ਪੰਜਾਬ ਦੀ ਰਾਜਨੀਤੀ

ਡਾ. ਬਲਬੀਰ ਧੜੇ ਨੇ ਸੁਖਪਾਲ ਸਿੰਘ ਖਹਿਰਾ ਦੀ ਛੁੱਟੀ ਦਾ ਸਵਾਗਤ ਕਰਦਿਆਂ ਬੈਂਸ ਭਰਾਵਾਂ ‘ਤੇ ਕਲੇਸ਼ ਪਵਾਉਣ ਦਾ ਦੋਸ਼ ਲਾਇਆ

By ਸਿੱਖ ਸਿਆਸਤ ਬਿਊਰੋ

July 28, 2018

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚ ਚੱਲ ਰਹੀ ਅੰਦਰੂਨੀ ਖਿਚੋਤਾਣ ਵਿਚ ਅੱਜ ਪਾਰਟੀ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਨੇ ਬਿਆਨ ਜਾਰੀ ਕਰਕੇ ਦਿੱਲੀ ਦੇ ਆਗੂਆਂ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰਨ ਦਾ ਸਵਾਗਤ ਕੀਤਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਕਰੀਬੀ ਬੈਂਸ ਭਰਾਵਾਂ ‘ਤੇ ਵੀ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ਆਪ ਦੇ ਅੰਦਰੂਨੀ ਸੰਕਟ ਲਈ ਜ਼ਿੰਮੇਵਾਰ ਦੱਸਿਆ।

ਪਾਰਟੀ ਦੀ ਪੰਜਾਬ ਇਕਾਈ ਵਲੋਂ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਯੂਥ ਇਕਾਈ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਮਹਿਲਾ ਇਕਾਈ ਪ੍ਰਧਾਨ ਰਾਜ ਲਾਲੀ ਗਿੱਲ, ਉਦਯੋਗ ਤੇ ਵਪਾਰ ਇਕਾਈ ਦੀ ਪ੍ਰਧਾਨ ਨੀਨਾ ਮਿੱਤਲ ਦੇ ਨਾਂ ਹੇਠ ਜਾਰੀ ਅਖਬਾਰੀ ਬਿਆਨ ਵਿਚ ਕਿਹਾ ਗਿਆ ਕਿ, “ਪਾਰਟੀ ਦੇ ਵਿਧਾਇਕਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਇੱਕ ਗ਼ਰੀਬ ਅਤੇ ਦਲਿਤ ਪਰਿਵਾਰ ਨਾਲ ਸੰਬੰਧਿਤ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ।”

ਆਪ‘ ਮੁੱਖ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਉਪਰੋਕਤ ਆਪ ਆਗੂਆਂ ਨੇ ਕਿਹਾ ਕਿ ਵਿਧਾਇਕ ਅਤੇ ਪਾਰਟੀ ਲੀਡਰਸ਼ਿਪ ਨੇ ਹਰਪਾਲ ਸਿੰਘ ਚੀਮਾ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦੇ ਦਲਿਤ ਅਤੇ ਦੱਬੇ-ਕੁਚਲੇ ਗ਼ਰੀਬ ਵਰਗ ਨੂੰ ਨੁਮਾਇੰਦਗੀ ਦਿੱਤੀ ਹੈ।

ਗੌਰਤਲਬ ਹੈ ਕਿ ਆਪ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਦਰਮਿਆਨ ਕੁਝ ਸਮਾਂ ਪਹਿਲਾਂ ਤੋਂ ਇਕ ਟਕਰਾਅ ਚੱਲ ਰਿਹਾ ਸੀ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਆਮ ਆਦਮੀ ਪਾਰਟੀ ਵਿਚ ਵੱਡੀ ਪਾਟੋਧਾੜ ਦੇ ਅਸਾਰ ਯਕੀਨੀ ਰੂਪ ਧਾਰ ਚੁੱਕੇ ਹਨ।

ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਆਗੂ ਬੈਂਸ ਭਰਾਵਾਂ ‘ਤੇ ਸ਼ਬਦੀ ਹਮਲਾ ਕਰਦਿਆਂ ਉਪਰੋਕਤ ਆਪ ਆਗੂਆਂ ਨੇ ਦੋਵਾਂ ਉੱਤੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਵਾਰ-ਵਾਰ ਸਾਜ਼ਿਸ਼ਾਂ ਰਚਣ ਦਾ ਦੋਸ਼ ਲਗਾਇਆ। ‘ਆਪ‘ ਆਗੂਆਂ ਨੇ ਦੋਸ਼ ਲਾਇਆ ਕਿ ਗੱਠਜੋੜ ਦਾ ਹਿੱਸਾ ਹੁੰਦੇ ਹੋਏ ਵੀ ਬੈਂਸ ਭਰਾਵਾਂ ਨੇ ਆਪਣੀ ਮੌਕਾਪ੍ਰਸਤ ਆਦਤ ਮੁਤਾਬਿਕ ‘ਗੱਠਜੋੜ ਧਰਮ‘ ਨਹੀਂ ਨਿਭਾਇਆ ਅਤੇ ਹਰ ਮੋੜ ‘ਤੇ ਪਾਰਟੀ ਦੀ ਪਿੱਠ ‘ਚ ਛੁਰੇਬਾਜ਼ੀ ਕੀਤੀ।

ਬੈਂਸ ਭਰਾਵਾਂ ਲਈ ਸਖਤ ਸ਼ਬਦ ਵਰਤਦਿਆਂ ਉਪਰੋਕਤ ਆਪ ਆਗੂਆਂ ਨੇ ਕਿਹਾ, “ਸਾਂਝੀਆਂ ਵਿਧਾਇਕ ਬੈਠਕਾਂ ਦੌਰਾਨ ਸ਼ਰੇਆਮ ਪਾਰਟੀ ਤੋੜ ਕੇ ਆਪਣੀ ‘ਮੁਹੱਲਾ ਪਾਰਟੀ ‘ਚ ਸ਼ਾਮਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ, ਹਾਲਾਂਕਿ ਬੈਂਸ ਭਰਾਵਾਂ ਨੂੰ ‘ਆਪ‘ ਵਿਧਾਇਕਾਂ ਤੋਂ ਮੌਕੇ ‘ਤੇ ਹੀ ਖਰੀਆਂ-ਖਰੀਆਂ ਸੁਣਨੀਆਂ ਪਈਆਂ।”

ਜਾਰੀ ਬਿਆਨ ਵਿਚ ‘ਆਪ’ ਆਗੂਆਂ ਨੇ ਪਾਰਟੀ ਦੇ ਵਲੰਟੀਅਰਾਂ ਤੋਂ ਲੈ ਕੇ ਸਾਰੇ ਨੇਤਾਵਾਂ ਨੂੰ ਸੁਚੇਤ ਕੀਤਾ ਕਿ ਉਹ ਬੈਂਸ ਭਰਾਵਾਂ ਦੀ ਮੌਕਾਪ੍ਰਸਤ ਰਾਜਨੀਤੀ ਅਤੇ ਝਾਂਸਿਆਂ ‘ਚ ਆ ਕੇ ਗੁਮਰਾਹ ਹੋਣ ਤੋਂ ਬਚਣ। ‘ਆਪ’ ਆਗੂਆਂ ਨੇ ਪਾਰਟੀ ਵਲੰਟੀਅਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: