'ਆਪ' ਆਗੂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

‘ਆਪ’ ਦੇ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਕੀਤਾ ਤਲਬ

By ਸਿੱਖ ਸਿਆਸਤ ਬਿਊਰੋ

September 15, 2016

ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਦੋ ਆਗੂਆਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਤਲਬ ਕਰ ਲਿਆ ਹੈ। ‘ਆਪ’ ਦੇ ਦਿੱਲੀ ਤੋਂ ਮੁਅੱਤਲ ਵਿਧਾਇਕ ਦਵਿੰਦਰ ਸਹਿਰਾਵਤ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਦੋਵਾਂ ਆਗੂਆਂ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਵੰਡਣ ਬਦਲੇ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ‘ਆਪ’ ਦੀ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਾਬਕਾ ਪ੍ਰਧਾਨ ਅਮਨਦੀਪ ਕੌਰ ਨੂੰ ਵੀ 29 ਸਤੰਬਰ ਨੂੰ ਤਲਬ ਕੀਤਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਦਵਿੰਦਰ ਸਹਿਰਾਵਤ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਸ ਨੇ ਸਹਿਰਾਵਤ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ। ਕਮਿਸ਼ਨ ਨੇ ਪ੍ਰੋ. ਬਲਜਿੰਦਰ ਕੌਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਹਿਰਾਵਤ ਨੂੰ ਤਲਬ ਕਰ ਲਿਆ ਸੀ। ਸਹਿਰਾਵਤ ਨੇ ਕਮਿਸ਼ਨ ਕੋਲ ਆਪਣੀ ਜਾਨ ਨੂੰ ਖ਼ਤਰੇ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਉਹ ਅਜੇ ਵੀ ਡਰ ਕਰਕੇ ਵਧੇਰੇ ਮੂੰਹ ਖੋਲ੍ਹਣ ਤੋਂ ਝਿਜਕ ਰਿਹਾ ਹੈ।

ਉਸ ਨੇ ਸੁਰੱਖਿਆ ਮਿਲਣ ਦੀ ਸੂਰਤ ਵਿੱਚ ਹੋਰ ਬੋਲਣ ਦੀ ਇੱਛਾ ਪ੍ਰਗਟਾਈ। ਕਮਿਸ਼ਨ ਨੇ ਸਹਿਰਾਵਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਸੰਜੈ ਸਿੰਘ, ਦੁਰਗੇਸ਼ ਪਾਠਕ ਅਤੇ ਅਮਨਦੀਪ ਕੌਰ ਨੂੰ ਤਲਬ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਹੈ ਕਿ ਸਹਿਰਾਵਤ ਵੱਲੋਂ ‘ਆਪ’ ਦੇ ਨੇਤਾਵਾਂ ਉੱਤੇ ਲਾਏ ਦੋਸ਼ ਬੜੇ ਗੰਭੀਰ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਬਿਆਨ ਬੈਂਚ ਦੀ ਹਾਜ਼ਰੀ ਵਿੱਚ ਲਏ ਗਏ ਹਨ। ਮੁਲਜ਼ਮਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣ ਦਾ ਫੈਸਲਾ ਲਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: