ਮੌੜ ਮੰਡੀ ਹੋਏ ਧਮਾਕੇ ਤੋਂ ਬਾਅਦ ਮੌਕੇ ’ਤੇ ਪੁਣ-ਛਾਣ ਕਰ ਰਹੇ ਪੁਲੀਸ ਮੁਲਾਜ਼ਮ

ਖਾਸ ਖਬਰਾਂ

ਮੌੜ ਬੰਬ ਧਮਾਕਾ ਕੇਸ ਵਿਚ ਇਕ ਹੋਰ ਡੇਰਾ ਸਿਰਸਾ ਸਮਰਥਕ ਨਾਮਜ਼ਦ, ਪਰ ਕੋਈ ਗ੍ਰਿਫਤਾਰੀ ਨਹੀਂ ਕਰ ਸਕੀ ਪੁਲਿਸ

By ਸਿੱਖ ਸਿਆਸਤ ਬਿਊਰੋ

March 10, 2018

ਚੰਡੀਗੜ੍ਹ: ਮੌੜ ਬੰਬ ਧਮਾਕਾ ਕੇਸ ਵਿਚ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਦੀ ਖਾਸ ਜਾਂਚ ਟੀਮ (ਐਸ.ਆਈ.ਟੀ) ਨੇ ਇਕ ਹੋਰ ਡੇਰਾ ਸਿਰਸਾ ਨਾਲ ਸਬੰਧਿਤ ਵਿਅਕਤੀ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕੇਸ ਵਿਚ ਡੇਰਾ ਸਿਰਸਾ ਦੇ ਵਰਕਸ਼ਾਪ ਇੰਚਾਰਜ ਗੁਰਤੇਜ ਸਿੰਘ ਕਾਲਾ ਅਤੇ ਡੇਰਾ ਮੁਖੀ ਦੇ ਸੁਰੱਖਿਆ ਗਾਰਡ ਅਮਰੀਕ ਸਿੰਘ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾ ਚੁੱਕਾ ਹੈ। ਫਿਲਹਾਲ ਉਪਰੋਕਤ ਕਿਸੇ ਵੀ ਵਿਅਕਤੀ ਨੂੰ ਪੁਲਿਸ ਹੁਣ ਤਕ ਗ੍ਰਿਫਤਾਰ ਨਹੀਂ ਕਰ ਸਕੀ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਤਲਵੰਡੀ ਸਾਬੋ ਅਦਾਲਤ ਵਿਚ ਗੁਰਤੇਜ ਕਾਲਾ ਅਤੇ ਅਮਰੀਕ ਦੇ ਗ੍ਰਿਫਤਾਰੀ ਵਰੰਟ ਦੁਬਾਰਾ ਜਾਰੀ ਕਰਨ ਦੀ ਅਪੀਲ ਕੀਤੀ। ਪੁਲਿਸ ਨੇ ਅਦਾਲਤ ਨੂੰ ਕਿਹਾ ਹੈ ਕਿ ਮੌੜ ਧਮਾਕੇ ਵਿਚ ਅਵਤਾਰ ਸਿੰਘ ਵੀ ਸ਼ਾਮਿਲ ਹੈ ਤੇ ਉਸਦੇ ਗ੍ਰਿਫਤਾਰੀ ਵਰੰਟ ਦੀ ਵੀ ਮੰਗ ਕੀਤੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ।

ਟ੍ਰਿਬਿਊਨ ਵਿਚ ਛਪੀ ਰਿਪੋਰਟ ਅਨੁਸਾਰ ਪੁਲਿਸ ਸੂਤਰਾਂ ਨੇ ਦੱਸਿਆ ਕਿ ਪੇਸ਼ੇ ਵਜੋਂ ਇਲੈਕਟਰੀਸ਼ੀਅਨ ਅਵਤਾਰ ਨੇ ਕਾਰ ਵਿਚ ਬੰਬ ਫਿਟ ਕਰਨ ਲਈ ਗੁਰਤੇਜ ਅਤੇ ਅਮਰੀਕ ਦੀ ਮਦਦ ਕੀਤੀ ਸੀ।

ਰਿਪੋਰਟ ਅਨੁਸਾਰ ਪੁਲਿਸ ਵਲੋਂ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਕੁਰੂਕਸ਼ੇਤਰ ਵਿਖੇ ਛਾਪਾ ਮਾਰਿਆ ਗਿਆ, ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਡੀ.ਆਈ.ਜੀ ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।

ਗੌਰਤਲਬ ਹੈ ਕਿ ਮੌੜ ਧਮਾਕੇ ਵਿਚ ਡੇਰਾ ਸਿਰਸਾ ਦੀਆਂ ਸਿੱਧੀਆਂ ਤਾਰਾਂ ਜੁੜਨ ਦੇ ਸਬੂਤ ਮਿਲਣ ਤੋਂ ਬਾਅਦ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਰਾਜਨੀਤਕ ਦਖਲਅੰਦਾਜ਼ੀ ਕਾਰਨ ਪੁਲਿਸ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਅਜੇ ਤਕ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਇਸ ਮਾਮਲੇ ਵਿਚ ਨਹੀਂ ਹੋ ਸਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: