ਲੇਖ

ਤਖਤ ਸਾਹਿਬ ਤੇ ਕਬਜਾ ਅਤੇ ਸਿੱਖਾਂ ਨਾਲ ਦੋਸਤੀ ?

By ਸਿੱਖ ਸਿਆਸਤ ਬਿਊਰੋ

February 10, 2024

ਸਿੱਖਾਂ ਨੂੰ ਜਿਸ ਵੀ ਹਕੂਮਤ ਨੇ ਜਿੱਤਣਾ ਚਾਹਿਆ ਉਸ ਨੇ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਨੂੰ ਤਬਾਹ ਕਰਨ ਜਾਂ ਵਸ ਕਰਨ ਦਾ ਹਮਲਾ ਵਿਉਂਤਿਆ। ਇਸ ਲਈ ਕੋਈ ਹਕੂਮਤ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਬਾਰੇ ਕੀ ਸੋਚਦੀ ਹੈ, ਉਸਦਾ ਕਨੂੰਨ ਵਿਧਾਨ ਕਿਸ ਤਰ੍ਹਾਂ ਦਾ ਹੈ ਅਤੇ ਉਸਦੇ ਸਰਕਾਰੇ ਦਰਬਾਰੇ ਪ੍ਰਸ਼ਾਸਨ ਦਾ ਅਮਲ ਕਿਸ ਤਰ੍ਹਾਂ ਦਾ ਹੈ, ਇਸ ਸਾਰੇ ਤੋਂ ਉਸ ਦੇ ਸਿੱਖਾਂ ਨਾਲ ਦੋਸਤੀ, ਦੁਸ਼ਮਣੀ ਜਾਂ ਸਾਵੇਂ ਰਿਸ਼ਤੇ ਦਾ ਪਤਾ ਲੱਗਦਾ ਹੈ।

ਮੁਗਲ, ਪਠਾਣ ਅਤੇ ਅੰਗਰੇਜ਼ ਹਕੂਮਤਾਂ ਵੱਲੋਂ ਗੁਰਦੁਆਰਿਆਂ ਬਾਰੇ ਜੋ ਨੀਤੀ ਅਤੇ ਰਵੱਈਆ ਅਪਣਾਇਆ ਗਿਆ ਉਸ ਵਿੱਚੋਂ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਕਿ ਉਹਨਾਂ ਦਾ ਉਹਨਾਂ ਹਕੂਮਤਾਂ ਨਾਲ ਰਿਸ਼ਤਾ ਦੁਸ਼ਮਣੀ ਦਾ ਸੀ। ਭਾਰਤੀ ਹਕੂਮਤ ਖਾਸ ਕਰ 1984 ਤੋਂ ਬਾਅਦ ਪਹਿਲੀ ਵਾਰ ਸਿੱਖਾਂ ਦੇ ਕੁਝ ਹਿੱਸੇ ਨੇ ਵਰਤਮਾਨ ਸੱਤਾ ਉੱਤੇ ਕਾਬਜ ਧਿਰ ਭਾਜਪਾ ਨੂੰ ਸਿੱਖਾਂ ਦੀ ਹਮਦਰਦ ਦੱਸਿਆ। ਕਿਸੇ ਹਕੂਮਤ ਦਾ ਕਿਸੇ ਅਧੀਨ ਪਛਾਣ ਸਮਾਜ ਨਾਲ ਕਿਹੋ ਜਿਹਾ ਰਿਸ਼ਤਾ ਹੈ ਉਹ ਅਧੀਨ ਪਛਾਣ ਸਮਾਜ ਵਿੱਚੋਂ ਹਕੂਮਤ ਨਾਲ ਚੱਲ ਰਹੇ ਵਰਗ ਦੇ ਬਿਆਨਾਂ ਜਾਂ ਗੱਲਾਂ ਤੋਂ ਨਹੀਂ ਪਤਾ ਲੱਗਦਾ ਹੁੰਦਾ ਸਗੋਂ ਹਕੂਮਤ ਦੇ ਰਵਈਏ ਅਤੇ ਨੀਤੀ ਵਿੱਚੋਂ ਪ੍ਰਗਟ ਹੁੰਦਾ ਹੈ। ਪਿਛਲੇ ਥੋੜੇ ਜਿਹੇ ਸਮੇਂ ਵਿੱਚ ਤਖਤ ਸ੍ਰੀ ਹਜੂਰ ਸਾਹਿਬ, ਨੰਦੇੜ ਲਈ ਲਗਾਤਾਰ ਕਾਨੂੰਨੀ ਬਦਲਾਓ ਅਤੇ ਕਬਜ਼ੇ ਦੀ ਸਰਕਾਰੀ ਕਵਾਇਦ ਵਿੱਚ ਤੇਜ਼ੀ ਭਾਰਤੀ ਸੱਤਾ ਦੇ ਸਿੱਖਾਂ ਨਾਲ ਰਿਸ਼ਤੇ ਪ੍ਰਤੀ ਕੋਈ ਓਹਲਾ ਨਹੀਂ ਰਹਿਣ ਦਿੰਦੀ ਕਿ ਇਹ ਰਿਸ਼ਤਾ ਦੁਸ਼ਮਣੀ ਦਾ ਹੈ। ਜਾਹਰਾ ਤੌਰ ਤੇ ਨੀਤੀ ਵਜੋਂ, ਪ੍ਰਸ਼ਾਸਕੀ ਵਿਹਾਰ ਵਜੋਂ ਸਿੱਖਾਂ ਨਾਲ ਉਹੀ ਹੋ ਰਿਹਾ ਹੈ ਜੋ ਕਿਸੇ ਦੁਸ਼ਮਣ ਨਾਲ ਕੋਈ ਸੱਤਾ ਕਰਦੀ ਹੈ।

ਇਸ ਲਈ ਸਿੱਖਾਂ ਦੇ ਸਾਰੇ ਵਰਗਾਂ ਅਤੇ ਧੜਿਆਂ ਬੇਸ਼ੱਕ ਉਹ ਸੱਤਾ ਦੇ ਹਿੱਸੇਦਾਰ ਦਾ ਹਨ ਜਾਂ ਸੱਤਾ ਮਾਣਨ ਦੇ ਚਾਹਵਾਨ ਹਨ ਜਾਂ ਕਿਸੇ ਸੱਤਾ ਅਧੀਨ ਕਿਸੇ ਅਹੁਦੇ ਤੇ ਬਿਰਾਜਮਾਨ ਹਨ ਜਾਂ ਕਿਸੇ ਹੋਰ ਵਜਾਹ ਕਰਕੇ ਸੱਤਾ ਨਾਲ ਸਹਿਮਤੀ ਰੱਖਦੇ ਹਨ, ਓਹਨਾਂ ਸਾਰਿਆਂ ਨੂੰ ਏਸ ਘੜੀ ਸੋਚਣ ਦੀ ਲੋੜ ਹੈ ਕਿ ਕੀ ਜਦੋਂ ਸਿੱਖਾਂ ਦੇ ਤਖਤ ਸਾਹਿਬਾਨ ਅਤੇ ਗੁਰਦੁਆਰਿਆਂ ਉੱਤੇ ਗੁਰੂ ਦਾ ਇਲਾਹੀ ਹੁਕਮ ਉਲੰਘ ਕੇ ਭਾਰਤੀ ਸੱਤਾ ਆਪਣਾ ਕਨੂੰਨ ਲਾਗੂ ਕਰ ਰਹੀ ਹੈ ਤਾਂ ਕੀ ਇਹੋ ਜਿਹੀ ਹਾਲਤ ਵਿੱਚ ਸੱਤਾ ਨਾਲ ਕੋਈ ਰਿਸ਼ਤਾ ਰੱਖਿਆ ਜਾ ਸਕਦਾ ਹੈ!!

ਜੇ ਭਾਰਤੀ ਸੱਤਾ ਨਾਲ ਅਜੇ ਵੀ ਕੋਈ ਰਿਸ਼ਤਾ ਰੱਖਣਾ ਹੈ ਤਾਂ ਅਠਾਰਵੀਂ ਸਦੀ ਅਤੇ ਅੰਗਰੇਜ਼ਾਂ ਦੇ ਜਮਾਨੇ ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੱਖ ਸੰਘਰਸ਼ਾਂ ਦੀਆਂ ਸਾਖੀਆਂ ਸੁਣਾਉਣ ਦਾ ਕੀ ਮਾਅਨਾ ਹੈ? ਅਰਦਾਸ ਵਿੱਚ ਸਦਾ ਬੋਲੇ ਜਾਂਦੇ ਵਾਕ “ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀਆਂ ਕੁਰਬਾਨੀਆਂ” ਨੂੰ ਜ਼ਿੰਦਗੀ ਦੇ ਅਮਲ ਵਿੱਚ ਨਿਭਾਉਣ ਦਾ ਵੇਲਾ ਹੈ। ਇਸ ਲਈ ਰਾਜਨੀਤੀ ਵਿੱਚ ਤੁਰੇ ਸਾਰੇ ਸਿੱਖਾਂ ਨੂੰ ਇਸ ਘੜੀ ਇਕੱਠੇ ਹੋ ਕੇ ਅੱਗੇ ਲੱਗਣ ਦੀ ਲੋੜ ਹੈ ਤਾਂ ਜੋ ਪੰਥ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: