ਸਿਆਸੀ ਖਬਰਾਂ

ਭਾਜਪਾ ਵੱਲੋਂ ਆਰਐਸਐਸ ਦੇ ਬੰਦਿਆਂ ਨੂੰ ਸੰਵਿਧਾਨਕ ਅਹੁਦੇ ਬਖ਼ਸ਼ਣ ਨਾਲ ਹਾਲਾਤ ਖਰਾਬ ਹੋ ਸਕਦੇ ਹਨ: ਮਾਇਆਵਤੀ

By ਸਿੱਖ ਸਿਆਸਤ ਬਿਊਰੋ

August 25, 2014

ਲਖਨਊ (23 ਅਗੱਸਤ 2014): ਮੋਦੀ ਦੀ ਅਗਵਾਈ ‘ਚ ਭਾਜਪਾ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆ ਜਾਣ ਕਰਕੇ ਆਰ. ਐੱਸ. ਐੱਸ ਦਾ ਫਿਰਕੂ ਰੂਪ ਪਹਿਲਾਂ ਨਾਲੋਂ ਵੀ ਡਰਾਉਣਾ ਹੋ ਗਿਆ ਹੈ ਅਤੇ ਆਰਐਸਐਸ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਅਸੰਵਿਧਾਨਕ ਸੰਸਥਾ ਵਜੋਂ ਉਭਰ ਰਹੀ ਹੈ ਅਤੇ ਇਸ ਦੇ ਮੁਖੀ ਦਾ ਹਿੰਦੂਤਵਾ ਬਾਰੇ ਤਾਜ਼ਾ ਬਿਆਨ ਦੇਸ਼ ਵਿਚ ਫ਼ਿਰਕੂ ਫ਼ਸਾਦ ਖੜਾ ਕਰ ਸਕਦਾ ਹੈ।

ਆਰਐਸਐਸ ‘ਤੇ ਹਮਲਾ ਬੋਲਦਿਆਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਦੇ ਨਿਰਾਸ਼ਾਜਨਕ ਰਾਜ ‘ਚ ਸੰਘ ਜਵਾਬਦੇਹੀ ਤੋਂ ਮੁਨਕਰ ਹੋ ਚੁਕਿਆ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ, ਆਰਐਸਐਸ ਦੇ ਬੰਦਿਆਂ ਨੂੰ ਸੰਵਿਧਾਨਕ ਅਹੁਦੇ ਬਖ਼ਸ਼ ਰਹੀ ਹੈ ਜਿਸ ਨਾਲ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ।

ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਉਨ੍ਹਾਂ ਕਿਹਾ, ‘ ਤੰਗਦਿਲੀ ਕਾਰਨ ਭਾਜਪਾ ਅਤੇ ਆਰਐਸਐਸ ਦੇ ਵਰਕਰ ਗ਼ਲਤ ਵਿਹਾਰ ਕਰ ਰਹੇ ਹਨ ਜਿਸ ਨਾਲ ਕੇਂਦਰ ਅਤੇ ਰਾਜਾਂ ਦੇ ਰਿਸ਼ਤੇ ਹੋਰ ਵਿਗੜ ਸਕਦੇ ਹਨ। ਇੰਜ ਸੰਘੀ ਢਾਂਚਾ ਕਮਜ਼ੋਰ ਪੈ ਸਕਦਾ ਹੈ।’

ਉਨ੍ਹਾਂ ਕਿਹਾ, ‘ਇਹ ਗੱਲ ਮੰਦਭਾਗੀ ਹੈ ਕਿ ਭਾਜਪਾ ਮੋਦੀ ਦੀ ਮਕਬੂਲੀਅਤ ਕਰ ਕੇ ਅਜਿਹਾ ਵਿਹਾਰ ਕਰ ਰਹੀ ਹੈ ਅਤੇ ਇਸ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।’

ਬਸਪਾ ਮੁਖੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਮਾਇਆਵਤੀ ਨੇ ਕਿਹਾ ਕਿ ਬਹੁਮਤ ਵਾਲੀ ਸਰਕਾਰ ਲਈ ਅਪਣੇ ਵਾਅਦੇ ਪੂਰੇ ਕਰਨ ਅਤੇ ‘ਅੱਛੇ ਦਿਨ’ ਲਿਆਉਣ ਲਈ ਇਹ ਕਾਫ਼ੀ ਸਮਾਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: