ਜਖਮ ਨੂੰ ਸੂਰਜ ਬਣਨ ਦਿਓ...

ਜੂਨ 1984 ਦਾ ਘੱਲੂਘਾਰਾ: ਜਖ਼ਮ ਨੂੰ ਸੂਰਜ ਬਣਨ ਦਿਓ (ਡਾ. ਗੁਰਭਗਤ ਸਿੰਘ)

By ਸਿੱਖ ਸਿਆਸਤ ਬਿਊਰੋ

June 01, 2016

ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਵੱਜੋਂ ਸਥਾਪਤ ਹੋ ਚੁੱਕਾ ਹੈ ਅਤੇ “1984” ਸਿੱਖ ਯਾਦ ਵਿਚ ਡੂੰਘਾ ਉੱਕਰਿਆ ਹੋਇਆ ਹੈ। ਅੱਜ (2016 ਵਿਚ) ਅਸੀਂ ਘੱਲੂਘਾਰਾ ਜੂਨ 1984 ਦੇ ਸਮੇਂ ਤੋਂ 32 ਸਾਲ ਦੀ ਵਿੱਥ ਉੱਤੇ ਖੜ੍ਹੇ ਹਾਂ ਅਤੇ ਆਪਣੇ ਭਵਿੱਖ ਦੇ ਰਾਹ ਦੀ ਭਾਲ ਵਿਚ ਹਾਂ। ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਇਸ ਘੱਲੂਘਾਰੇ ਦੀ ਯਾਦ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ। ਇਸ ਮੌਕੇ ਸਿੱਖ ਸਿਆਸਤ ਵੱਲੋਂ ਅਸੀਂ ਆਪਣੇ ਪਾਠਕਾਂ/ਸਰੋਤਿਆਂ ਲਈ ਇਕ ਵਿਸ਼ੇਸ਼ ਲੇਖ ਲੜੀ ਪੇਸ਼ ਕਰਨ ਜਾ ਰਹੇ ਹਾਂ, ਜਿਸ ਦਾ ਸਿਰਲੇਖ “ਜਖ਼ਮ ਨੂੰ ਸੂਰਜ ਬਣਨ ਦਿਓ” ਰੱਖਿਆ ਗਿਆ ਹੈ। ਇਸ ਲੜੀ ਤਹਿਤ ਅਸੀਂ ਜੂਨ 2016 ਦੇ 30 ਦਿਨਾਂ ਦੌਰਾਨ ਹਰ ਰੋਜ਼ ਇਕ ਲੇਖ ਸਿੱਖ ਸਿਆਸਤ ਦੀ ਵੈਬਸਾਈਟ ਉੱਤੇ ਛਾਪਿਆ ਜਾਵੇਗਾ ਅਤੇ ਇਸ ਦਾ ਆਵਾਜ਼ ਰੂਪ ਵੀ ਸਾਂਝਾ ਕੀਤਾ ਜਾਵੇਗਾ। ਇਸ ਲੜੀ ਤਹਿਤ ਅੱਜ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਦੀ ਲਿਖਤ “ਜਖ਼ਮ ਨੂੰ ਸੂਰਜ ਬਣਨ ਦਿਓ” ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਪਾਠਕਾਂ/ਸਰੋਤਿਆਂ ਦੇ ਭਰਵੇਂ ਸਹਿਯੋਗ ਦੀ ਆਸ ਕਰਦੇ ਹਾਂ: ਸੰਪਾਦਕ, ਸਿੱਖ ਸਿਆਸਤ

ਜੂਨ 1984 ਦਾ ਦਰਬਾਰ ਸਾਹਿਬ ਉੱਤੇ ਹਮਲਾ, ਜਿਸ ਨੂੰ ਸਰਕਾਰ ਵੱਲੋਂ ਅਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ‘ਪਰਮ ਨੈਤਿਕਤਾ’ ਉੱਤੇ ਹੋਈ ਹੋਵੇ, ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ, ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ। ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ। “ਬਿਿਚਤ੍ਰ ਨਾਟਕ” ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੀ ਘੜੀ ਵਿਚ ਕਿਰਪਾਨ ਜਾਂ ਖੜਗ ਰੂਪ ਅਕਾਲ ਪੁਰਖ ਦਾ ਵਰਤਾਰਾ ਸ੍ਰਿਸ਼ਟਿ ਉਬਾਰਨ ਲਈ ਹੈ। ਇਸ ਦੇ ਸਾਧਾਰਣ ਅਰਥ ਇਹ ਹਨ ਕਿ ਖੜਗ ਦਾ ਚੱਲਣਾ ਇਕ ਨਿਰਉਦੇਸ਼ ਹਿੰਸਾ ਨਹੀਂ ਸਗੋਂ ਸ੍ਰਿਸ਼ਟੀ ਦੇ ਰੁਕੇ ਵਿਕਾਸ ਨੂੰ ਅੱਗੇ ਤੋਰਨਾ ਹੈ। ਜਿਸ ਰੂਪ ਵਿਚ ਵੀ ਰੁਕਾਵਟਾਂ ਆਈਆਂ ਹਨ- ਕਾਇਨੀਤੀ, ਸੱਭਿਆਚਾਰਕ, ਰਾਜਨੀਤਿਕ, ਆਰਥਿਕ ਆਦਿ, ਉਨ੍ਹਾਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਹਟਾਉਣਾ ਅਤੇ ਗਤੀ ਨੂੰ ਕਾਇਮ ਰੱਖਣਾ ਹੈ।

ਏਨੀ ਵੱਡੀ ਵਚਨਬੱਧਤਾ ਅਤੇ ਸਿਰਜਨਾਤਮਕ ਜਿੰਮੇਵਾਰੀ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਦੇ ਦਿੱਤੀ ਹੈ, ਇਸ ਦੇ ਹਾਣ ਦਾ ਬਣਨਾ ਕੋਈ ਸੌਖੀ ਗੱਲ ਨਹੀਂ। ਇਸ ਮੰਤਵ ਲਈ ਗੁਰਬਾਣੀ, ਗੁਰੂ ਸਾਹਿਬਾਨ ਦੇ ਜੀਵਨ ਅਤੇ ਸ਼ਹੀਦਾਂ ਦੇ ਕਰਮ ਵੱਲ ਵਾਰ-ਵਾਰ ਜਾਣਾ ਪਵੇਗਾ, ਉੱਥੋਂ ਪ੍ਰੇਰਣਾ ਲੈਣੀ ਪਵੇਗੀ। ਪਰ ਵੱਡੀ ਲੋੜ ਇਸ ਗੱਲ ਦੀ ਹੈ ਕਿ ਕਿਸੇ ਜ਼ਖ਼ਮ ਨੂੰ ਰਿਸਦਾ ਨਾ ਰੱਖਿਆ ਜਾਵੇ, ਵੱਡੀਆਂ ਕੌਮਾਂ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਕਿਸੇ ਜ਼ਖਮ ਨੂੰ ਇਸ ਤਰ੍ਹਾਂ ਯਾਦ ਨਹੀਂ ਕਰਦੀਆਂ ਕਿ ਉਨ੍ਹਾਂ ਕੌਮਾਂ ਦੀ ਵਰਤਮਾਨ ਅਤੇ ਭਵਿੱਖ ਪ੍ਰਤੀ ਸੋਚ ਅਸੰਤੁਲਿਤ ਹੋ ਜਾਵੇ। ਆਪਣੇ ਭਵਿੱਖਰਥੀ ਚਿੰਤਨ, ਆਪਣੇ ਯੂਟੋਪੀਏ ਤੋਂ ਦੂਰ ਹੋ ਜਾਵੇ। ਸਾਰੀ ਗੁਰਬਾਣੀ ਵਿੱਚ, ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਵਿੱਚ ਇਕ ਵੀ ਸਤਰ ਨਹੀਂ ਜਿਥੇ ਕੋਈ ਜ਼ਖਮ ਰਿਸਦਾ ਨਜ਼ਰ ਆਵੇ। ਹਰ ਸਤਰ ਰੌਸ਼ਨੀ ਹੈ, ਸੂਰਜਾਂ ਦੀ ਇੰਤਹਾ, ਅਨੇਕਾਂ ਗਿਆਨ ਅਤੇ ਅਨੁਭਵ ਸ੍ਰੋਤਾਂ ਦੇ ਅੰਬਾਰ, ਜਿੱਥੋਂ ਵਰਤਮਾਨ ਅਤੇ ਭਵਿੱਖ ਲਈ ਸਿਰਜਣਾਤਮਕ ਹੋਣ ਦੀ ਬੇਅੰਤ ਪ੍ਰੇਰਣਾ ਲਈ ਜਾ ਸਕਦੀ ਹੈ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਪਰੇਸ਼ਨ ਬਲੂ ਸਟਾਰ ਜਿਹੇ ਜ਼ਖਮ ਨੂੰ ਵੀ ਪਰਮ ਪ੍ਰੇਰਣਾ ਸ੍ਰੋਤ ਬਣਨ ਦੇਈਏ। ਗੁਰੂ ਸਾਹਿਬਾਨ ਦੀ ਮਿਸਾਲ ਵਾਂਗ ਇਸ ਨੂੰ ਇੱਕ ਸ਼ੁਆ, ਗਿਆਨ-ਕਿਰਨ, ਬਲਕਿ ਇਸ ਤੋਂ ਵੀ ਅੱਗੇ ਲੰਘ ਕੇ, ਸੂਰਜ ਬਣਨ ਦੇਈਏ। ਸਾਡੇ ਸਮਿਆਂ ਵਿਚ ਯਹੂਦੀ ਭਰਾਤਰੀਅਤਾ ਨੇ ਆਪਣੇ ਹੋਲੋਕੌਸਟ ਬਾਰੇ ਇਹੀ ਵਰਤਾਰਾ ਬਣਾਇਆ ਹੈ।

ਕੁਝ ਗਿਆਨਸ਼ੀਲ ਗੱਲਾਂ ਸਹਿਜੇ ਹੀ ਸਿੱਖੀਆਂ ਜਾ ਸਕਦੀਆਂ ਹਨ। ਪਹਿਲੀ ਇਹ ਕਿ ਅਜਿਹੇ ਘੱਲੂਘਾਰੇ ਕਿਉਂ ਵਾਪਰਦੇ ਹਨ? ਇਸ ਦੀ ਰਾਜਨੀਤੀ ਕੀ ਹੈ? ਸਾਡੇ ਵਿਸ਼ਵ ਵਿਚ ਸੋਲ੍ਹਵੀਂ ਸਦੀ ਤੋਂ ਪਿੱਛੋਂ ਵਿਸ਼ਵ ਇਕ ਵੱਡੀ ਮੰਡੀ ਬਣ ਗਿਆ ਹੈ। ਪੱਛਮੀ ਕੌਮਾਂ ਨੇ ਇਸ ਮੰਡੀ ਨੂੰ ਵੱਡਾ ਕੀਤਾ ਹੈ। ਦੌਲਤ ਇਕੱਠੀ ਕਰਨ ਲਈ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਇਆ। ਅਜਿਹੇ ਦਰਸ਼ਨ ਅਤੇ ਪ੍ਰਬੰਧ ਰਚੇ ਜਿਨ੍ਹਾਂ ਨਾਲ ਏਸ਼ੀਆ ਅਤੇ ਅਫਰੀਕਾ ਨੂੰ ਪਰਤੰਤਰ ਰੱਖਿਆ ਜਾ ਸਕੇ। ਅਜਿਹੇ ਗੰ੍ਰਥ ਅਤੇ ਵਿੱਦਿਅਕ ਪ੍ਰਬੰਧ ਵੀ ਉਸਾਰੇ ਗਏ ਜੋ ਦਾਨ ਭਾਵਨਾ ਨਾਲ ਅਨੁਸ਼ਾਸ਼ਿਤ ਕਰਨ। ਜਿਹੜੀਆਂ ਕੌਮਾਂ ਅਤੇ ਵਿਅਕਤੀ ਬਗ਼ਾਵਤ ਕਰਦੇ ਸਨ, ਉਨ੍ਹਾਂ ਨੂੰ ਸ਼ਕਤੀ ਨਾਲ ਮਿਟਾਇਆ ਗਿਆ। ਸਾਡੇ ਸ਼ਾਸਕ ਵਰਗ ਨੇ ਵੀ ਪੱਛਮੀ ਕੌਮਾਂ ਦੇ ਇਸ ਸਾਮਰਾਜੀ ਦਰਸ਼ਨ ਅਤੇ ਵਰਤਾਰੇ ਨੂੰ ਵਿਰਾਸਤ ਵਿਚ ਲਿਆ ਹੈ। ਜੋ ਇਕ ਕੌਮਵਾਦੀ ਢਾਂਚਾ ਉਹ ਉਸਾਰ ਰਹੇ ਹਨ ਅਤੇ ਜਿਸ ਦੀ ਉਹ ਪਹਿਰੇਦਾਰੀ ਕਰ ਰਹੇ ਹਨ, ਉਸ ਵਿਚ ਭਾਰਤੀ ਉਪਮਹਾਂਦੀਪ ਵਿਚ ਵੱਖਰੀ ਹਸਤੀ ਰੱਖਣ ਵਾਲੀਆਂ ਕੌਮਾਂ ਨੂੰ ਸਹਿਜੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਹਸਤੀ ਸਥਾਪਨ ਨਾਲ ਵੱਡੀ ਮੰਡੀ ਬਣਾਉਣ ਵਿਚ ਵੀ ਔਖ ਆਉਂਦੀ ਹੈ। ਅਜਿਹੀ ਸਾਮਰਾਜੀ ਦ੍ਰਿਸ਼ਟੀ ਅਤੇ ਦੌਲਤ ਇਕੱਠੀ ਕਰਨ ਦੀ ਹੋੜ ਕਾਰਣ ਹੀ ਉਪਰੇਸ਼ਨ ਬਲੂ ਸਟਾਰ ਵਾਪਰਿਆ ਸੀ। ਬਾਕੀ ਕਾਰਣ ਛੋਟੇ ਅਤੇ ਨਿਗੂਣੇ ਹਨ।

ਇਸ ਸਮੇਂ ਵੱਡਾ ਪ੍ਰਸ਼ਨ ਇਹ ਹੈ ਕਿ ਭਾਰਤੀ ਉਪਮਹਾਂਦੀਪ ‘ਇੱਕ-ਕੌਮੀ’ ਬਣੇ ਜਾਂ ‘ਬਹੁ-ਕੌਮੀ’। ਇਸ ਦਾ ‘ਬਹੁ-ਕੌਮੀ’ ਚਰਿੱਤਰ ਪਹਿਲਾਂ ਹੀ ਇਕ ਅਸਲੀਅਤ ਹੈ ਜਿਸ ਨੂੰ ਮੰਨਿਆ ਨਹੀਂ ਗਿਆ। ਭਾਰਤੀ ਉਪ ਮਹਾਂਦੀਪ ਦੇ ਸਾਰੇ ਰਾਜ ਜਾਂ ਪ੍ਰਾਂਤ ਲਗਭਗ ਸੁਤੰਤਰ ਕੌਮੀ ਸੱਭਿਆਚਾਰਾਂ ਦੇ ਘਰ ਹਨ। ਇਨ੍ਹਾਂ ਸਭ ਨੂੰ ਵਧਣ ਫੁੱਲਣ ਲਈ ਬਹੁ-ਕੌਮੀ ਸੰਵਿਧਾਨ ਅਤੇ ਬਹੁ-ਕੌਮੀ ਕਨਫੈਡਰੇਟਿਵ ਰਾਜਨੀਤਿਕ ਸੰਗਠਨ ਦੀ ਲੋੜ ਹੈ ਜੋ ਅਜੇ ਤੱਕ ਤਿਆਰ ਨਹੀਂ ਕੀਤਾ ਗਿਆ। ਇਹ ਸਭ ਕੌਮੀ ਸੱਭਿਆਚਾਰ ਕੇਵਲ ਮੰਡੀ ਦੀਆਂ ਵਸਤਾਂ ਨਹੀਂ ਹਨ, ਜਿਨ੍ਹਾਂ ਨੂੰ ਸ਼ਾਸਕ ਵਰਗ ਦੇ ਹਿਤਾਂ ਵਿੱਚ ਜ਼ੋਰ ਨਾਲ ਹਥਿਆਇਆ ਜਾਵੇ, ਸਗੋਂ ਇਨ੍ਹਾਂ ਦੇ ਸ਼ਾਨਦਾਰ ਅਤੇ ਗੌਰਵਸ਼ੀਲ ਸੁਪਨਿਆਂ, ਸ਼ਾਇਰੀਆਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ ਤਾਂ ਕਿ ਇਹ ਸੱਭਿਆਚਾਰਕ ਅਤੇ ਸਿਰਜਨਾਤਮਕ ਤੌਰ ’ਤੇ ਹਰ ਰੋਜ ਵੱਧ ਚੇਤੰਨ ਹੋ ਰਹੇ ਜਗਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਦੂਜੀ ਵੱਡੀ ਗੱਲ ਜੋ ਇਸ ਮਹਾਂਨਾਸ਼ ਤੋਂ ਸਿੱਖਣ ਵਾਲੀ ਹੈ, ਉਹ ਇਹ ਹੈ ਕਿ ਖਾਲਸਾ ਘ੍ਰਿਣਾ-ਮੁਕਤ ਕੌਮ ਦੇ ਤੌਰ ’ਤੇ ਸਾਜਿਆ ਗਿਆ ਹੈ। ਇਸ ਦੀ ਜੰਗ ਜਬਰ ਵਿਰੁੱਧ ਹੈ, ਅਨੇਕਤਾ ਨੂੰ ਵਿਨਾਸ਼ ਕਰਨ ਵਾਲੀਆਂ ਸ਼ਕਤੀਆਂ ਦੇ ਵਿਰੁੱਧ ਹੈ, ਵਿਸਮਾਦ ਅਤੇ ਅਨੇਕਤਾ ਦੇ ਵੈਰੀ ਹੀ ਖਾਲਸਾ ਕੌਮ ਲਈ ‘ਦਾਨਵ’ ਹਨ-ਅੱਜ ਦੇ ਪ੍ਰਸੰਗ ਵਿਚ ਕੇਵਲ ਦੌਲਤ ਇਕੱਠੀ ਕਰਨ ਵਾਲੇ, ਕੌਮਾਂ ਅਤੇ ਲੋਕਾਂ ਨੂੰ ਸਿਰਫ ਮੰਡੀ ਦੀਆਂ ਵਸਤਾਂ ਸਮਝਣ ਵਾਲੇ, ਭਾਵੇਂ ਉਹ ਕਿਸੇ ਸੰਪਰਦਾਇ ਨਾਲ ਸੰਬੰਧਿਤ ਹੋਣ। ਕੋਈ ਵੀ ਪੂਰੀ ਸੰਪਰਦਾਇ ਜਾਂ ਸਮੂਹ ਪੂਰੇ ਦਾ ਪੂਰਾ ਲੁਟੇਰਿਆਂ ਦਾ ਨਹੀਂ ਹੁੰਦਾ, ਉਨ੍ਹਾਂ ਵਿਚੋਂ ਇਕ ਵਰਗ ਹੀ ਹੁੰਦਾ ਹੈ। ਇਸ ਲਈ ਖਾਲਸਾ ਕਿਸੇ ਸੰਪਰਦਾਇ ਦਾ ਵਿਰੋਧੀ ਨਹੀਂ ਹੋ ਸਕਦਾ, ਉਸ ਵਿਚੋਂ ਕੇਵਲ ਲੁਟੇਰਿਆਂ ਅਤੇ ਜਾਬਰਾਂ ਦਾ ਵਿਰੋਧੀ ਹੀ ਹੋ ਸਕਦਾ ਹੈ।

ਇਸ ਮਹਾਂਨਾਸ਼ ਲਈ ਜ਼ਿੰਮੇਵਾਰ ਕਿਸੇ ਇਕ ਧਰਮ ਜਾਂ ਸੰਪਰਦਾਇ ਨੂੰ ਨਹੀਂ ਠਹਿਰਾਇਆ ਜਾ ਸਕਦਾ, ਕੇਵਲ ਉਸ ਵਿਚ ਮੌਜੂਦ ਦਾਨਵਾਂ ਦੀ ਹੀ ਨਿਸ਼ਾਨਦੇਹੀ ਕਰਨੀ ਬਣਦੀ ਹੈ। ਇਸ ਮਹਾਂਨਾਸ਼ ਤੋਂ ਪਿੱਛੋਂ ਤੀਜੀ ਮਹੱਤਵਪੂਰਨ ਗੱਲ ਜਿਸ ਬਾਰੇ ਸੋਚ ਕਰਨੀ ਲੋੜੀਂਦੀ ਹੈ, ਉਹ ਇਹ ਹੈ ਕਿ ਖਾਲਸਾ ਵਾਹਿਗੁਰੂ ਦਾ ਹੈ। ਇਸ ਨੂੰ ਦੂਹਰੀ ਪ੍ਰਭੂ-ਸੱਤਾ ਸੰਪੰਨਤਾ (ਡਬਲ ਸੌਵਰਨਟੀ) ਦਿੱਤੀ ਗਈ ਹੈ-ਮੀਰੀ ਅਤੇ ਪੀਰੀ ਦੀ। ਪਰ ਇਸ ਦਾ ਭਾਵ ਅਰਾਜਕਤਾ ਨਿਸ਼ਚੇ ਨਹੀਂ। ਖਾਲਸਾ ਸਿੱਧਾ ਵਾਹਿਗੁਰੂ ਦੇ ਹੁਕਮ ਅਧੀਨ ਹੈ, ਪਰ ਵਾਹਿਗੁਰੂ ਵਿਸਮਾਦ ਦਾ ਗੁਰੂ ਹੈ। ਵਿਸਮਾਦ ਏਕਤਾ ਅਤੇ ਅਨੇਕਤਾ ਦਾ ਸਮਵਰਤਕ ਹੈ, ਇਸ ਨਾਲ ਪ੍ਰੇਰਿਤ ਆਨੰਦ ਹੈ ਜੋ ‘ਸਰਬੱਤ ਦੇ ਭਲੇ’ ਲਈ ਵੀ ਵਚਨਬੱਧ ਹੈ। ਇਸ ਲਈ ਖਾਲਸਾ ਆਪਣੀ ਦੂਹਰੀ ਪ੍ਰਭੂ-ਸੱਤਾ- ਸੰਪੰਨਤਾ ਨੂੰ ਸਹਿਜ-ਅਨੁਸ਼ਾਸ਼ਨ ਵਿਚ ਨਿਭਾਏਗਾ।

ਇਸ ਦਾ ਅਰਥ ਇਹ ਹੈ ਕਿ ਏਕਤਾ-ਅਨੇਕਤਾ ਹੀ ਸ੍ਰਿਸ਼ਟੀ ਅਤੇ ਜੀਵਨ ਦੀ ਅਸਲੀਅਤ ਹੈ ਇਸ ਵਿਚ ਵਿਚਰਨਾ ਹੀ ਸਹਿਜ ਹੈ। ਇਸ ਸਹਿਜ ਨੂੰ ਕਾਇਮ ਰੱਖਣ ਲਈ ਹੀ ਖਾਲਸਾ ਯੁੱਧ ਕਰਦਾ ਹੈ। ਇਸ ਯੁੱਧ ਦੇ ਮੌਡਲ ਹੁਣ ਬਦਲ ਗਏ ਹਨ। ਨਾ ਉਹ ਮੁਗਲਈ ਰਹੇ ਹਨ ਅਤੇ ਨਾ ਹੀ ਸਾਮਰਾਜੀ। ਹੁਣ ਖੜਗ ਕਈ ਰੂਪਾਂ ਵਿਚ ਚੱਲਦੀ ਹੈ। ਹੁਣ ਲੋਕਤੰਤਰ ਅਤੇ ਇਸ ਦੀਆਂ ਸੰਸਥਾਵਾਂ ਵੀ ਆਜ਼ਾਦੀ ਲਈ ਲੜਨ ਦਾ ਮੈਦਾਨ ਹਨ। ਦੂਜੇ ਦਾ ਭਲਾ ਕਰਨ ਅਤੇ ਇਸ ਲਈ ਧਿਰ ਬਣ ਕੇ ਖੜਨ ਲਈ ਵੀ ਲੋਕਤੰਤਰ ਦੀਆਂ ਸੰਸਥਾਵਾਂ ਵਿਚੋਂ ਲੰਘਣਾ ਜ਼ਰੂਰੀ ਹੈ। ਅੱਜ ਖੜਗਧਾਰੀ ਹੋਣ ਦਾ ਅਰਥ ਲੋਕਤੰਤਰ ਦੇ ਪੈਂਤੜਿਆਂ ਨੂੰ ਸਮਝਣਾ ਵੀ ਹੈ। ਇਸ ਦੀਆਂ ਗੁੰਝਲਦਾਰ ਸੰਸਥਾਵਾਂ ਵਿਚ ਸ਼ਾਮਿਲ ਹੋ ਕੇ ਵਿਰੋਧਾਂ ਨੂੰ ਸਮਝਣਾ, ਉਨ੍ਹਾਂ ਨੂੰ ਸਮਾਪਤ ਕਰਨ ਲਈ ਵਿਉਂਤਾਂ ਬਣਾਉਣੀਆਂ ਵੀ “ਸਰਬੱਤ ਦੇ ਭਲੇ” ਅਤੇ ਖਾਲਸਾ ਕੌਮ ਦੀ ਨਿਰੰਤਰ ਸਥਾਪਤੀ ਲਈ ਜ਼ਰੂਰੀ ਹਨ।

ਲੋਕਤੰਤਰ ਨੂੰ ਮਨ ਵਿਚ ਵਸਾਉਣ, ਇਸ ਦੇ ਢੰਗਾਂ ਰਾਹੀਂ ਮਾਧਿਅਸਥ ਹੋਣ ਅਤੇ ਸੰਬੰਧਿਤ ਅਭਿਆਸ ਕਰਨ ਤੋਂ ਬਿਨਾਂ, ਖਾਲਸਾ ਕੌਮ ਜਾਂ ਦੂਜੀਆਂ ਕੌਮਾਂ ਲਈ ਠੀਕ ਪੁਜੀਸ਼ਨ ਨਹੀਂ ਲਈ ਜਾ ਸਕਦੀ। ਉਹ ਪੁਜ਼ੀਸ਼ਨ ਜੋ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਵੀ ਸਵੀਕਾਰ ਹੋਵੇ। ਅੱਜ ਕੋਈ ਜੰਗ ਇਕੱਲਿਆਂ ਨਹੀਂ ਲੜੀ ਜਾ ਸਕਦੀ। ਹੁਣ ਇਹ ਕੇਵਲ ਅੰਤਰਰਾਸ਼ਟਰੀ ਭਾਈਚਾਰਿਆਂ ਦਾ ਹਿੱਸਾ ਬਣ ਕੇ ਹੀ ਹੋ ਸਕਦੀ ਹੈ।

ਜਦੋਂ ਇਸ ਮਹਾਂਨਾਸ ਨੂੰ ਖਾਲਸਾ ਭਰਾਤਰੀਅਤਾ ਨੇ ਸੂਰਜ ਵਿਚ ਬਦਲ ਲਿਆ ਤਾਂ ਇਹ ਕੇਵਲ ਉਪਭਾਵੁਕਤਾ, ਘ੍ਰਿਣਾ ਅਤੇ ਸੌੜੀ ਨਿਸ਼ਾਨਦੇਹੀ ਤੋਂ ਅੱਗੇ ਲੰਘ ਜਾਵੇਗਾ। ਇਸੇ ਘਟਨਾ ਵਿੱਚੋਂ ਸਿਰਜਣਾ ਦਾ ਹੜ੍ਹ ਆਵੇਗਾ। ਅਜੇ ਤਕ ਇਹ ਵਾਪਰਿਆ ਨਹੀਂ। ਯਹੂਦੀ ਚਿੰਤਕਾਂ ਨੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਕੁੱਲ ਭਾਈਚਾਰਿਆਂ ਦੀ ਵਿਲੱਖਣਤਾ ਦੇ ਵਿਰੋਧੀ ਪ੍ਰਬੰਧਾਂ ਅਤੇ ਉਨ੍ਹਾਂ ਦੇ ਆਧਾਰਾਂ ਨੂੰ ਵੰਗਾਰ ਵਿੱਚ ਬਦਲ ਦਿੱਤਾ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਭਾਈਚਾਰੇ ਜਾਂ ਕੌਮ ਨਾਲ ਮੁੜ ਕੇ ਮਹਾਂਨਾਸ਼ ਨਾ ਵਾਪਰੇ। ਇਸ ਪ੍ਰਸੰਗ ਵਿਚ ਦੋ ਵੱਡੇ ਚਿੰਤਕਾਂ ਨੇ ਪਰਮ ਦੇਣ ਦਿੱਤੀ ਹੈ। ਫਰਾਂਸ ਦਾ ਲੈਵਿਨਾਸ ਜਿਸ ਨੇ ਇਹ ਸਥਾਪਿਤ ਕੀਤਾ ਹੈ ਕਿ ਹਰ ਪਰਮਾਣਿਕ ਪਰਵਚਨ ਦੂਜੇ ਨਾਲ ਸਨਮੁੱਖ (ਫੇਸ ਟੂ ਫੇਸ) ਸੰਵਾਦ ਹੈ।

ਦੂਜੇ ਨਾਲ ਨੈਤਿਕ ਸੰਬੰਧ ਅਤੇ ਉਸ ਪ੍ਰਤੀ ਜ਼ਿੰਮੇਵਾਰੀ ਦੀ ਸਵੀ ਕ੍ਰਿਤੀ ਹੈ। ਯਾਕ ਦੈਰਿਦਾ ਨੇ ਇਹ ਸਥਾਪਿਤ ਕੀਤਾ ਹੈ ਕਿ ਪਰਵਚਨ ਵਿੱਚੋਂ ਦੂਜੇ ਦੀ ਟ੍ਰੇਸ (trace ਭਾਵ ਸੁਰਾਗ) ਜਾ ਨਹੀਂ ਸਕਦੀ। ਦੂਜੇ ਵਿੱਚ ਇੰਨੀਆਂ ਸੰਭਾਵਨਾਵਾਂ ਹੁੰਦੀਆਂ ਹਨ ਕਿ ਅਸੀਂ ਉਸ ਨੂੰ ਕਦੇ ਵੀ ਪੂਰੇ ਚਿੰਨ੍ਹ ਵਿਚ ਬੰਨ੍ਹ ਨਹੀਂ ਸਕਦੇ। ਲੈਵਿਨਾਸ ਅਤੇ ਦੈਰਿਦਾ ਨੇ ਦੁਨੀਆਂ ਦੇ ਸਰਬ ਚਿੰਤਨ ਨੂੰ ਦੂਜੇ ਲਈ ਸਤਿਕਾਰ ਭਰਪੂਰ ਬਣਾ ਦਿੱਤਾ ਹੈ। ਜਿਸ ਪਰਵਚਨ ਵਿਚ ਦੂਜੇ ਜਾਂ ਪਰ (other) ਨੂੰ ਉਸ ਦੀ ਸੁੰਦਰਤਾ ਅਤੇ ਸੰਭਾਵਨਾਵਾਂ ਵਿੱਚ ਪਛਾਣਿਆ ਨਹੀਂ ਜਾ ਸਕਦਾ, ਉਹ ਸਮਝ ਅਤੇ ਪਰਵਚਨ ਅਧੂਰੇ ਹਨ। ਦੂਜੇ ਨੂੰ ਇਹ ਸਥਾਨ ਦੇ ਕੇ ਇਨ੍ਹਾਂ ਚਿੰਤਕਾਂ ਨੇ ਹਰ ਪਰਵਚਨ ਅਤੇ ਹਰ ਸੰਸਥਾ ਨੂੰ ਦੂਜੇ ਨੂੰ ਪਛਾਨਣ ਅਤੇ ਉਸ ਲਈ ਸਤਿਕਾਰ ਦੇਣ ਨਾਲ ਜੋੜ ਦਿੱਤਾ। ਅਜਿਹਾ ਚਿੰਤਨ ਹੋਂਦ ਵਿਚ ਨਹੀਂ ਸੀ ਆ ਸਕਦਾ ਜੇਕਰ ਜਰਮਨ ਹੋਲੋਕੌਸਟ ਨੂੰ ਇਸ ਨਵੀਂ ਸੋਚ ਦਾ ਸੂਰਜ ਨਾ ਬਣਾਇਆ ਜਾਂਦਾ। ਸਿੱਖ ਕੌਮ, ਖਾਲਸਾ ਭਰਾਤਰੀਅਤਾ ਨੇ ਅਜੇ ਅਜਿਹੀ ਸਿਰਜਨਾ ਦਾ ਹੜ੍ਹ ਲਿਆਉਣਾ ਹੈ, ਇਸ ਦੀ ਉਡੀਕ ਹੈ। ਗੁਰੂ ਸਾਹਿਬਾਨ ਦੀ ‘ਬਾਣੀ’ ਦੀ ਮਿਸਾਲ ਪਹਿਲਾਂ ਮੌਜੂਦ ਹੈ।

-0-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: