ਪੰਜਾਬ ਦੀ ਰਾਜਨੀਤੀ

ਅਕਾਲੀ-ਭਾਜਪਾ ਨੇ ਆਪਣੇ ਚਹੇਤੇ ਮਾਫੀਆ ਨੂੰ 2021 ਤਕ ਰੇਤ-ਬਜਰੀ ਦੇ ਦਿੱਤੇ ਠੇਕੇ: ‘ਆਪ’

By ਸਿੱਖ ਸਿਆਸਤ ਬਿਊਰੋ

September 25, 2016

ਚੰਡੀਗੜ੍ਹ: ਅਕਾਲੀ- ਭਾਜਪਾ ਅਤੇ ਕਾਂਗਰਸ ਦੀ ਸ਼ਹਿ ਉੱਤੇ ਪੰਜਾਬ ਦੀ ਜਨਤਾ ਨੂੰ ਪਿਛਲੇ ਦੋ ਦਹਾਕਿਆਂ ਤੋਂ ਸਤਾਉਣ ਵਾਲੇ ਰੇਤ-ਬਜਰੀ ਮਾਫੀਆ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕਿੰਨੀ ਦਿਆਲੂ ਹੈ, ਇਸ ਬਾਰੇ ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਵਿੱਚ ਰੇਤਾ-ਬਜਰੀ ਦੀ 90 ਖੱਡਾਂ ਦੀ 2021 ਤੱਕ ਲਈ ਬੋਲੀ ਕਰਵਾ ਦਿੱਤੀ ਗਈ ਹੈ, ਤਾਂ ਕਿ 2017 ਵਿੱਚ ਚੋਣ ਹਾਰ ਜਾਣ ਦੀ ਸੂਰਤ ਵਿੱਚ ਵੀ ਅਕਾਲੀ ਮਾਫੀਆ ਦਾ ਰੇਤਾ- ਬਜਰੀ ਉੱਤੇ ਕਬਜ਼ਾ ਬਣਿਆ ਰਹੇ।

ਆਮ ਆਦਮੀ ਪਾਰਟੀ ਦੇ ਆਰ.ਟੀ.ਆਈ. ਵਿੰਗ ਦੇ ਕੋ-ਕਨਵੀਨਰ ਐਡਵੋਕੇਟ ਦਿਨੇਸ਼ ਚੱਢਾ ਨੇ ਆਰ.ਟੀ.ਆਈ. ਰਾਹੀਂ ਇਕੱਠੇ ਕੀਤੇ ਦਸਤਾਵੇਜ਼ਾਂ ਦੇ ਆਧਾਰ ਉੱਤੇ ਦੱਸਿਆ ਕਿ ਸੱਤਾਧਾਰੀ ਅਕਾਲੀ-ਭਾਜਪਾ ਨੇ ਰੇਤ ਮਾਫੀਆ ਵਿੱਚ ਸਰਗਰਮ ਆਪਣੇ ਚਹੇਤਿਆਂ ਨੂੰ 90 ਖੱਡਾਂ ਦੀ ਬੋਲੀ ਸਾਲ 2021 ਤੱਕ ਲਈ ਕਰਵਾ ਦਿੱਤੀ ਤਾਂ ਕਿ ਇਨ੍ਹਾਂ ਖੱਡਾਂ ਉੱਤੇ ਉਨ੍ਹਾਂ ਦੇ ਰੇਤਾ-ਬਜਰੀ ਮਾਫੀਏ ਦਾ ਕਬਜ਼ਾ ਅਗਲੇ ਪੰਜ ਸਾਲ ਤੱਕ ਬਣਿਆ ਰਹੇ। ਅਸਲ ਸਚਾਈ ਇਹ ਹੈ ਕਿ ਇਸ ਤੋਂ ਪਹਿਲਾਂ ਹਰ ਇੱਕ ਖੱਡੇ ਦੀ ਬੋਲੀ ਦੀ ਮਿਆਦ ਜ਼ਿਆਦਾ ਤੋਂ ਜ਼ਿਆਦਾ ਤਿੰਨ ਸਾਲ ਤੱਕ ਹੁੰਦੀ ਸੀ।

ਦਿਨੇਸ਼ ਚੱਢਾ ਨੇ ਕਿਹਾ, ‘ਪੰਜਾਬ ਦੇ ਹਰ ਵਰਗ ਨੂੰ ਚੂਸ ਰਹੇ ਮਾਈਨਿੰਗ ਮਾਫੀਏ ਦੇ ਮੂੰਹ ਇਸ ਕਦਰ ਖੂਨ ਲੱਗ ਚੁੱਕਿਆ ਹੈ ਕਿ ਇਹ 2017 ਵਿੱਚ ਚੋਣ ਹਾਰ ਕੇ ਵੀ ਰੇਤਾ-ਬਜਰੀ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਕਾਰੋਬਾਰ ਉੱਤੇ ਕਬਜ਼ਾ ਬਣਾਏ ਰੱਖਣਾ ਚਾਹੁੰਦੇ ਹਨ, ਇਸ ਲਈ ਇਨ੍ਹਾਂ ਨੇ 90 ਖੱਡਾਂ ਦੀ ਬੋਲੀ ਤਿੰਨ ਸਾਲ ਦੀ ਬਜਾਏ ਪੰਜ ਸਾਲ ਤੱਕ ਕਰ ਦਿੱਤੀ।’

‘ਆਪ’ ਨੇਤਾ ਨੇ ਦੱਸਿਆ ਕਿ ਬੋਲੀ ਕੀਤੀਆਂ ਗਈਆਂ ਖੱਡਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 19, ਜਲੰਧਰ ਦੀਆਂ 3, ਲੁਧਿਆਣਾ ਦੀਆਂ 6, ਮੋਹਾਲੀ ਦੀਆਂ 12, ਪਠਾਨਕੋਟ ਦੀਆਂ 15, ਗੁਰਦਾਸਪੁਰ ਦੀਆਂ 6, ਮੋਗਾ ਦੀਆਂ 2 ਅਤੇ ਪਟਿਆਲਾ ਜ਼ਿਲ੍ਹੇ ਦੀਆਂ 4 ਖੱਡਾਂ ਸ਼ਾਮਿਲ ਹਨ।

ਦਿਨੇਸ਼ ਚੱਢਾ ਨੇ ਦੱਸਿਆ ਕਿ ਪਹਿਲਾਂ ਕਾਂਗਰਸ ਅਤੇ ਹੁਣ ਅਕਾਲੀ-ਭਾਜਪਾ ਦੀ ਸ਼ਹਿ ਉੱਤੇ ਸਰਗਰਮ ਰੇਤ-ਬਜਰੀ ਮਾਫੀਆ ਕਾਰਨ ਅੱਜ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਿਕਲ ਹੋ ਗਿਆ ਹੈ। ਮਾਫੀਏ ਵਲੋਂ ਕਰੈਸ਼ਰ ਕਾਰੋਬਾਰੀਆਂ ਨੂੰ ਦੱਬਕੇ ਲੁਟਿਆ ਗਿਆ। ਜ਼ਿਆਦਾਤਰ ਕਰੈਸ਼ਰਾਂ ਉੱਤੇ ਸੱਤਾਧਾਰੀ ਦਲ ਦੇ ਆਗੂਆਂ ਅਤੇ ਸਕੇ- ਸਬੰਧੀਆਂ ਦਾ ਕਬਜ਼ਾ ਹੋ ਚੁੱਕਿਆ ਹੈ। ਰੇਤ ਮਾਫੀਏ ਵਲੋਂ ਸ਼ਰੇਆਮ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਆਮ ਆਦਮੀ ਦੀ ਰੋਜ਼ੀ-ਰੋਟੀ ਦਾ ਸਾਧਨ ਟਰੱਕ ਅਤੇ ਟਿੱਪਰਾਂ ਦਾ ਕੰਮ-ਕਾਜ ਸੱਤਾਧਾਰੀ ਪਰਿਵਾਰਾਂ ਵਲੋਂ ਸੰਚਾਲਿਤ ਮਾਫੀਏ ਦੇ ਹੱਥਾਂ ਵਿੱਚ ਚਲਾ ਗਿਆ ਹੈ। ਭ੍ਰਿਸ਼ਟ ਸਰਕਾਰੀ ਮਸ਼ੀਨਰੀ ਦੇ ਨਾਲ ਮਿਲ ਕੇ ਰੇਤ ਮਾਫੀਆ ਕਾਰਨ ਕੋਈ ਕਿਸਾਨ- ਜ਼ਿਮੀਦਾਰ ਆਪਣੀ ਜ਼ਮੀਨ ਤੋਂ ਆਪਣਾ ਘਰ ਬਣਾਉਣ ਲਈ ਇੱਕ-ਅੱਧੀ ਟਰਾਲੀ ਰੇਤ ਦੀ ਨਹੀਂ ਚੁੱਕ ਸਕਦਾ।

‘ਆਪ’ ਆਗੂ ਨੇ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਮਾਈਨਿੰਗ ਦੇ ਖੇਤਰ ਵਿੱਚ ਹੋਈਆਂ ਬੇਨਿਯਮੀਆਂ ਦੀ ਮੁੜ ਪੜਤਾਲ ਕੀਤੀ ਜਾਵੇਗੀ। ਰੇਤ ਮਾਫੀਆ ਅਤੇ ਇਨ੍ਹਾਂ ਦੇ ਸਰਗਨਾ ਨੂੰ ਦਬੋਚਿਆ ਜਾਵੇਗਾ। ਰੇਤ ਮਾਫੀਆ ਨੂੰ ਸ਼ਹਿ ਦੇ ਰਹੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਵਲੋਂ ਆਪਣੇ ਯੂਥ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦੇ ਦੇ ਅਨੁਸਾਰ ਰੇਤ-ਬਜਰੀ ਸਮੇਤ ਹਰ ਪ੍ਰਕਾਰ ਦੇ ਠੇਕੇ ਅਕਾਲੀ, ਭਾਜਪਾ ਅਤੇ ਕਾਂਗਰਸੀ ਆਗੂਆਂ ਤੋਂ ਵਾਪਸ ਲੈ ਕੇ ਇੱਕ ਪਾਰਦਰਸ਼ੀ ਨੀਤੀ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਵੰਡ ਦਿੱਤੇ ਜਾਣਗੇ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅਤੇ ਆਮ ਆਦਮੀ ਨੂੰ ਰੇਤ ਮਾਫੀਏ ਦੀ ਲੁੱਟ ਤੋਂ ਨਿਜਾਤ ਮਿਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: