ਲੇਖ

ਜਦੋਂ ਬਾਲਕਾਂ ਦੇ ਹਠ ਅੱਗੇ ਗੁਰਮਤਾ ਸੋਧ ਕੇ ਉਹਨਾਂ ਨੂੰ ਜਥੇ ਵਿਚ ਸ਼ਾਮਲ ਕਰਨਾ ਪਿਆ

August 10, 2022 | By

ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਹਮੇਸ਼ਾ ਭਰਦਾ ਆਇਆ ਹੈ ਕਿ ਇਸ ਵਿਚ ਉਮਰ ਕਦੇ ਵੀ ਮਾਇਨੇ ਨਹੀਂ ਰੱਖਦੀ। ਉਹ ਚਾਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਵੇ ਜਾਂ ਬਾਬਾ ਅਜੈ ਸਿੰਘ ਦਾ ਪੰਜ ਸਾਲ ਦੀ ਉਮਰ ਵਿਚ ਕਲੇਜਾ ਕੱਢਕੇ ਪਿਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਉਣ ਦੀ ਗਾਥਾ। ਇਤਿਹਾਸ ਹਮੇਸ਼ਾ ਸੱਚ ਨੂੰ ਜਿਊਂਦਾ ਹੋਇਆ ਵਾਰ-ਵਾਰ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅਜਿਹੀ ਇਕ ਘਟਨਾ “ਮੋਰਚਾ ਗੁਰੂ ਕਾ ਬਾਗ” ਵੇਲੇ ਵੇਖਣ ਨੂੰ ਮਿਲਦੀ ਹੈ। ਜਦੋਂ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਤੋਂ ਜਥੇਦਾਰ ਲਾਭ ਸਿੰਘ ਦੀ ਅਗਵਾਈ ਵਿਚ ਅਕਾਲੀ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਉਸ ਸਮੇਂ ਦਸ ਤੋਂ ਪੰਦਰਾਂ ਸਾਲ ਦੀ ਉਮਰ ਦੇ ਛੇ ਕੁ ਭੁਜੰਗੀ ਸਿੰਘ ਵੀ ਮੋਰਚੇ ਵਿਚ ਸ਼ਾਮਿਲ ਹੋਣ ਲਈ ਤਿਆਰ ਬਰ ਤਿਆਰ ਸਨ। ਇਸ ਘਟਨਾ ਦੀ ਪ੍ਰਤੱਖ ਸਾਖੀ ਗਿਆਨੀ ਬਿਸ਼ਨ ਸਿੰਘ ਇਵੇਂ ਬਿਆਨ ਕਰਦੇ ਹਨ:
ਦੁਆਬਾ ਹੈ ਅਕਾਲੀ ਜਥਾ ਹੋਯਾ ਤਯਾਰ ਜੀ, ਜਥੇਦਾਰ ਲਾਭ ਸਿੰਘ ਸਰਦਾਰ ਜੀ।
ਵੱਡੇ ਹੁਸ਼ਿਆਰ ਹੁਸ਼ਿਆਰਪੁਰ ਦੇ,
ਸਿੰਘ ਏ ਅਕਾਲੀਏ ਗੁਲਾਮ ਗੁਰੂ ਦੇ।
ਛਾਲਾਂ ਮਾਰ ਮਾਰ ਮੌਤ ਵਲ ਤੁਰਦੇ,
ਦੀਵੇ ਤੋਂ ਪਤੰਗੇ ਕਦੀ ਨਹੀਂ ਮੁੜਦੇ।
ਛੇ ਕੁ ਭੁਜੰਗੀ ਜਥੇ ਵਿਚਕਾਰ ਜੀ,
ਅਸਾਂ ਹੈ ਜ਼ਰੂਰ ਜਾਣਾ ਹੋਏ ਤਿਆਰ ਜੀ।
ਉਮਰ ਹੈ ਬਾਲ ਦਸ ਪੰਦ੍ਰਾਂ ਸਾਲ ਜੀ,
ਪੈ ਗਏ ਖਿਆਲ ਜਾਣਾ ਜਥੇ ਨਾਲ ਜੀ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਲਾਂ ਦੀ ਨਿੱਕੀ ਉਮਰ ਦੇਖਕੇ ਮੋਰਚੇ ਵਿਚ ਜਾਣ ਤੋਂ ਉਹਨਾਂ ਨੂੰ ਰੋਕਣਾ ਚਾਹਿਆ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੋਰਚੇ ਵਿਚ ਨਾ ਜਾਵੋ, ਕਿਉਂਕਿ ਅੰਗਰੇਜ਼ੀ ਹਕੂਮਤ ਜ਼ਾਲਮਾਨਾ ਤਰੀਕੇ ਅਤੇ ਬੇਰਹਿਮੀ ਨਾਲ ਕੁੱਟਦੀ-ਮਾਰਦੀ ਹੈ। ਉਹ ਕਿਸੇ ਬੱਚੇ, ਬਜ਼ੁਰਗ ਤੇ ਇਸਤਰੀ ਦਾ ਵੀ ਖਿਆਲ ਤੱਕ ਨਹੀਂ ਰੱਖਦੇ। ਪਰ ਬੱਚਿਆਂ ਹੱਠ ਕੀਤਾ ਹੋਇਆ ਸੀ ਕਿ ਅਸੀਂ ਵੀ ਮੋਰਚੇ ਵਿਚ ਸ਼ਾਮਿਲ ਹੋਣਾ ਹੀ ਹੋਣਾ ਹੈ। ਬੱਚਿਆਂ ਦਾ ਉਤਸ਼ਾਹ ਅਤੇ ਦ੍ਰਿੜਤਾ ਵੇਖਕੇ ਦੁਬਾਰਾ ਗੁਰਮਤਾ ਸੋਧਿਆ ਗਿਆ ਅਤੇ ਉਹਨਾਂ ਨੂੰ ਮੋਰਚੇ ਵਿਚ ਜਾਣ ਵਾਲੇ ਜਥੇ ‘ਚ ਸ਼ਾਮਿਲ ਕੀਤਾ ਗਿਆ। ਇਹਨਾਂ ਬੱਚਿਆਂ ਨੇ ਭਾਈ ਘਨਈਆ ਜੀ ਦੀ ਤਰ੍ਹਾਂ ਜਖਮੀ ਸਿੰਘਾਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਅਤੇ ਗੁਰੂ ਦੇ ਸੱਚੇ ਸਿੱਖ ਹੋਣ ਵਾਲਾ ਰੁਤਬਾ ਹਾਸਿਲ ਕੀਤਾ।
ਬੇਸ਼ੱਕ ਇਹਨਾਂ ਨਿੱਕੜੇ ਬਾਲ ਅਕਾਲੀਆਂ ਦੇ ਨਾਮ ਨਹੀਂ ਪਤਾ ਪਰ ਇਹਨਾਂ ਦੇ ਜਜ਼ਬੇ ਅਤੇ ਦ੍ਰਿੜਤਾ ਨੇ ਇਕ ਵਾਰ ਫਿਰ ਇਤਿਹਾਸ ਨੂੰ ਦੁਹਰਾਇਆ। ਗਿਆਨੀ ਬਿਸ਼ਨ ਸਿੰਘ ਜੀ ਦੀ ਕਲਮ ਨੇ ਇਹਨਾਂ ਅਣਗੌਲੇ ਇਤਿਹਾਸ ਦੇ ਪਾਤਰਾਂ ਨੂੰ ਸਦਾ ਲਈ ਸੁਰਜੀਤ ਰੱਖਿਆ ਹੈ:
ਜਥੇਦਾਰ ਦੇਖ ਅਗੋਂ ਨੇ ਉਚਾਰਦੇ,
ਜ਼ਾਲਮ, ਬੇਰਹਿਮੀ ਨਾਲ ਬੁਰਾ ਮਾਰਦੇ।।
ਇਹ ਨੇ ਅਜਾਣ ਬਹੁਤ ਛੋਟੇ ਬਾਲ ਜੀ,
ਕਦੀ ਵੀ ਨ ਜਾਣ ਇਹ ਜਥੇ ਨਾਲ ਜੀ।।
ਬਾਲ ਨੇ ਖੜੋਤੇ ਅੱਗੋਂ ਹਠ ਧਾਰਕੇ,
ਰੋ ਪਏ ਨੇ ਓਸੇ ਵੇਲੇ ਭੁੱਬਾਂ ਮਾਰਕੇ।।
ਗੁਰਮਤਾ ਸੋਧ ਸੰਗਤ ਨੇ ਆਖਿਆ,
ਬਾਲਕਾਂ ਦਾ ਹਠ ਐਵੇਂ ਅਭਿਲਾਖਿਆ।।
ਜੇ ਇਹ ਜ਼ਰੂਰ ਬਿਨਾ ਘੱਲੇ ਜਾਣਗੇ,
ਪੰਥ ਦੇ ਨ ਘੱਲੋ ਹੋਇ ਮੰਨੇ ਜਾਣਗੇ।।
ਫੇਰ ਤਾਂ ਭੁਜੰਗੀ ਚੁੱਪ ਹੋ ਖੜੋ ਗਏ,
ਪੰਥ ਦੇ ਗੁਲਾਮ ਆਗਿਆਕਾਰ ਹੋ ਗਏ।। ਅਸਾਂ ਨੂੰ ਜ਼ਰੂਰ ਕੋਈ ਸੇਵਾ ਦੀਜੀਏ,
ਪੰਥ ਕਿਹਾ ਫੱਟੜਾਂ ਦੀ ਸੇਵਾ ਕੀਜੀਏ
ਫਟੜਾਂ ਦੀ ਸੇਵਾ ਓਹ ਕਰਨ ਲੱਗੇ ਨੇ,
ਧੰਨ ਗੁਰੂ ਸਿੱਖ ਹੁਣ ਹੋਏ ਅਗੇ ਨੇ।।
ਇੱਕ ਸਿੱਖ ਲਈ ਸੰਘਰਸ਼ ਹਮੇਸ਼ਾ ਕੋਈ ਬੋਹਜ ਨਹੀਂ ਬਲਕਿ ਉਤਸ਼ਾਹ ਰਿਹਾ ਹੈ, ਜਿਸ ਵਿਚ ਉਮਰ ਦੀਆਂ ਬੰਦਿਸ਼ਾਂ ਅਤੇ ਸਰਕਾਰਾਂ ਦੇ ਜ਼ੁਲਮ ਫਿੱਕੇ ਪਏ ਹਨ। ਇੱਕ ਸਿੱਖ ਬਾਣੀ ਦੇ ਖਿਆਲ ਨੂੰ ਜਿਊਂਦਾ ਹੋਇਆ ਭਵਿੱਖ ਲਈ ਪ੍ਰਕਾਸ਼ ਤੇ ਪ੍ਰੇਰਣਾ ਬਣ ਜਾਂਦਾ ਹੈ ਅਤੇ ਵਾਰ ਵਾਰ ਬਣਦਾ ਰਹੇਗਾ ਪਰ ਜਦੋਂ ਉਹ ਆਪਣੀ ਜੜ੍ਹ (ਗੁਰੂ ਆਸ਼ਾ) ਤੋਂ ਟੁੱਟ ਕੇ ਪਾਸੇ ਹੁੰਦਾ ਹੈ ਤਾਂ ਗੁਰੂ ਬਖਸ਼ਿਸ਼ ਖੋਹ ਬੈਠਦਾ ਹੈ ਫਿਰ ਉਸਦਾ ਖਤਮ ਹੋਣਾ ਤੈਅ ਹੈ। ਗੁਰੂ ਲਿਵ ਨਾਲ ਜੁੜ ਬੁਲੰਦ ਕਿਰਦਾਰ ਰਾਹੀਂ ਹੀ ਸਿੱਖ ਲਈ ਭਵਿੱਖ ਦੇ ਸਹੀ ਰਾਹ ਨਿਕਲ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: