ਗੁਜਰਾਤ ਵਿੱਚ ਭਾਜਪਾ ਦੇ ਮੁੜ ਸੱਤਾ 'ਤੇ ਕਾਬਜ਼ ਹੋਣ ਨਾਲ ਕੱਛ ਦੇ ਪੰਜਾਬੀ ਕਿਸਾਨ ਚਿੰਤਤ (ਫਾਈਲ ਫੋਟੋ)

ਸਿਆਸੀ ਖਬਰਾਂ

ਗੁਜਰਾਤ ਵਿੱਚ ਭਾਜਪਾ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਨਾਲ ਕੱਛ ਦੇ ਪੰਜਾਬੀ ਕਿਸਾਨ ਚਿੰਤਤ

By ਸਿੱਖ ਸਿਆਸਤ ਬਿਊਰੋ

December 19, 2017

ਚੰਡੀਗੜ੍ਹ: ਗੁਜਰਾਤ ‘ਚ ਮੁੜ ਭਾਜਪਾ ਦੇ ਸੱਤਾ ‘ਤੇ ਕਾਬਜ਼ ਹੋ ਜਾਣ ਨਾਲ ਪੰਜਾਬੀ ਕਿਸਾਨ ਚਿੰਤਤ ਹੋ ਗਏ ਹਨ। ਪੰਜਾਬੀ ਕਿਸਾਨ ਸਿਆਸੀ ਤਬਦੀਲੀ ਦੀ ਆਸ ਵਿੱਚ ਬੈਠੇ ਸਨ। ਭਾਵੇਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਵਿਧਾਨ ਸਭਾ ਸੀਟ ਅਬਡਾਸਾ ਤੋਂ ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕਾਂਗਰਸੀ ਉਮੀਦਵਾਰ ਪੀ.ਜਡੇਜਾ ਨੂੰ ਜਿਤਾ ਦਿੱਤਾ ਹੈ ਪਰ ਸੱਤਾ ਭਾਜਪਾ ਦੇ ਹੱਥ ਆਉਣ ਕਾਰਨ ਉਹ ਫਿਕਰਮੰਦ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿੱਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ’ਚ ਜ਼ਮੀਨ ਅਲਾਟ ਕੀਤੀ ਸੀ। ਪਿਛਲੇ ਸਮੇਂ ਤੋਂ ਇਨ੍ਹਾਂ ਕਿਸਾਨਾਂ ’ਤੇ ਹਮਲੇ ਹੋ ਰਹੇ ਹਨ। ਕਾਫੀ ਕਿਸਾਨ ਗੁਜਰਾਤ ਛੱਡ ਕੇ ਪੰਜਾਬ ਆ ਗਏ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭੁੱਜ ‘ਚ ਰਹਿੰਦੇ ਕਿਸਾਨ ਜਸਵੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ’ਚ ਆਉਣ ਤੋਂ ਬਾਅਦ ਪੰਜਾਬੀ ਕਿਸਾਨਾਂ ਨੂੰ ਹੁਣ ਨਿਆਂ ਦੀ ਕੋਈ ਉਮੀਦ ਨਹੀਂ ਰਹੀ ਬਲਕਿ ਕਿਸਾਨਾਂ ‘ਚ ਭੈਅ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭੁੱਜ ਇਲਾਕੇ ‘ਚ ਆਏ ਸਨ ਅਤੇ ਪੰਜਾਬੀ ਕਿਸਾਨਾਂ ਨੂੰ ਮਿਲੇ ਸਨ। ਮਨਪ੍ਰੀਤ ਨੇ ਭਰੋਸਾ ਦਿੱਤਾ ਸੀ ਕਿ ਕਾਂਗਰਸ ਸੱਤਾ ਵਿੱਚ ਆਈ ਤਾਂ ਪੰਜਾਬੀ ਕਿਸਾਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦਿਆਂਗੇ। ਦੱਸਣਯੋਗ ਹੈ ਕਿ ਜ਼ਿਲ੍ਹਾ ਕੱਛ ਦੀ ਇਕੱਲੀ ਅਬਡਾਸਾ ਸੀਟ ਹੈ ਜਿਥੇ ਕਾਂਗਰਸ ਜਿੱਤੀ ਹੈ ਅਤੇ ਇਸ ਹਲਕੇ ਵਿੱਚ ਬਹੁਗਿਣਤੀ ਪੰਜਾਬੀ ਕਿਸਾਨਾਂ ਦੀ ਹੈ ਅਤੇ ਕੁਝ ਹਰਿਆਣਾ ਦੇ ਕਿਸਾਨਾਂ ਵੀ ਇਥੇ ਹਨ।

ਇਸ ਸਮੇਂ ਪੰਜਾਬੀ ਕਿਸਾਨਾਂ ਦੇ 28 ਕੇਸ ਸੁਪਰੀਮ ਕੋਰਟ ਵਿੱਚ ਚੱਲ ਰਹੇ ਹਨ। ਗੁਜਰਾਤ ਦੇ ਭੂ-ਮਾਫੀਆ ਦੀ ਮਾਰ ਝੱਲ ਰਹੇ ਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਆਸ ਨਹੀਂ ਹੈ ਬਲਕਿ ਭੂ-ਮਾਫੀਆ ਦੇ ਹੌਂਸਲੇ ਵਧ ਜਾਣੇ ਹਨ। ਕੱਛ ਦੇ ਪਿੰਡ ਕੁਠਾਰਾ ਦੇ ਪ੍ਰਿਥੀ ਸਿੰਘ ਅਤੇ ਮੋਹਨ ਸਿੰਘ ਨੇ ਕਿਹਾ ਕਿ ਹੁਣ ਸ਼ਾਇਦ ਸੁਪਰੀਮ ਕੋਰਟ ਹੀ ਸਾਡੀ ਕੁਝ ਮਦਦ ਕਰ ਸਕੇ। ਲੋਰੀਆ ਦੇ ਵਸਨੀਕ ਹਰਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਨਾਲ ਪੰਜਾਬੀ ਕਿਸਾਨਾਂ ‘ਚ ਦਹਿਸ਼ਤ ਹੈ ਕਿਉਂਕਿ ਭਾਜਪਾ ਦੇ ਸਥਾਨਕ ਆਗੂ ਹੀ ਭੂ-ਮਾਫੀਆ ਦੀ ਪਿੱਠ ਥਾਪੜ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਵੀ ਅਬਡਾਸਾ ਸੀਟ ਤੋਂ ਪੰਜਾਬੀ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕਾਂਗਰਸੀ ਉਮੀਦਵਾਰ ਨੂੰ ਜਿਤਵਾ ਦਿੱਤਾ ਸੀ, ਜੋ ਬਾਅਦ ‘ਚ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਐਤਕੀਂ ਕਿਸਾਨਾਂ ਵਿੱਚ ਗੁੱਸਾ ਜ਼ਿਆਦਾ ਸੀ, ਜਿਸ ਕਰਕੇ ਦੁਬਾਰਾ ਅਬਡਾਸਾ ਸੀਟ ਤੋਂ ਭਾਜਪਾ ਉਮੀਦਵਾਰ ਨੂੰ ਹਰਵਾਉਣ ਲਈ ਪੂਰੀ ਵਾਹ ਲਾਈ ਗਈ ਅਤੇ ਮੁੜ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਉਨ੍ਹਾਂ ਨੇ ਖੂਨ ਪਸੀਨਾ ਡੋਲ੍ਹ ਕੇ ਆਬਾਦ ਕੀਤਾ ਹੈ ਪਰ ਹੁਣ ਭੂ-ਮਾਫੀਆ ਅਤੇ ਸਰਕਾਰੀ ਨੀਤੀ ਇਸ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: