ਲੇਖ

ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਵੇਂ ਮਿਲੀ?

June 13, 2022 | By

ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਵੇਂ ਮਿਲੀ
(ਬੱਤੀਆਂ ਜਥੇਦਾਰਾਂ ਦੀਆਂ ਜੁੱਤੀਆਂ ਨਾਲ ਛੁਹਾ ਕੇ ਨਵਾਬੀ ਲਈ)

ਜਦੋਂ ਜ਼ਕਰੀਆ ਖਾਨ (ਖਾਨ ਬਹਾਦਰ) ਸਿੱਖਾਂ ਨਾਲ ਲੜ ਲੜ ਕੇ ਅੱਕ ਗਿਆ, ਜਦੋਂ ਉਹਨੂੰ ਪਤਾ ਲੱਗ ਗਿਆ ਕੇ ਸਿੱਖ ਕਦੇ ਵੀ ਚੈਨ ਨਾਲ ਰਾਜ ਨਹੀਂ ਕਰਨ ਦੇਣਗੇ ਤਾਂ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੂੰ ਚਿੱਠੀ ਲਿਖੀ ਕਿ ਹੁਣ ਸਿੱਖਾਂ ਨਾਲ ਸੁਲਾ-ਸਫਾਈ ਕਰ ਲੈਣੀਂ ਚਾਹੀਦੀ ਹੈ ਤੇ ਕੁਝ ਜ਼ਗੀਰ ਨਾਮ ਕਰ ਦੇਣੀ ਚਾਹੀਦੀ ਹੈ, ਸਿੱਖਾਂ ਨਾਲ ਲੜ-ਲੜ ਕੇ ਖਜ਼ਾਨੇ ਖਾਲੀ ਹੋ ਚੁੱਕੇ ਨੇ, ਰੋਜ਼ਾਨਾ ਫੌਜੀ ਸਿੱਖਾਂ ਦੀ ਕਿਰਪਾਨ ਹੇਠਾਂ ਮਰ ਰਹੇ ਨੇ, ਇਹ ਦਿਨ ਵੇਲੇ ਪਤਾ ਨਹੀਂ ਕਿੱਧਰ ਜਾ ਵੜਦੇ ਨੇ ਤੇ ਰਾਤ ਨੂੰ ਬਿਜਲੀ ਦੀ ਤਰ੍ਹਾਂ ਆਣ ਗਰਜਦੇ ਨੇ,,,ਜੇ ਇਹਨਾਂ ਨਾਲ ਸੁਲਾ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਾਜ ਇਹਨਾਂ ਹੱਥ ਹੋਵੇਗਾ।

ਇਹ ਗੱਲਾਂ ਸੁਣਕੇ ਕਮਜ਼ੋਰ ਦਿਲ ਦਾ ਮਾਲਕ ਮੁਹੰਮਦ ਸ਼ਾਹ ਰੰਗੀਲਾ ਸੁਲਾ ਲਈ ਤਿਆਰ ਹੋ ਗਿਆ। ਜ਼ਕਰੀਆ ਖਾਨ ਵੱਲੋਂ ਸ. ਸਬੇਗ ਸਿੰਘ ਨੂੰ ਏਲਚੀ ਬਣਾਕੇ ਸਿੱਖਾਂ ਵੱਲ ਭੇਜਿਆ ਗਿਆ।

ਸਿੱਖ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਵਿਚ ਇਕੱਠੇ ਹੋਏ ਸਨ। ਸਬੇਗ ਸਿੰਘ ਜ਼ੰਬਰ ਖਿੱਲਤ ਤੇ ਨਵਾਬੀ ਦੀ ਸਨਦ ਸਿੱਖਾਂ ਕੋਲ ਲੈ ਕੇ ਆਇਆ। ਆਉਂਦੇ ਹੀ ਉਸਨੂੰ ਸਿੰਘਾਂ ਵੱਲੋਂ ਪਹਿਲਾਂ ਤਾਂ ਤਨਖਾਹ ਲਾਈ ਗਈ ਕਿ ਉਹ ਜ਼ਾਬਰ ਜ਼ਕਰੀਆ ਖਾਨ ਦਾ ਮਿਲਾਪੀ ਹੈ। ਸਬੇਗ ਸਿੰਘ ਨੇ ਇਹ ਤਨਖਾਹ ਹੱਸਕੇ ਪ੍ਰਵਾਨ ਕੀਤੀ। ਫਿਰ ਉਸ ਦੁਆਰਾ ਖਾਨ ਬਹਾਦਰ ਦੀ ਅਜ਼ਮਾਇਸ਼ ਪੇਸ਼ ਕੀਤੀ ਗਈ। ਉਸ ਵਕਤ ਲਗਪਗ 32 ਜਥੇ ਇਕੱਠੇ ਹੋਏ ਸਨ ਜਿਸ ਵਿਚ ਦੀਵਾਨ ਦਰਬਾਰਾ ਸਿੰਘ, ਸਰਦਾਰ ਕਪੂਰ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਰਾਮ ਸਿੰਘ, ਦੇਵਾ ਸਿੰਘ, ਆਦਿ ਸਰਦਾਰ ਸ਼ਾਮਿਲ ਸਨ। ਪੰਥ ਨੇ ਇਹ ਪੇਸ਼ਕਸ਼ ਪ੍ਰਵਾਨ ਨਾ ਕੀਤੀ। ਉਸ ਵਕਤ ਦੀਵਾਨ ਦਰਬਾਰਾ ਸਿੰਘ ਨੇ ਕਿਹਾ ਕੇ ਪੰਥ ਤੁਰਕਾਂ ਦੀ ਕੋਈ ਚੀਜ਼ ਨਹੀਂ ਲਵੇਗਾ, ਪੰਥ ਤੇਗ ਦੇ ਜ਼ੋਰ ਨਾਲ ਪ੍ਰਾਪਤ ਕਰੇਗਾ, ਅਸੀਂ ਤਾਂ ਗੁਰੂ ਦੇ ਬਚਨਾਂ ਨਾਲ ਹੰਨੇ ਹੰਨੇ, ਕਾਠੀ ਕਾਠੀ ਰਾਜ ਕਾਇਮ ਕਰਨਾ ਹੈ। ਸਬੇਗ ਸਿੰਘ ਨੇ ਕਿਹਾ ਕਿ ਆਪ ਇਸ ਤਰ੍ਹਾਂ ਮਨ੍ਹਾਂ ਨਾ ਕਰੋ, ਸਰਕਾਰ ਨੇ ਪੰਥ ਤੋਂ ਡਰ ਕੇ ਇਹ ਨਜ਼ਰਾਨੇ ਭੇਜੇ ਹਨ, ਕਬੂਲ ਕਰੋ।

ਸ.ਸਬੇਗ ਸਿੰਘ ਦੇ ਕਹਿਣ ਤੇ ਜ਼ਗੀਰ ਤਾਂ ਲੈ ਲਈ ਗਈ ਪਰ ਨਵਾਬੀ ਲੈਣ ਨੂੰ ਕੋਈ ਵੀ ਤਿਆਰ ਨਹੀਂ ਸੀ। ਨਵਾਬੀ ਵਿਚ ਖਿਲਤ ਤੇ ਤਲਵਾਰ ਜਿਸ ਵੱਲ ਵੀ ਕੀਤੀ ਜਾਵੇ ਉਹ ਪੈਰ ਨਾਲ ਦੂਜੇ ਸਰਦਾਰ ਵੱਲ ਧੱਕ ਦਿੱਤੀ ਜਾਵੇ। ਇਹ ਦ੍ਰਿਸ਼ ਹੈਰਾਨ ਕਰਨ ਵਾਲਾ ਸੀ ਕਿ 32 ਸਰਦਾਰਾਂ ਨੇ ਨਵਾਬੀ ਨੂੰ ਪੈਰ ਨਾਲ ਪਿਛਾਂਹ ਧੱਕ ਦਿੱਤਾ। ਅੰਤ ਤੇ ਗੁਰਮਤਾ ਕੀਤਾ ਕਿ ਜੋ ਇਸ ਸਮੇਂ ਟਹਿਲ ਸੇਵਾ ਕਰ ਰਿਹਾ ਹੋਵੇ ਨਵਾਬੀ ਉਸਨੂੰ ਦਿੱਤੀ ਜਾਵੇ। ਉਸ ਵਕਤ ਸਰਦਾਰ ਕਪੂਰ ਸਿੰਘ ਪੱਖੇ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਸਨ। ਸਭ ਜਥੇ ਦੇ ਸਰਦਾਰਾਂ ਵੱਲੋਂ ਇਹ ਨਵਾਬੀ ਲੈਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਗਈ। ਸ. ਕਪੂਰ ਸਿੰਘ ਨੇ ਪੂਰੀ ਦ੍ਰਿੜਤਾ ਨਾਲ ਕਿਹਾ ਕੇ ਸੰਗਤ ਦੀ ਸੇਵਾ ਤੇ ਘੋੜਿਆਂ ਦੀ ਸੇਵਾ ਤੋਂ ਵੀ ਨਵਾਬੀ ਥੱਲੇ ਹੈ। ਸ.ਕਪੂਰ ਸਿੰਘ ਨੇ ਸਾਰੇ ਸਰਦਾਰਾਂ ਦੇ ਜੁੱਤਿਆਂ ਨੂੰ ਨਵਾਬੀ ਛੁਹਾ ਕੇ ਪ੍ਰਾਪਤ ਕਰ ਲਈ ਤੇ ਨਾਲ ਹੀ ਇਹ ਸ਼ਰਤ ਰੱਖੀ ਕੇ ਉਹ ਕਦੇ ਵੀ ਤੁਰਕਾਂ ਦੇ ਦਰਬਾਰ ਚ ਸ਼ਾਮਿਲ ਨਹੀਂ ਹੋਵੇਗਾ। ਨਾ ਹੀ ਕਿਸੇ ਤੁਰਕ ਦੀ ਕਮਾਨ ਹੇਠ ਯੁੱਧ ਲੜੇਗਾ ਬਲਕਿ ਖਾਲਸਾ ਪੰਥ ਦੀ ਇਕ ਅਜ਼ਾਦ ਫੌਜ ਹੋਵੇਗੀ। ਨਾ ਹੀ ਮੈਂ ਉਹਨਾਂ ਦੀ ਕੋਈ ਰਸਮ ਰਿਵਾਜ਼ ਮੰਨਾਂਗਾ ਤੇ ਨਾ ਹੀ ਕੋਈ ਨਜ਼ਰਾਨੇ ਭੇਜੇ ਜਾਣਗੇ। ਜੋ ਵੀ ਜੰਗ ਵਿੱਚੋਂ ਘੋੜੇ ਹਥਿਆਰ ਤੇ ਹੋਰ ਮਾਲ-ਏ-ਗਨੀਮਤ ਪ੍ਰਾਪਤ ਹੋਇਆ ਖਾਲਸੇ ਦਾ ਹੋਵੇਗਾ। ਸ.ਕਪੂਰ ਸਿੰਘ ਦੀਆਂ ਇਹ ਗੱਲਾਂ ਸੁਣਕੇ ਸਾਰੇ ਵਾਹ ਵਾਹ ਕਰ ਉਠੇ ਤੇ ਜੈਕਾਰਿਆਂ ਦੀ ਗੂੰਜ ਵਿੱਚ ਨਵਾਬੀ ਦੀ ਪ੍ਰਵਾਨਗੀ ਦਿੱਤੀ। ਧੰਨ ਇਹ ਸਿੱਖੀ ਸਿਦਕ ਤੇ ਅਣਖ।

ਸਰੋਤ – ਭੂਰਿਆਂ ਵਾਲੇ ਰਾਜੇ ਕੀਤੇ – ਸਵਰਨ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: