ਪ੍ਰਕਾਸ਼ ਸਿੰਘ ਬਾਦਲ, ਗੁਰਪ੍ਰੀਤ ਸਿੰਘ ਵੜੈਚ (ਘੁੱਗੀ) (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਲੋਕਾਂ ਦੀਆਂ ਅੱਖੀਂ ਘੱਟਾ ਪਾਉਣ ਦੀ ਥਾਂ ਕੁਰਬਾਨੀ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਬਾਦਲ: ਆਪ

By ਸਿੱਖ ਸਿਆਸਤ ਬਿਊਰੋ

December 03, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਐਸਵਾਈਐਲ ਦੇ ਮਾਮਲੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਸਿਰਫ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੰਡੀਗੜ੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਐਸਵਾਈਐਲ ਦੇ ਕੰਡੇ ਖੁਦ ਬਾਦਲ ਨੇ ਬੀਜੇ ਸੀ, ਹੁਣ ਫਿਰ ਇਸ ਬਾਰੇ ਉਨ੍ਹਾਂ ਦੀ ਭਾਈਵਾਲ ਭਾਜਪਾ ਦੀ ਮੋਦੀ ਸਰਕਾਰ ਨੇ ਫੈਸਲਾ ਲੈਣਾ ਹੈ, ਪਰ ਮੁੱਖ ਮੰਤਰੀ ਵਾਰ-ਵਾਰ ਇਹ ਕਹਿ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪੰਜਾਬ ਦੇ ਪਾਣੀਆਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਸਬੰਧਤ ਖ਼ਬਰ: ਹੁਣ ਜਨਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਦਰਿਆਈ ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਅੱਗੇ ਆਉਣ: ਬਾਦਲ …

ਵੜੈਚ ਨੇ ਕਿਹਾ ਕਿ ਬਾਦਲ ਵੱਲੋਂ ਅੱਜ ਮੋਦੀ ਉਪਰ ਦਬਾਅ ਪਾ ਕੇ ਐਸਵਾਈਐਲ ਉਤੇ ਪੰਜਾਬ ਦੇ ਹੱਕ ‘ਚ ਪਾਰਲੀਮੈਂਟ ਤੋਂ ਫੈਸਲਾ ਕਰਵਾਉਣ ਦਾ ਮੌਕਾ ਹੈ, ਜੇਕਰ ਮੋਦੀ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਘੱਟੋ-ਘੱਟ ਹਰਸਿਮਰਤ ਕੌਰ ਬਾਦਲ ਤੋਂ ਤੁਰੰਤ ਅਸਤੀਫਾ ਦੁਆ ਕੇ ਭਾਜਪਾ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ।

ਵੜੈਚ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬਾਦਲਾਂ ਵੱਲੋਂ ਸਿਰਫ ਮੋਦੀ ਦੀ ਜੀ-ਹਜ਼ੂਰੀ ਕੀਤੀ ਜਾਂਦੀ ਹੈ, ਜਦਕਿ ਉਨ੍ਹਾਂ ਕੋਲੋਂ ਹੱਕ ਮੰਗਣ ਦੀ ਹਿੰਮਤ ਨਹੀਂ ਹੈ। ਜੇਕਰ ਬਾਦਲ ਸਚਮੁੱਚ ਕੁਰਬਾਨੀ ਕਰਨਾ ਚਾਹੁੰਦੇ ਹਨ, ਤਾਂ ਇਸਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨ ਅਤੇ ਸਭ ਤੋਂ ਪਹਿਲਾਂ ਕੇਂਦਰੀ ਵਜ਼ਾਰਤ ਤੋਂ ਆਪਣੀ ਨੂੰਹਰਾਣੀ ਹਰਸਿਮਰਤ ਬਾਦਲ ਦਾ ਅਸਤੀਫਾ ਦੁਆਉਣ, ਪਰ ਬਾਦਲਾਂ ਨੂੰ ਸਿਰਫ ਸੱਤਾ ਦਾ ਲਾਲਚ ਹੈ, ਜਿਸ ਕਾਰਨ ਉਹ ਮੋਦੀ ਸਰਕਾਰ ਉਤੇ ਬਿਲਕੁਲ ਦਬਾਅ ਨਹੀਂ ਬਣਾਉਣਗੇ। ਉਨਾਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਵਿੱਚ ਉਨ੍ਹਾਂ ਦੀ ਭਾਈਵਾਲ ਹੈ, ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ, ਤਾਂ ਅਜਿਹੇ ਵਿੱਚ ਭਾਜਪਾ ਦੇ ਨਾਲ ਰਿਸ਼ਤੇ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇਕਰ ਹੁਣ ਵੀ ਪੰਜਾਬ ਦੇ ਹੱਕ ਉਤੇ ਮੋਦੀ ਸਰਕਾਰ ਦੀ ਮੋਹਰ ਨਾ ਲਗਵਾ ਸਕੇ ਤਾਂ ਉਨ੍ਹਾਂ ਨੂੰ ਭਾਜਪਾ ਨਾਲ ਗਠਜੋੜ ਕਾਇਮ ਰੱਖਣ ਦਾ ਕੋਈ ਨੈਤਿਕ ਆਧਾਰ ਨਹੀਂ ਰਹਿ ਜਾਂਦਾ।

ਸਬੰਧਤ ਖ਼ਬਰ: ਪੰਜਾਬ ‘ਚੋਂ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿਆਂਗੇ: ਸੁਖਬੀਰ ਬਾਦਲ …

ਗੁਰਪ੍ਰੀਤ ਸਿੰਘ ਵੜੈਚ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਤੇ ਕੇਂਦਰ ਵਿੱਚਲੀ ਮੋਦੀ ਸਰਕਾਰ ਤੋਂ ਪੰਜਾਬ ਦੇ ਹੱਕ ਕਿਵੇਂ ਲੈਣੇ ਹਨ, ਇਹ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਪਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: