Site icon Sikh Siyasat News

ਖਾੜਕੂ ਸੰਘਰਸ਼ ਦੀ ਸਾਖੀ — ਪਹਿਲੀ ਝਲਕ ਦਾ ਅਸਰ

“ਖਾੜਕੂ ਸੰਘਰਸ਼ ਦੀ ਸਾਖੀਃ ਅਣਜਾਣੇ, ਅਣਗੌਲ਼ੇ ਸਿਦਕੀ ਅਤੇ ਯੋਧੇ” ਕਿਤਾਬ ਦੀ ਪਹਿਲੀ ਝਲਕ ਤੋਂ ਹੀ ਖ਼ਾਲਸੇ ਦੀ ਇਲਾਹੀ ਸ਼ਾਨ ਦਾ ਪ੍ਰਭਾਵ ਸਿਰਜਿਆ ਗਿਆ। ਇਸ ਤਸਵੀਰ ਵਿਚ ਦੋ ਦੇਹਾਂ ਜਿੰਦਗੀ ਦੀਆਂ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਕਰਦੀਆਂ ਦਿਸਦੀਆਂ ਹਨ। ਉਨ੍ਹਾਂ ਦੁਆਲੇ ਜ਼ਿੰਦਗੀ ਦਾ ਸੰਪੂਰਨ ਚੱਕਰ ਹੈ, ਉਸ ਚੱਕਰ ਦੇ ਨਾਲ ਫੁੱਲਾਂ ਰੂਪੀ ਜ਼ਿੰਦਗੀ ਦੇ ਖੇੜੇ, ਵਿਗਾਸ ਤੇ ਭਰਪੂਰਤਾ ਦਾ ਨਿਵਾਸ ਹੈ।

ਤਸਵੀਰ ਵਿਚਲੀਆਂ ਦੋ ਦੇਹਾਂ ਦੁਆਲੇ ਜ਼ਿੰਦਗੀ ਦਾ ਭਰਪੂਰ ਜਸ਼ਨ ਵਾਲਾ ਇਕ ਪਰਤੀਕ ਮੰਡਲ ਸਿਰਜਿਆ ਗਿਆ ਹੈ। ਜ਼ਿੰਦਗੀ ਦੀ ਬੈਰੂਨੀ ਕੋਮਲਤਾ ਦੇ ਅੰਦਰੂਨੀ ਹਿੱਸੇ ਵਿੱਚ ਉਮਰ ਦਰਾਜ਼ ਸਿਆਣਪ ਅਹਿਲ ਟਿਕਾਅ ਵਿਚ ਸ਼ਸਤਰਧਾਰੀ ਹੋ ਕੇ ਪਦਮ ਆਸਨ ਜਮਾਈ ਬੈਠੀ ਹੈ ਅਤੇ ਉਸਦੇ ਅਦਬ ਵਿੱਚ ਬਾਜ਼ ਵਾਂਗ ਅੰਬਰੀਂ ਉਡਾਰੀਆਂ ਲਾਉਣ ਲਈ ਤਿਆਰ ਬਰ ਤਿਆਰ, ਸ਼ਸਤਰਧਾਰੀ ਜਵਾਨੀ ਬੀਰ ਆਸਣ ਹੈ । ਜ਼ਿੰਦਗੀ ਦਾ ਸੰਪੂਰਨ ਚੱਕਰ ਤੇ ਉਸ ਦਾ ਵਿਗਾਸ ਇਨ੍ਹਾਂ ਦੋ ਸੱਚਾਈਆਂ ਦੇ ਦੁਆਲੇ ਹੀ ਸੰਭਵ ਹੈ । ਦੋਹਾਂ ਦੇਹਾਂ ਦੇ ਹੇਠਲੀ ਹਰੀ ਜ਼ਮੀਨ ਜੀਵਨ ਦੀ ਉਸ ਸਿਰਜਨਾਤਮਕ ਸ਼ਕਤੀ ਵੱਲ ਸੰਕੇਤ ਹੈ ਜਿਸ ਵਿਚੋਂ ਅਜੀਮ ਤੇ ਸ਼ਾਨਦਾਰ ਇਤਿਹਾਸ ਦੀ ਸਿਰਜਣਾ ਹੁੰਦੀ ਹੈ। ਬਾਣਾ ਤੇ ਸ਼ਸਤਰ ਖ਼ਾਲਸਾ ਰਵਾਇਤ ਦੇ ਤਰਜਮਾਨ ਹਨ ਭਾਵ ਰਵਾਇਤ, ਅਕਲ, ਸ਼ਸਤਰ ਤੇ ਜੰਗ ਦੇ ਤਵਾਜ਼ਨ ਨਾਲ ਹੀ ਮਲੂਕ ਜ਼ਿੰਦਗੀ ਮੌਲ ਸਕਦੀ ਹੈ।

ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ

ਸਿਰਲੇਖ ਖਾੜਕੂ ਸੰਘਰਸ਼ ਦੀ ਸਾਖੀ, ਵੀਹਵੀਂ ਸਦੀ ਦੌਰਾਨ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਦਿੱਲੀ ਤਖ਼ਤ ਵਿਰੁੱਧ ਲੜੇ ਗਏ ਹਥਿਆਰਬੰਦ ਖਾੜਕੂ ਸੰਘਰਸ਼ ਦੇ ਇਤਿਹਾਸਕ ਵਰਣਨ ਦੀ ਦੱਸ ਪਾ ਰਿਹਾ ਹੈ। ਸਿਰਲੇਖ ਦੇ ਹੇਠਾਂ ਲਿਖਿਆ ‘ ਅਣਜਾਣੇ ਅਣਗੌਲੇ ਸਿਦਕੀ ਤੇ ਯੋਧੇ’ ਇਕ ਇਤਹਾਸ-ਦ੍ਰਿਸ਼ਟੀ ਹੈ। ਇਹ ਇਤਿਹਾਸ ਸਿਰਜਣਾ ਦੇ ਉਸ ਅਰੂਪ ਵਹਿਣ ਦੀ ਪਛਾਣ ਦਾ ਯਤਨ ਹੈ ਜਿਸ ਨਾਲ ਇਤਿਹਾਸ ਜ਼ੋਰਾਵਰ ਸਮੂਹਿਕ ਚੇਤਨਾ ਲਹਿਰ ਵਿੱਚ ਤਬਦੀਲ ਹੋ ਜਾਂਦਾ ਹੈ । ਇਹ ਚੇਤਨਾ ਲਹਿਰ ਜੀਵਨ ਦੇ ਵਿਭਿੰਨ ਰੰਗਾਂ ਨੂੰ ਚੱਲ ਰਹੇ ਸੰਘਰਸ਼ ਵਿਚ ਨਿਵੇਕਲੇ ਅੰਦਾਜ਼ ਵਿੱਚ ਹੀ ਸ਼ਾਮਲ ਕਰਦੀ ਹੈ। ਸਿਰਲੇਖ ਦਰਸਾਉਂਦਾ ਹੈ ਕਿ ਭਾਈ ਦਲਜੀਤ ਸਿੰਘ ਕਿਸੇ ਦਰਿਆ ‘ਤੇ ਉਸਰੇ ਪੁਲ਼ ਦੀ ਥਾਂ ਉਸ ਪੁਲ਼ ਦੀਆਂ ਉਨ੍ਹਾਂ ਬੁਰਜੀਆਂ ਦੀ ਬਾਤ ਪਾਉਣਾ ਚਾਹੁੰਦੇ ਹਨ ਜੋ ਵਹਿਣ ਦੇ ਥੱਲੇ ਬਹੁਤ ਡੂੰਘੇ ਥਾਂ ਨਿੱਗਰ ਜਮੀਨ ‘ਤੇ ਆਸਣ ਜਮਾਈ ਬੈਠੀਆਂ ਹਨ ਤੇ ਉਨ੍ਹਾਂ ਦੇ ਉੱਪਰ ਪੁਲ ਟਿਕਿਆ ਹੋਇਆ ਹੈ ਪਰ ਉਹ ਕਿਸੇ ਨੂੰ ਦਿੱਸਦੀਆਂ ਨਹੀਂ।

ਹੁਣ ਤਸਵੀਰ ਅਤੇ ਸਿਰਲੇਖ ਨੂੰ ਜੋਡ਼ਿਆਂ ਇੱਕ ਮੁਕੰਮਲ ਦ੍ਰਿਸ਼ ਬਣਦਾ ਹੈ ਜਿਸ ਵਿਚੋਂ ਖਾੜਕੂ ਸੰਘਰਸ਼ ਦੇ ਇਤਿਹਾਸ ਨੂੰ ਸਮਝਣ ਲਈ ਇਕ ਸੂਖ਼ਮ ਰਮਜ਼ ਪ੍ਰਾਪਤ ਹੁੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version