ਕਿ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਔਰਤਾਂ ਨੂੰ ਭਾਂਡੇ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਉਨ੍ਹਾਂ ਬਲਾਚੌਰ ਹਲਕੇ ਦੀ ਨੁਹਾਰ ਬਦਲਣ ਲਈ ਇੱਕ ਹੀ ਦਿਨ ਵਿੱਚ 92 ਕਰੋੜ ਰੁਪਏ ਦੇ ਪ੍ਰਾਜੈਕਟ ਤੇ ਗਰਾਂਟਾਂ ਜਾਰੀ ਕੀਤੀਆਂ, ਜਿਨ੍ਹਾਂ ਵਿੱਚ ਸੰਗਤ ਦਰਸ਼ਨ ਰਾਹੀਂ 73 ਪੰਚਾਇਤਾਂ ਨੂੰ 25.10 ਕਰੋੜ ਰੁਪਏ ਦੀਆਂ ਵਿਕਾਸ ਗਰਾਂਟਾਂ ਦੇਣ ਤੋਂ ਇਲਾਵਾ ਬਲਾਚੌਰ ਸ਼ਹਿਰ ਦੇ ਲਈ 40 ਕਰੋੜ ਰੁਪਏ ਦਾ ਸੀਵਰੇਜ ਪ੍ਰਾਜੈਕਟ ਤੇ 100 ਫੀਸਦੀ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਪ੍ਰਮੁੱਖ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਮਿਸ਼ਨ ਤਹਿਤ ਵੀ 22.50 ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ। ਸੰਗਤ ਦਰਸ਼ਨ ਦੌਰਾਨ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।

ਇਸ ਮੌਕੇ ਵਿਧਾਇਕ ਚੌਧਰੀ ਨੰਦ ਲਾਲ, ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਵਾਹਿਦ, ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਡੀ.ਆਈ.ਜੀ. ਐਸ.ਕੇ. ਕਾਲੀਆ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐਸ.ਐਸ.ਪੀ. ਨਵੀਨ ਸਿੰਗਲਾ ਆਦਿ ਹਾਜ਼ਰ ਸਨ।

ਅਕਾਲੀ ਭਾਜਪਾ ਗੱਠਜੋੜ ਦੇ ਆਗੂ ਰੋਜ਼ਾਨਾ ਇਕੱਠੇ ਚੋਣਾਂ ਲੜਨ ਦੀਆਂ ਗੱਲਾਂ ਕਰਦੇ ਹਨ ਪਰ ਬਲਾਚੌਰ ਹਲਕੇ ਵਿੱਚ ਹੋਏ ਸੰਗਤ ਦਰਸ਼ਨ ਸਮਾਗਮਾਂ ਵਿੱਚ ਭਾਜਪਾ ਦੇ ਕਿਸੇ ਵੀ ਅਹੁਦੇਦਾਰ ਨੇ ਹਾਜ਼ਰੀ ਨਹੀਂ ਭਰੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version