ਸਿਆਸੀ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਬ) ਦੇ ਮੌਜੂਦਾ ਹਲਾਤ ਬਾਰੇ ਇਕ ਸੰਖੇਪ ਪੜਚੋਲ

By ਸਿੱਖ ਸਿਆਸਤ ਬਿਊਰੋ

July 30, 2022

ਬੀਤੇ ਦਿਨੀਂ ਰੋਜਾਨਾ ਅਖਬਾਰ ਅਜੀਤ ਵਿਚ ਸ. ਹਰਜਿੰਦਰ ਸਿੰਘ ਲਾਲ ਹੋਰਾਂ ਦਾ ਲੇਖ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੌਜੂਦਾ ਹਲਾਤ ਬਾਰੇ ਛਪਿਆ ਜਿਸ ਵਿਚਲੇ ਕੁਝ ਚੋਣਵੇਂ ਨੁਕਤੇ ਲੇਖਕ ਅਤੇ ਮੂਲ ਛਾਪਕ ਦੇ ਧੰਨਵਾਦ ਸਹਿਤ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝੇ ਕਿਤੇ ਜਾ ਰਹੇ ਹਨ:-

੧. ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡਣ ਵਾਲੇ ਪਹਿਲੀ ਜਾਂ ਦੂਸਰੀ ਕਤਾਰ ਦੇ ਆਗੂ ਇਹੀ ਨਾਅਰਾ ਦਿੰਦੇ ਰਹੇ ਹਨ ਕਿ ਉਹ ਇਹ ਕਦਮ ਸਿੱਖ ਕੌਮ ਦੀ ਬਿਹਤਰੀ ਅਤੇ ਸਮੱਸਿਆਵਾਂ ਦੇ ਹੱਲ ਲਈ ਇਹ ਕਦਮ ਚੁੱਕ ਰਹੇ ਹਨ ਪਰ ਉਹਨਾਂ ਦੀ ਕਾਰਗੁਜ਼ਾਰੀ ਤੋਂ ਕਦੇ ਵੀ ਇਹ ਦਿਖਿਆ ਨਹੀਂ ਕਿ ਉਹ ਪੰਥ, ਪੰਜਾਬ ਲਈ ਕੁਝ ਕਰ ਰਹੇ ਹਨ।

੨. ਇਸ ਵਾਰ ਬਗਾਵਤ ਇਕ ਨੌਜਵਾਨ ਨੇਤਾ (ਮਨਪ੍ਰੀਤ ਸਿੰਘ ਇਯਾਲੀ) ਵਲੋਂ ਕੀਤੀ ਗਈ ਹੈ ਜੋ ਸ਼੍ਰੋ.ਅ.ਦ (ਬ) ਦੇ ਸਭ ਤੋਂ ਬੁਰੇ ਸਮੇਂ ਨੂੰ ਦਰਸਾਉਂਦੀ ਹੈ।

੩. ਮਨਪ੍ਰੀਤ ਇਯਾਲੀ ਦਾ ਦਾਅਵਾ ਹੈ ਕਿ ਉਹ ਪਾਰਟੀ ਦੇ ਅੰਦਰ ਪਿਛਲੇ ਸੱਤ ਸਾਲ ਤੋਂ ਸ਼੍ਰੋ.ਅ.ਦ (ਬ) ਦੀਆਂ ਨੀਤੀਆਂ ਸਿੱਖ-ਪੱਖੀ ਨਾ ਹੋਣ ਦਾ ਵਿਰੋਧ ਕਰ ਰਹੇ ਹਨ ਪਰ ਉਹਨਾਂ ਦੀ ਗੱਲ ਕਦੇ ਸੁਣੀ ਨਹੀਂ ਗਈ।

੪. ਸ਼੍ਰੋਮਣੀ ਅਕਾਲੀ ਦਲ (ਬਾਦਲ) ਮਨਪ੍ਰੀਤ ਸਿੰਘ ਇਯਾਲੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਬਗਾਵਤ ਬਾਰੇ ਖਾਮੋਸ਼ ਰਹਿ ਕੇ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਮਹੱਤਵਹੀਣ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

੫. ਝੂੰਦਾ ਕਮੇਟੀ ਦੇ ਸੁਝਾਵਾਂ, ਇਕ ਪਰਿਵਾਰ-ਇਕ ਟਿਕਟ, ਇਕ ਵਿਆਕਤੀ-ਇਕ ਅਹੁਦਾ, ਦੋ ਜਾਂ ਤਿੰਨ ਵਾਰ ਹਾਰੇ ਨੇਤਾ ਨੂੰ ਟਿਕਟ ਨਾ ਦੇਣਾ, ਰਾਜਨੀਤੀ ਵਿਚ ਕੁਝ ਅਹੁਦਿਆਂ ਲਈ ਉਮਰ ਦੀ ਹੱਦ ਤੈਅ ਕਰਨਾ, ਅਕਾਲੀ ਦਲ ਵਿਚ ਅਹੁਦੇਦਾਰ ਬਣਨ ਵੇਲੇ ਹਰ ਸਿੱਖ ਦਾ ਸਾਬਤ ਸੂਰਤ ਹੋਣਾ ਜਰੂਰੀ, ਸ਼੍ਰੋਮਣੀ ਕਮੇਟੀ ਦੇ ਉਮੀਦਵਾਰ ਲਈ ਇਹ ਜਰੂਰੀ ਕਰਨਾ ਕਿ ਉਹ ਹੋਰ ਕੋਈ ਚੋਣ ਨਹੀਂ ਲੜੇਗਾ ਆਦਿ  ਨੂੰ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ।

੬. ਇਹ ਸੰਕੇਤ ਹਨ ਕਿ ਭਾਜਪਾ ਚਾਹੁੰਦੀ ਹੈ ਕਿ ਬਾਦਲ ਪਰਿਵਾਰ ਤੋਂ ਬਿਨਾਂ ਬਣਨ ਵਾਲੇ ਸੰਭਾਵਿਤ ਅਕਾਲੀ ਦਲ ਨਾਲ ਸਮਝੌਤਾ ਕੀਤਾ ਜਾਵੇ।

੭. ਅਗਲੇ ਦੋ ਕੁ ਹਫਤਿਆਂ ਵਿਚ ਮਨਪ੍ਰੀਤ ਇਯਾਲੀ ਸਿੱਖ ਬੁਧੀਜੀਵੀਆਂ ਤੇ ਹੋਰ ਸਿੱਖਾਂ (ਸ਼੍ਰੋਮਣੀ ਕਮੇਟੀ ਮੈਬਰਾਂ ਆਦਿ) ਨਾਲ ਇਕ ਮੀਟਿੰਗ ਬੁਲਾਉਣ ਉਪਰੰਤ ਇਕ ਵੱਡਾ ਇਕੱਠ ਕਰਨ ਦਾ ਫੈਸਲਾ ਲੈ ਸਕਦੇ ਹਨ।

੮. ਮਨਪ੍ਰੀਤ ਸਿੰਘ ਇਯਾਲੀ ਦਾ ਮੁੱਖ ਜੋਰ ਸ਼੍ਰੋਮਣੀ ਕਮੇਟੀ ਮੈਬਰਾਂ ਨਾਲ ਸੰਪਰਕ ਕਰਨ ‘ਤੇ ਲੱਗਾ ਹੋਇਆ ਹੈ ਕਿ ਇਸ ਵਾਰ ਨਵੰਬਰ ਵਿਚ ਹੋਣ ਵਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਬਾਦਲ ਪਰਿਵਾਰ ਵਲੋਂ ਨਾਮਜ਼ਦ ਉਮੀਦਵਾਰ ਦੇ ਮੁਕਾਬਲੇ ਅਕਾਲੀ ਦਲ ਦੇ ਮੈਬਰਾਂ ਦੀ ਸਹਿਮਤੀ ਨਾਲ ਬਣਾਏ ਉਮੀਦਵਾਰ ਨੂੰ ਜਿਤਾਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: