ਅੰਮ੍ਰਿਤਸਰ: ਅੰਮ੍ਰਿਤਸਰ ਤੇ ਨਾਂਦੇੜ ਵਿਚਾਲੇ ਸਿੱਧੀ ਹਵਾਈ ਉਡਾਣ 23 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਨਵੀਂ ਉਡਾਣ ਸਬੰਧੀ ਹਵਾਈ ਕੰਪਨੀ ਵੱਲੋਂ ਬੁਕਿੰਗ ਮੰਗਲਵਾਰ (19 ਦਸੰਬਰ) ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹਵਾਈ ਕੰਪਨੀ ਏਅਰ ਇੰਡੀਆ ਵੱਲੋਂ ਇਸ ਸਬੰਧੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਤਖ਼ਤ ਹਜ਼ੂਰ ਸਾਹਿਬ ਜਾਣ ਵਾਲੇ ਤੇ ਦਰਬਾਰ ਸਾਹਿਬ ਆਉਣ ਵਾਲੇ ਯਾਤਰੂਆਂ ਨੂੰ ਲਾਭ ਹੋਵੇਗਾ।
ਇਸ ਹਵਾਈ ਯਾਤਰਾ ਲਈ ਟਿਕਟ ਦੀ ਕੀਮਤ 7600 ਰੁਪਏ ਹੈ। ਇਹ ਹਵਾਈ ਸੇਵਾ ਫਿਲਹਾਲ ਹਫ਼ਤੇ ਵਿੱਚ ਦੋ ਦਿਨ ਸ਼ਨੀਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ। ਇਸ ਵੇਲੇ ਸੱਚਖੰਡ ਐਕਸਪ੍ਰੈੱਸ ਰੇਲ ਗੱਡੀ ਰਾਹੀਂ ਨਾਂਦੇੜ (ਤਖ਼ਤ ਹਜ਼ੂਰ ਸਾਹਿਬ) ਜਾਣ ਲਈ 40 ਘੰਟੇ ਲੱਗਦੇ ਹਨ, ਪਰ ਹਵਾਈ ਯਾਤਰਾ ਨਾਲ ਸਿਰਫ਼ ਢਾਈ ਘੰਟੇ ਵਿੱਚ ਉੱਥੇ ਪੁੱਜਿਆ ਜਾ ਸਕੇਗਾ।