ਆਮ ਖਬਰਾਂ » ਸਿੱਖ ਖਬਰਾਂ

ਦੋਸ਼ੀ ਉਮਰਾ ਨੰਗਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਸਨਮਾਨ ਬਾਦਲਾਂ ਦਾ ਪੰਥ ਤੇ ਇਕ ਹੋਰ ਹਮਲਾ- ਜਥੇਦਾਰ ਹਵਾਰਾ ਕਮੇਟੀ

April 24, 2020 | By

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੀ ਗੰਧਲੀ ਸਿਆਸਤ ਦੀ ਸਰਪ੍ਰਸਤੀ ਹੇਠ ਰਬੜ ਦੀ ਮੋਹਰ ਬਣ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮਾਂਤਰੀ ਪੱਧਰ ਤੇ ਸਿੱਖ ਜਗਤ ਵਿੱਚ ਆਪਣਾ ਧਾਰਮਿਕ ਵੱਕਾਰ ਗੁਆ ਚੁੱਕੀ ਹੈ” ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਵੱਲੋਂ ਦਿੱਤੇ ਗਏ। ਕਮੇਟੀ ਆਗੂਆਂ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਬਲਬੀਰ ਸਿੰਘ ਹਿਸਾਰ ਨੇ ਕਿਹਾ ਕਿ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਬਾਦਲ ਪਰਿਵਾਰ ਨਾਲ ਗੂੜ੍ਹੀ ਸਾਂਝ ਹੈ।

ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ/ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਸਿੱਖ ਸੰਗਤਾਂ ਉੱਤੇ ਬਾਦਲਾਂ ਦੇ ਆਦੇਸ਼ ਤੇ ਉਮਰਾ ਨੰਗਲ ਨੇ ਅੰਨ੍ਹੇ ਵਾਹ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਅਤੇ ਅਨੇਕਾਂ ਨੂੰ ਜ਼ਖਮੀ ਕੀਤਾ ਸੀ। ਇਸ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਪੜਤਾਲ ਵਿੱਚ ਉਮਰਾਨੰਗਲ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ  ਜੇਲ੍ਹ ਭੇਜ ਦਿੱਤਾ ਗਿਆ ਸੀ। ਅਦਾਲਤ ਵਿੱਚ ਉਮਰਾਨੰਗਲ ਦੇ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਵੀ ਚੱਲ ਰਹੇ ਹਨ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਦੇ ਚੜ੍ਹਾਵੇ ਨਾਲ ਚੱਲ ਰਹੀ ਹੈ ਅਤੇ ਉਸ ਦਾ ਕੌਮੀ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਕਿਸੇ ਵੀ ਮੰਚ ਤੋਂ ਸਨਮਾਨਿਤ ਨਾ ਕਰੇ। ਇਤਿਹਾਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਦੋਸ਼ ਲੱਗਣ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਉਸ  ਵੱਲੋਂ ਭੇਟ ਕੀਤੀ ਦੇਗ ਅਤੇ ਭੇਟਾ ਵੀ ਸਵੀਕਾਰ ਨਹੀਂ ਕੀਤੀ ਸੀ। ਪਰ ਅਫਸੋਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਹੱਥਾਂ ਵਿੱਚ ਕਾਬਜ਼ ਹੈ ਜੋ ਕਿ ਪੰਜਾਬ ਦੇ ਉਜਾੜੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜਾਬ ਦੀ ਜੁਆਨੀ ਨੂੰ ਪੁਲਿਸ ਮੁਕਾਬਲਿਆਂ, ਅਤੇ ਨਸ਼ਿਆਂ ਰਾਹੀਂ ਖਤਮ ਕਰਵਾਉਣ ਦੀ ਦੋਸ਼ੀ ਹਨ।

ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕਰ ਦੀ ਤਸਵੀਰ

ਉਮਰਾਨੰਗਲ ਨੂੰ ਸਨਮਾਨਿਤ ਕੀਤੇ ਜਾਣ ਤੇ ਹਵਾਰਾ ਕਮੇਟੀ ਆਗੂਆਂ ਨੇ ਬਾਦਲਾਂ ਅਤੇ ਪ੍ਰਧਾਨ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਜੇਕਰ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੇ ਦੋਸ਼ੀ ਗਾਂਧੀ ਪਰਿਵਾਰ ਜਾਂ ਗੁਰਮੀਤ ਰਾਮ ਰਹੀਮ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਰਸਦ ਭੇਜੇ ਤਾਂ ਉਨ੍ਹਾਂ ਨੂੰ ਵੀ ਕੀ ਸ਼੍ਰੋਮਣੀ ਕਮੇਟੀ ਸਨਮਾਨਿਤ ਕਰੇਗੀ? ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਨੇ ਉਮਰਾਨੰਗਲ ਨੂੰ ਸਨਮਾਨਿਤ ਕਰਕੇ ਜੋ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਉਸ ਦੀ ਪੰਥ ਕੋਲੋਂ ਮੁਆਫੀ ਮੰਗਣ।                      

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।