ਚੋਣਵੀਆਂ ਲਿਖਤਾਂ » ਲੇਖ

ਬਾਜ਼ ਦਾ ਗੀਤ (ਲੇਖਕ -ਮੈਕਸਿਮ ਗੋਰਕੀ)

October 29, 2020 | By

‘ਬਾਜ਼ ਦਾ ਗੀਤ’ ਆਜ਼ਾਦੀ ਨਾਲ ਜਿਊਣ ਦੀ ਤਾਂਘ ਤੇ ਸੁਤੰਤਰਤਾ ਲਈ ਪ੍ਰੇਰਨਾ ਦੇਣ ਵਾਲੀ ਕਹਾਣੀ ਹੈ। ਹੌਂਸਲੇ ਤੇ ਹਿੰਮਤ ਨਾਲ ਰਣ-ਭੂਮੀ ਵਿੱਚ ਨਿੱਤਰ ਕੇ ਜੂਝਣ ਦਾ ਸੰਦੇਸ਼ ਦਿੰਦੀ ਇਹ ਕਹਾਣੀ ਅੱਜ ਵੀ ਉੱਨੀ ਹੀ ਪ੍ਰਸੰਗਕ ਹੈ, ਜਿਨੀਂ ਉਨ੍ਹੀਂਵੀਂ ਸਦੀ ਦੇ ਅਖ਼ੀਰ ਵਿੱਚ ਸੀ। ਸਿੱਖਾਂ ਨੂੰ ਵੀ ਸਪੱਸ਼ਟ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਇਸ ਕਹਾਣੀ ਦੇ ਪਾਤਰ ਸੱਪ ਵਾਂਗ ਧਰਤੀ ਤੇ ਰੀਂਗ ਕੇ ਚੱਲਣਾ ਹੈ ਜਾਂ ਬਾਜ਼ ਵਾਂਗ ਖੁੱਲ੍ਹੇ ਅੰਬਰਾਂ ਤੇ ਆਜ਼ਾਦੀ ਨਾਲ ਉਡਾਰੀਆਂ ਮਾਰਨੀਆਂ ਹਨ।

ਅਥਾਹ ਸਾਗਰ — ਤੱਟ ਦੇ ਨੇੜੇ ਆਲਸੀ ਜਿਹੇ ਢੰਗ ਨਾਲ ਸਾਹ ਲੈ ਰਿਹਾ, ਤੇ ਦੂਰ ਨੀਂਦ ਵਿਚ ਤੇ ਬੇਹਰਕਤ-ਡੂੰਘੀ ਨੀਲੀ ਚੰਨ-ਚਾਨਣੀ ਵਿਚ ਲਪੇਟਿਆ ਹੋਇਆ ਸੀ। ਨਰਮ ਤੇ ਚਾਂਦੀ ਰੰਗਾ, ਇਹ ਦੁਮੇਲ ਉਤੇ ਦੱਖਣ ਦੇ ਨੀਲੇ ਆਕਾਸ਼ ਨਾਲ ਇਕਮਿਕ ਹੋਇਆ ਸੀ ਤੇ ਘੂਕ ਸੁੱਤਾ ਹੋਇਆ ਸੀ, ਤੇ ਇਸ ਵਿਚ ਫੰਬਿਆਂ ਵਰਗੇ ਬੱਦਲਾਂ ਦਾ ਪਰਤੌ ਦਿਸਦਾ ਸੀ, ਜਿਹੜੇ ਉਪਰ ਬੇਹਰਕਤ ਲਟਕੇ ਪਏ ਸਨ ਤੇ ਤਾਰਿਆਂ ਦੀ ਸੁਨਹਿਰੀ ਨੱਕਾਸ਼ੀ ਉੱਤੇ ਪਰਦਾ ਤਾਣ ਰਹੇ ਸਨ, ਪਰ ਉਸ ਨੂੰ ਢੱਕ ਨਹੀਂ ਸਨ ਰਹੇ। ਆਕਾਸ਼ ਝੁਕ ਕੇ ਸਾਗਰ ਵੱਲ ਆਉਂਦਾ ਲਗਦਾ ਸੀ, ਇਹ ਸਮਝਣ ਦੀ ਇੱਛਾ ਨਾਲ ਕਿ ਬੇਚੈਨ ਲਹਿਰਾਂ, ਅਲਸਾਈਆਂ ਹੋਈਆਂ ਕੰਢਿਆਂ ਨੂੰ ਧੋਂਦੀਆਂ, ਉਹਨਾਂ ਦੇ ਕੰਨਾਂ ਵਿਚ ਕੀ ਕਹਿ ਰਹੀਆਂ ਹਨ।

ਹਵਾਵਾਂ ਨਾਲ ਟੁੱਟੇ ਦਰਖ਼ਤਾਂ ਨਾਲ ਖੱਕੇ ਹੋਏ ਪਹਾੜ ਆਪਣੀਆਂ ਦੰਦਿਆਂ ਵਰਗੀਆਂ ਚੋਟੀਆਂ ਆਪਣੇ ਉਪਰਲੇ ਨੀਲੇ ਖਿਲਾਅ ਵਿਚ ਖੋਭ ਰਹੇ ਸਨ, ਜਿਥੇ ਉਹਨਾਂ ਦੀਆਂ ਸਖ਼ਤ ਆਕਾਰ-ਰੇਖਾਵਾਂ ਨੂੰ ਦੱਖਣੀ ਰਾਤ ਦਾ ਨਿੱਘਾ ਤੇ ਸਹਿਲਾਉਂਦਾ ਹਨੇਰਾ ਕੋਮਲ ਬਣਾ ਰਿਹਾ ਸੀ।
ਪਹਾੜ ਡੂੰਘੀਆਂ ਸੋਚਾਂ ਵਿਚ ਡੁੱਬੇ ਹੋਏ ਸਨ। ਉਹਨਾਂ ਦੇ ਕਾਲੇ ਪਰਛਾਵੇਂ ਉਭਰਦੀਆਂ ਹਰੀਆਂ ਲਹਿਰਾਂ ਦੀਆਂ ਟੀਸੀਆਂ ਉੱਤੇ ਪੈ ਰਹੇ ਸਨ ਤੇ ਉਹਨਾਂ ਨੂੰ ਭੁਸ਼ਨ ਪਹਿਨਾ ਰਹੇ ਸਨ, ਜਿਵੇਂ ਉਹਨਾਂ ਦੇ ਲਗਾਤਾਰ ਉਤਾਰ-ਚੜਾ ਨੂੰ ਰੋਕਣਾ, ਪਾਣੀ ਦੀ ਨਿਰੰਤਰ ਥਪ-ਥਪ ਨੂੰ, ਤੇ ਝੱਗ ਦੇ ਹਉਕਿਆਂ ਨੂੰ ਚੁੱਪ ਕਰਾਉਣਾ ਚਾਹੁੰਦੇ ਹੋਣ -ਭਾਵ, ਉਹਨਾਂ ਸਾਰੀਆਂ ਆਵਾਜ਼ਾਂ ਨੂੰ ਜਿਹੜੀਆਂ ਉਸ ਰਹੱਸਮਈ ਚੁੱਪ ਨੂੰ ਭੰਗ ਕਰ ਰਹੀਆਂ ਸਨ, ਜਿਹੜੀ ਇਸ ਸਾਰੇ ਦ੍ਰਿਸ਼ ਉੱਤੇ ਛਾਈ ਹੋਈ ਸੀ, ਚੰਨ ਦੀ ਚਾਂਦੀ ਵਰਗੀ ਨੀਲੀ ਚਾਨਣੀ ਵਾਂਗ, ਜਿਹੜਾ ਚੰਨ ਕਿ ਅਜੇ ਪਹਾੜਾਂ ਦੀਆਂ ਟੀਸੀਆਂ ਤੋਂ ਉੱਤੇ ਨਹੀਂ ਸੀ ਆਇਆ।

ਅੱਲਾ-ਹੁ-ਅਕਬਰ !” ਨਾਦਰ ਰਹੀਮ ਓਗਲੀ ਨੇ ਹੌਲੀ ਜਿਹੀ ਸਾਹ ਲੈਂਦਿਆਂ ਕਿਹਾ। ਉਹ ਉੱਚਾ ਲੰਮਾਂ, ਧੌਲੀ ਦਾੜੀ ਵਾਲਾ ਦੇ ਦੱਖਣੀ ਧੁੱਪ ਦੇ ਸੰਵਲਾਏ ਰੰਗ ਵਾਲਾ, ਪਤਲਾ ਜਿਹਾ ਤੇ ਸਿਆਣਾ ਬਜ਼ੁਰਗ ਆਜੜੀ ਸੀ।

ਅਸੀਂ ਦੋਵੇਂ ਜਣੇ ਪਹਾੜ ਨਾਲੋਂ ਟੁੱਟੇ ਇਕ ਵੱਡੇ ਸਾਰੇ ਪੱਥਰ ਕੋਲ ਰੇਤ ਉਤੇ ਪਏ ਹੋਏ ਸਾਂ, ਜਿਸ ਪੱਥਰ ਉਤੇ ਉੱਲੀ ਜੰਮੀ ਹੋਈ ਸੀ-ਪਰਛਾਵਿਆਂ ਦੇ ਕੱਪੜੇ ਪਾਈ ਉਦਾਸ ਤੇ ਦਿਲਗੀਰ ਪੱਥਰ ਕੋਲ ਇਸਦੀ ਸਾਗਰ ਵੱਲ ਦੀ ਵੱਖੀ ਉਤੇ ਲਹਿਰਾਂ ਨੇ ਸਮੁੰਦਰੀ ਕਾਈ ਤੇ ਪਾਣੀ ਵਿਚ ਉੱਗਣ ਵਾਲੀਆਂ ਹੋਰ ਬੁਟੀਆਂ ਲਿਆ ਸੁੱਟੀਆਂ ਸਨ ਜਿਹੜੀਆਂ ਇਸਨੂੰ ਸਾਗਰ ਤੇ ਪਹਾੜਾਂ ਵਿਚਕਾਰ ਛੋਟੇ ਬਲਦੀ ਅੱਗ ਦੀਆਂ ਲਾਟਾਂ ਇਸਦੇ ਤੱਟ ਵਾਲੇ ਪਾਸੇ ਨੂੰ ਰੋਸ਼ਨ ਕਰ ਰਹੀਆਂ ਸਨ ਤੇ ਲਾਟਾਂ ਦੇ ਭੜਕਣ ਨਾਲ ਇਸ ਪੁਰਾਤਨ ਪੱਥਰ ਦੀ ਸਤਹ ਉਤੇ, ਜਿਸ ਉਤੇ ਡੂੰਘੀਆਂ ਤਰੇੜਾਂ ਦਾ ਜਾਲ ਵਿਛਿਆ ਹੋਇਆ ਸੀ ਪਰਛਾਵੇ ਦੌੜਣ ਲੱਗ ਪੈਂਦੇ ਸਨ।

ਰਹੀਮ ਤੇ ਮੈਂ ਕੁਝ ਮੱਛੀ ਉਬਾਲ ਰਹੇ ਸਾਂ, ਜਿਹੜੀ ਅਸਾਂ ਕੁਝ ਹੀ ਦੇਰ ਪਹਿਲਾਂ ਫੜੀ ਸੀ ਤੇ ਅਸੀਂ ਦੋਵੇਂ ਹੀ ਐਸੀ ਮਨੋਅਵਸਥਾ ਵਿਚ ਸਾਂ ਜਿਸ ਵਿਚ ਹਰ ਚੀਜ਼ ਉੱਜਲ, ਪ੍ਰੇਰਨਾ ਦੇਣ ਵਾਲੀ ਤੇ ਸਮਝ ਆਉਣ ਵਾਲੀ ਲਗਦੀ ਹੈ। ਸਾਡੇ ਦਿਲ ਹੌਲੇ-ਫੁੱਲ ਤੇ ਨਿਰਮਲ ਸਨ, ਤੇ ਇਕੋ ਇਕ ਖ਼ਾਹਸ਼ ਇਹਨਾਂ ਵਿਚ ਇਹ ਸੀ ਕਿ ਇਥੇ ਪਏ ਰਹੀਏ ਤੇ ਸੁਪਨੇ ਲਈ ਜਾਈਏ।

ਸਾਗਰ ਤੱਟ ਨਾਲ ਵੱਜ ਕੇ ਥਪ-ਥਪ ਕਰ ਰਿਹਾ ਸੀ, ਲਹਿਰਾਂ ਦੀ ਆਵਾਜ਼ ਏਨੀ ਨਿਮਰਤਾ ਭਰੀ ਸੀ ਕਿ ਉਹ ਸਾਡੀ ਅੱਗ ਸੇਕਣ ਲਈ ਤਰਲਾ ਕਰਦੀਆਂ ਜਾਪਦੀਆਂ ਸਨ। ਕਦੀ ਕਦੀ ਨਿੱਕੀਆਂ ਲਹਿਰਾਂ ਦੀ ਇਕਸਾਰ ਘੂਕਰ ਵਿਚ ਵਧੇਰੇ ਉੱਚੀ ਤੇ ਵਧੇਰੇ ਚੰਚਲ ਆਵਾਜ਼ ਆ ਦਖਲ ਦੇਂਦੀ ਸੀ। ਇਹ ਕੋਈ ਵਡੇਰੀ ਤੇ ਵਧੇਰੇ ਦਲੇਰ ਲਹਿਰ ਹੁੰਦੀ ਸੀ, ਜਿਹੜੀ ਰਿੜ੍ਹਦੀ ਹੋਈ ਸਾਡੇ ਪੈਰਾਂ ਤੱਕ ਆ ਜਾਂਦੀ ਸੀ।

ਰਹੀਮ ਸਿਰ ਸਾਗਰ ਵੱਲ ਕਰਕੇ ਪੇਟ-ਭਾਰ ਰੇਤ ‘ਤੇ ਲੇਟਿਆ ਹੋਇਆ ਸੀ।ਉਸਨੇ ਅਰਕਾਂ ਰੇਤ ਵਿੱਚ ਗੱਡੀਆਂ ਹੋਈਆਂ ਸਨ, ਗਲ੍ਹਾਂ ਹਥੇਲੀਆਂ ਵਿੱਚ ਲਈਆਂ ਹੋਈਆਂ ਸਨ ਤੇ ਸੋਚਦਾ ਹੋਇਆ ਧੁੰਦਲੀ ਦੂਰੀ ਵਿੱਚ ਤੱਕ ਰਿਹਾ ਸੀ।ਉਸਦਾ ਪੋਸਤੀਨ ਦਾ ਟੋਪ ਤਿਲਕ ਕੇ ਸਿਰ ਦੇ ਪਿਛਲੇ ਪਾਸੇ ਵੱਲ ਹੋ ਗਿਆ ਸੀ, ਤੇ ਤਾਜ਼ਾ ਸਮੁੰਦਰੀ ਹਵਾ ਦੇ ਬਰੀਕ ਲੀਕਾਂ ਨਾਲ ਭਰੇ ਉਸਦੇ ਚੌੜੇ ਮੱਥੇ ਨੂੰ ਪੱਖਾ ਝੱਲ ਰਹੀ ਸੀ।ਉਹ ਫ਼ਲਸਫ਼ੀਆਨਾ ਟਿੱਪਣੀਆਂ ਕਰ ਰਿਹਾ ਸੀ, ਇਸ ਗੱਲੋਂ ਬਿਲਕੁਲ ਬੇਫ਼ਿਕਰ ਕਿ ਮੈਂ ਸੁਣ ਰਿਹਾ ਹਾਂ ਜਾਂ ਨਹੀਂ, ਜਿਵੇਂ ਕਿ ਉਹ ਸਾਗਰ ਨਾਲ ਗੱਲਾਂ ਕਰ ਰਿਹਾ ਹੋਵੇ।

“ਜਿਹੜਾ ਬੰਦਾ ਖ਼ੁਦਾ ਵਿਚ ਯਕੀਨ ਰੱਖਦੈ, ਉਹ ਜੱਨਤ ਵਿਚ ਜਾਂਦੈ। ਤੇ ਜਿਹੜਾ ਬੰਦਾ ਖੁਦਾ ਦੀ ਜਾਂ ਉਸਦੇ ਰਸੂਲ ਦੀ ਖਿਦਮਤ ਨਹੀਂ ਕਰਦਾ? ਸ਼ਾਇਦ ਉਹ ਔਥੇ ਹੋਵੇ ਸਾਗਰ ਦੀ ਝੱਗ ਵਿਚ। ਹੋ ਸਕਦੈ ਪਾਣੀ ਉਪਰਲੇ ਚਾਂਦੀ ਵਰਗੇ ਟਿਮਕਣਿਆਂ ਵਿਚ ਉਹ ਹੋਵੇ। ਕੌਣ ਜਾਣੇ?”

ਹਨੇਰਾ, ਮਹਾਂ ਵਿਸ਼ਾਲ ਸਾਗਰ ਹੋਰ ਰੋਸ਼ਨ ਹੋ ਗਿਆ ਤੇ ਚੰਨ-ਚਾਂਨਣੀ ਦੇ ਧੱਬੇ ਇਸ ਉਤੇ ਬੇ ਤਰਤੀਬੀ ਨਾਲ ਖਿਲਰ ਗਏ। ਚੰਨ ਪਹਾੜਾਂ ਦੀਆਂ ਬੁਰਦਾਰ ਟੀਸੀਆਂ ਦੇ ਪਿਛੋਂ ਤਿਲਕਦਾ ਬਾਹਰ ਨਿਕਲ ਆਇਆ ਸੀ ਤੇ ਹੁਣ ਸੁਪਨਿਆ ਵਿਚ ਡੁੱਬਾ ਆਪਣੀ ਚਾਨਣੀ ਤੱਟ ਉਤੇ ਉਸ ਪੱਥਰ ਉਤੇ ਜਿਸ ਕੋਲ ਅਸੀਂ ਬੈਠੇ ਸਾਂ, ਤੇ ਸਾਗਰ ਉਤੇ ਖਿਲਾਰ ਰਿਹਾ ਸੀ, ਜਿਹੜਾ ਨਿੱਕੀਆਂ-ਨਿੱਕੀਆਂ ਆਹਵਾਂ ਭਰਦਾ ਇਸਨੂੰ ਮਿਲਣ ਲਈ ਉਪਰ ਉਠਦਾ ਸੀ।

“ਰਹੀਮ, ਮੈਨੂੰ ਕੋਈ ਕਹਾਣੀ ਸੁਣਾ,” ਮੈਂ ਬਜ਼ੁਰਗ ਨੂੰ ਕਿਹਾ।

“ਕਾਹਦੇ ਲਈ?” ਉਸਨੇ ਮੇਰੇ ਵੱਲ ਵੇਖੇ ਬਿਨਾਂ ਪੁੱਛਿਆ।

“ਵੈਸੇ ਹੀ! ਮੈਨੂੰ ਤੇਰੀਆਂ ਕਹਾਣੀਆਂ ਸੁਣ ਕੇ ਬੜਾ ਮਜ਼ਾ ਆਉਂਦੈ।

“ਮੈਂ ਤੈਨੂੰ ਸੱਤ ਕਹਾਣੀਆਂ ਸੁਣਾ ਚੁੱਕਾ। ਮੈਨੂੰ ਹੁਣ ਹੋਰ ਕੋਈ ਨਹੀਂ ਆਉਂਦੀ।

ਉਸਦੀ ਇੱਛਾ ਇਹ ਹੁੰਦੀ ਸੀ ਕਿ ਮੈਂ ਉਸਦੇ ਤਰਲੇ ਕਰਾਂ। ਸੋ ਮੈਂ ਉਸਨੂੰ ਫਰਮਾਇਸ਼ ਕਰੀ ਗਿਆ।

“ਜੇ ਚਾਹੇ ਤਾਂ ਮੈਂ ਤੈਨੂੰ ਇਕ ਗੀਤ ਸੁਣਾਵਾਂ?” ਰਹੀਮ ਮੰਨ ਗਿਆ।

ਉਸਦੇ ਪੁਰਾਤਨ ਗੀਤ ਮੈਂ ਸੁਨਣਾ ਚਾਹੁੰਦਾ ਸਾਂ , ਸੋ ਉਸਨੇ ਲੈਅ ਨਾਲ ਪੁਰਾਤਨ ਧੁੰਨ ਦੀ ਰੰਗਤ ਨੂੰ ਕਾਇਮ ਰਖਦਿਆਂ, ਸੁਨਾਉਣਾ ਸ਼ੁਰੂ ਕੀਤਾ।

“ਉਪਰ ਪਹਾੜਾਂ ਵਿਚ ਇਕ ਸੱਪ ਰੀਂਗਦਾ ਜਾ ਪੁੱਜਾ, ਤੇ ਸਾਗਰ ਵੱਲ ਹੇਠਾਂ ਵੱਲ ਹੇਠਾਂ ਦੇਖਦੀ ਇਕ ਸਿਲੀ ਖੱਡ, ਵਿੱਚ ਡੇਰਾ ਲਾ ਲਿਆ।

“ਉਪਰ ਆਕਾਸ਼ ਵਿਚ ਸੂਰਜ ਚਮਕ ਰਿਹਾ ਸੀ ਤੇ ਪਹਾੜ ਆਪਣਾ ਗਰਮ ਸਾਹ ਆਕਾਸ਼ ਵੱਲ ਛੱਡ ਰਹੇ ਸਨ, ਤੇ ਹੇਠਾਂ ਲਹਿਰਾਂ ਜ਼ੋਰ-ਜ਼ੋਰ ਦੀ ਪੱਥਰਾਂ ਨਾਲ ਸਿਰ ਪਟਕ ਰਹੀਆਂ ਸਨ।

“ਤੇ ਗੁਫਾ ਦੇ ਵਿੱਚੋਂ, ਹਨੇਰੇ ਤੇ ਧੁੰਦ ਦੇ ਵਿੱਚੋਂ, ਇਕ ਤੇਜ਼-ਧਾਰ ਝਰਨਾ ਵਹਿ ਰਿਹਾ ਸੀ, ਜਿਹੜਾ ਸਾਗਰ ਨੂੰ ਮਿਲਣ ਦੀ ਤੀਬਰ ਇੱਛਾ ਵਿਚ ਪੱਥਰਾਂ ਨੂੰ ਉਲਟਾਈ ਜਾ ਰਿਹਾ ਸੀ।

“ਝੱਗ ਦਾ ਤਾਜ ਪਹਿਨੀ, ਪੁਰਾਤਨ ਤੇ ਜ਼ੋਰਦਾਰ, ਇਹ ਪਹਾੜ ਨੂੰ ਚੀਰ ਗਿਆ ਸੀ ਤੇ ਗੁੱਸੇ-ਭਰੀ ਗਰਜ ਨਾਲ ਸਾਗਰ ਵਿਚ ਜਾ ਡਿੱਗਾ ਸੀ।

“ਇਕਦਮ ਉਸ ਗੁਫਾ ਵਿਚ, ਜਿੱਥੇ ਸੱਪ ਕੁੰਡਲ ਮਾਰੀ ਬੈਠਾ ਸੀ, ਆਕਾਸ਼ ਤੋਂ ਇਕ ਬਾਜ਼ ਆ ਡਿੱਗਾ। ਉਸਦੇ ਸੀਨੇ ‘ਤੇ ਜ਼ਖ਼ਮ ਤੇ ਪਰਾਂ ‘ਤੇ ਲਹੂ ਸੀ।

“ਧਰਤੀ ਉਤੇ ਡਿਗਦਿਆਂ ਉਸਨੇ ਚੀਕ ਮਾਰੀ ਤੇ ਮਾਯੂਸੀ ਵਿਚ ਆਪਣੇ ਖੰਭ ਫੜਫੜਾਉਂਦਾ ਹੋਇਆ ਪੱਥਰ ‘ਤੇ ਪਿਆ ਰਿਹਾ।”

“ਸੱਪ ਡਰ ਗਿਆ ਤੇ ਉਥੋਂ ਨੱਸ ਗਿਆ, ਪਰ ਜਲਦੀ ਹੀ ਉਹਨੇ ਵੇਖਿਆ ਕਿ ਉਸ ਪੰਛੀ ਦਾ ਜੀਵਨ ਹੋਰ ਦੋ ਪਲ ਹੈ …”

“ਸੋ ਉਹ ਰੀਂਗਦਾ ਹੋਇਆ ਮੁੜ ਜ਼ਖ਼ਮੀ ਪੰਛੀ ਕੋਲ ਗਿਆ ਤੇ ਤਨਜ਼ ਨਾਲ ਉਸ ਵੱਲ ਦੇਖਦਾ ਸ਼ੁਕਰਿਆ:
“ਕਿਉਂ, ਮਰਨ ਲਗੈਂ?”

ਹਾਂ, ਮਰ ਰਿਹਾਂ,” ਬਾਜ਼ ਨੇ ਹਉਕਾ ਭਰਦਿਆਂ ਜਵਾਬ ਦਿੱਤਾ। “ਪਰ ਮੈਂ ਖੂਬ ਜੀਵਿਆ ਹਾਂ! ਮੈਂ ਖ਼ੁਸ਼ੀ ਮਾਣੀ ਏ! … ਬਹਾਦਰੀ ਨਾਲ ਰਿਹਾ ਹਾਂ !… ਮੈਂ ਆਕਾਸ਼ ਗਾਹਿਆ ਹੈ! ਤੂੰ ਏਨਾ ਨੇੜਿਉਂ ਹੋ ਕੇ ਕਦੀ ਵੀ ਆਕਾਸ਼ ਨਹੀਂ ਵੇਖ ਸਕੇਂਗਾ ! ਤੂੰ ਕਿਆ ਵਿਚਾਰੀ ਚੀਜ਼ ਏਂ…”

ਲੈ, ਆਕਾਸ਼ ਵਿਚ ਕੀ ਪਿਐ? ਖ਼ਾਲਮ-ਖਾਲੀ ਥਾਂ … ਉਥੇ ਮੈਂ ਰੀਂਗ ਸਕਦਾ ਹਾਂ? ਮੇਰੇ ਲਈ ਇਥੇ ਹੀ ਬੜਾ ਚੰਗਾ ਏ-ਏਨਾ ਨਿੱਘਾ ਤੇ ਸਿਲ੍ਹਾ।”

“ਇਸ ਤਰ੍ਹਾਂ ਸੱਪ ਨੇ ਆਜ਼ਾਦ ਪੰਛੀ ਨੂੰ ਜਵਾਬ ਦਿੱਤਾ ਤੇ ਦਿਲ ਦੀ ਦਿਲ ਵਿਚ ਉਸਦੀ ਇਸ ਬਕੜਵਾਹ ਉਤੇ ਹੱਸਣ ਲੱਗਾ।”

“ਤੇ ਆਪਣੇ ਆਪ ਵਿਚ ਸੋਚਣ ਲੱਗਾ – ‘ਕੀ ਫ਼ਰਕ ਪੈਂਦਾ ਹੈ ਕਿ ਕੋਈ ਰੀਂਗਦਾ ਹੈ ਜਾਂ ਉੱਡਦਾ ਹੈ, ਹਸ਼ਰ ਤਾਂ ਸਭ ਦਾ ਇਕ ਹੈ: ਸਭ ਨੇ ਧਰਤੀ ਵਿਚ ਹੀ ਲੇਟਣਾ ਹੈ, ਮਿੱਟੀ ਹੀ ਹੋ ਜਾਣਾ ਹੈ।

“ਪਰ ਬਾਜ਼ ਨੇ ਇਕਦਮ ਕੋਸ਼ਿਸ਼ ਕਰਕੇ ਜ਼ਰਾ ਕੁ ਸਿਰ ਚੁੱਕਿਆ ਤੇ ਖੱਡ ਵੱਲ ਇਕ ਨਜ਼ਰ ਸੁੱਟੀ।

“ਚੱਟਾਨ ਵਿਚਲੀਆਂ ਤਰੇੜਾਂ ਵਿਚੋਂ ਪਾਣੀ ਸਿੰਮਦਾ ਆ ਰਿਹਾ ਸੀ ਤੇ ਖੱਡ ਅੰਦਰਲੀ ਹਵਾ ਮੌਤ ਤੇ ਸੜਾਂਦ ਦੀ ਭਰੀ ਹੋਈ ਸੀ।”

“ਤੇ ਸਾਰਾ ਜ਼ੋਰ ਲਾ ਕੇ ਬਾਜ਼ ਉਦਾਸੀ ਤੇ ਸਿੱਕ ਨਾਲ ਕੂਕ ਉਠਿਆ:

“ਕਾਸ਼, ਕਿ ਮੈਂ ਆਕਾਸ਼ ਵਿਚ ਇਕ ਵਾਰੀ ਸਿਰਫ਼ ਹੋਰ ਉੱਡ ਸਕਦਾ !…. ਮੈਂ ਆਪਣੇ ਦੁਸ਼ਮਣ ਨੂੰ ਆਪਣੇ ਜ਼ਖ਼ਮੀ ਸੀਨੇ ਨਾਲ ਰਗੜ ਸੁੱਟਦਾ ਤੇ ਆਪਣੇ ਖੂਨ ਵਿਚ ਡੋਬ ਕੇ ਮਾਰ ਦੇਂਦਾ।… ਉਫ਼, ਲੜਾਈ ਦਾ ਉਹ ਮਜ਼ਾ !”

“ਸੱਪ ਨੇ ਸੋਚਿਆ: “ਆਕਾਸ਼ ਵਿਚ ਰਹਿਣਾ ਸਚਮੁੱਚ ਬੜਾ ਸ਼ਾਨਦਾਰ ਹੋਵੇਗਾ ਜੇ ਇਹ ਉਸ ਲਈ ਏ ਨੀਆਂ ਆਹਾਂ ਭਰ ਰਿਹਾ ਹੈ ਤਾਂ ….

“ਤੇ ਉਸਨੇ ਆਜ਼ਾਦ ਪੰਛੀ ਨੂੰ ਤਜਵੀਜ਼ ਦਿਤੀ: ਰੀਂਗਦਾ ਹੋਇਆ ਗੁਫਾ ਦੇ ਸਿਰੇ ਤਕ ਜਾ ਕੇ ਆਪਣੇ ਆਪ ਨੂੰ ਹੇਠਾਂ ਸੁੱਟ ਦੇ।ਹੋ ਸਕਦਾ ਹੈ ਅਜੇ ਵੀ ਤੇਰੇ ਖੰਭ ਤੇਰਾ ਭਾਰ ਉਠਾ ਸਕਣ ਤੇ ਤੂੰ ਮੁੜ ਕੇ ਆਕਾਸ਼ ਵਿੱਚ ਉੱਡ ਸਕੇ।’

“ਬਾਜ਼ ਦਾ ਲੂੰ ਲੂੰ ਬਰਕ ਉਠਿਆ।ਇਸਨੇ ਮਾਣ ਨਾਲ ਇਕ ਕੂਕ ਛੱਡੀ ਤੇ ਜਿਲ੍ਹਣ ਵਿੱਚ ਆਪਣੇ ਪੰਜੇ ਖੋਭਦਾ, ਰੀਂਗਦਾ ਹੋਇਆ ਦੰਦੀ ਤੱਕ ਆਇਆ।

“ਪੱਥਰ ਦੀ ਤੇਜ਼ੀ ਨਾਲ ਬਾਜ਼ ਡਿੱਗਾ, ਆਪਣੇ ਖੰਭ ਖਿਲਾਰਦਾ ਹੋਇਆ। ਤੇ ਡਿੱਗਣ ਨਾਲ ਇਸਦੇ ਪਰ ਨਾਲੋਂ ਲੱਥ ਗਏ।

“ਇਕ ਲਹਿਰ ਨੇ ਇਸਨੂੰ ਦਬੋਚ ਲਿਆ ਇਸਦਾ ਖੂਨ ਧੋ ਕੇ ਸਾਫ਼ ਕੀਤਾ, ਇਸਨੂੰ ਝੱਗ ਵਿਚ ਲਪੇਟਿਆ ਤੇ ਉਡਾ ਕੇ ਸਾਗਰ ਵਿਚ ਲੈ ਗਈ।

“ਸੋਗੀ ਚੀਕਾਂ ਨਾਲ ਸਾਗਰ ਦੀਆਂ ਲਹਿਰਾਂ ਪੱਥਰਾਂ ਨਾਲ ਸਿਰ ਪਟਕਾਉਣ ਲਗੀਆਂ।…. ਪੰਛੀ ਦੀ ਲਾਸ਼ ਸਾਗਰ ਦੀ ਵਿਸ਼ਾਲਤਾ ਵਿਚ ਅਲੋਪ ਹੋ ਚੁੱਕੀ ਸੀ।

“ਕਿੰਨਾ ਚਿਰ ਸੱਪ ਖੁੱਡ ਵਿਚ ਕੰਡਲ ਮਾਰੀ ਬੈਠਾ ਰਿਹਾ-ਪੰਛੀ ਦੀ ਮੌਤ ਬਾਰੇ ਸੋਚਦਾ ਆਕਾਸ਼ ਲਈ ਉਸਦੇ ਪਿਆਰ ਬਾਰੇ ਸੋਚਦਾ।

“ਤੇ ਇਸਨੇ ਦੁਰ ਪੁਲਾੜ ਵਿਚ ਨਜ਼ਰ ਮਾਰੀ, ਜਿਥੇ ਖੁਸ਼ੀ ਬਾਰੇ ਸੁਪਨੇ ਸਦਾ ਅੱਖਾਂ ਨੂੰ ਖਿੱਚ ਪਾਉਂਦੇ ਰਹਿੰਦੇ ਨੇ।

“ਉਸ ਮਰਨੇ ਬਾਜ਼ ਨੂੰ ਬਿਨਾ ਤਲ ਤੇ ਬਿਨਾਂ ਕਿਨਾਰੇ ਦੇ ਇਸ ਖ਼ਿਲਾਅ ਵਿਚ ਕੀ ਦਿਸਿਆ ਸੀ ? ਕਿਉ? ਉਸ ਵਰਗੇ, ਮਰਨਯੋਗੇ, ਆਕਾਸ਼ ਵਿਚ ਉੱਡਣ ਦੀ ਆਪਣੀ ਤਾਂਘ ਨਾਲ ਰੂਹ ਨੂੰ ਕਲਪਾਉਂਦੇ ਨੇ ? ਉਥੇ ਉਹਨਾਂ ਨੂੰ ਕੀ ਦਿਸਦਾ ਹੈ ? ਇਹ ਸਾਰਾ ਕੁੱਝ ਮੈਂ ਇਕੋ ਉਡਾਣ ਵਿਚ ਹੀ ਜਾਣ ਸਕਦਾ ਹਾਂ, ਭਾਵੇਂ ਇਹ ਛੋਟੀ ਜਿਹੀ ਹੀ ਕਿਉਂ ਨਾ ਹੋਵੇ।’

“ਕਿਹਾ, ਤੇ ਕਰ ਵਿਖਾਇਆ। ਇਸਨੇ ਹੋਰ ਵੀ ਜ਼ੋਰ ਦੀ ਕੁੰਡਲ ਮਾਰਿਆ ਤੇ ਕੁੱਦ ਪਿਆ। ਧੁੱਪ ਵਿਚ ਕਾਲੀ ਲਕੀਰ ਚਮਕਦੀ ਦਿਖਾਈ ਦਿੱਤੀ।

“ਪਰ ਰੀਂਗਣ ਲਈ ਜੰਮੇ ਕਿੱਦਾਂ ਉੱਡ ਸਕਦੇ ਨੇ? ਸੱਪ ਹੀਲਾ ਪੱਥਰਾਂ ਉਤੇ ਆ ਡਿੱਗਾ, ਪਰ ਮਰਿਆ ਨਾ। ਉਹ ਹੱਸਦਾ ਬੋਲਿਆ:

“ਸੋ ਇਸ ਗੱਲ ਵਿਚ ਹੈ ਆਕਾਸ਼ ਵਿਚ ਉੱਡਣ ਦੀ ਖੁਸ਼ੀ ! ਹੇਠਾਂ ਆ ਡਿੱਗਣ ਵਿਚ !… ਕਿਆ ਅਜੀਬ ਪੰਛੀ ਨੇ ! ਧਰਤੀ ਨੂੰ ਜਾਣਦੇ ਨਹੀਂ, ਇਸ ਉੱਤੇ ਦਿਲਗੀਰ ਰਹਿੰਦੇ ਨੇ, ਆਕਾਸ਼ ਵਿਚ ਉੱਚਾ ਉੱਡਣਾ ਦੀਆ ਚਾਹੁੰਦੇ ਨੇ ਤੇ ਉਸ ਸਾੜਦੇ ਖਿਲਾਅ ਵਿਚ ਜ਼ਿੰਦਗੀ ਟੋਲਦੇ ਨੇ। ਉਥੇ ਸਿਰਫ਼ ਖ਼ਿਲਾਅ ਏ,ਚਾਨਣ ਉੱਥੇ ਬਹੁਤ ਏ, ਪਰ ਸ਼ਰੀਰ ਨੂੰ ਕਾਇਮ ਰੱਖਣ ਲਈ ਕੁਝ ਨਹੀਂ। ਤਾਂ ਏਨਾਂ ਮਾਣ ਕਾਹਦੇ ਲਈ ? ਤੂੰ ਏਨੀ ਹਿਕਾਰਤ ਕਾਹਦੇ ਲਈ ? ਦੁਨੀਆ ਤੇ ਆਪਣੀਆਂ ਪਾਗਲ ਲਾਲਸਾਵਾਂ ਤੇ ਜੀਵਨ ਦੇ ਕਾਰੋਬਾਰ ਨਾਲ ਨਜਿੱਠ ਸੱਕਣ ਵਿਚ ਆਪਣੀ ਅਸਫ਼ਲਤਾ ਛੁਪਾਉਣ ਲਈ ?

ਕਿਆ ਅਜੀਬ ਪੰਛੀ ਨੇ ! ਕਦੀ ਵੀ ਫਿਰ ਤੇਰੇ ਲਫ਼ਜ਼ ਮੈਨੂੰ ਭੁਚਲਾ ਨਹੀਂ ਸਕਣਗੇ। ਕਿਉਂਕਿ ਹੁਣ ਮੈਂ ਸਭ ਕੁਝ ਜਾਣਦਾ ਹਾਂ। ਮੈਂ ਆਕਾਸ਼ ਵੇਖ ਲਿਆ ਹੈ, ਇਸ ਵਿਚ ਉਤੇ ਚੜਿਆ ਤੇ ਇਸਦੀ ਖੋਜ ਕੀਤੀ ਹੈ; ਤੇ ਆਕਾਸ਼ ਤੋਂ ਮੈਂ ਡਿੱਗਾ ਹਾਂ, ਭਾਵੇਂ ਮਰਿਆ ਨਹੀਂ। ਆਪਣੇ ਵਿਚ ਮੇਰਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਹੈ। ਜਿਹੜੇ ਧਰਤੀ ਨੂੰ ਨਹੀਂ ਪਿਆਰਦੇ, ਉਹਨਾਂ ਨੂੰ ਭੁਲੇਖਿਆਂ ਉਤੇ ਜਿਊਣ ਦਿਓ। ਮੈਂ ਸੱਚ ਪਾ ਲਿਆ ਹੈ। ਫਿਰ ਕਦੀ ਵੀ ਮੈਂ ਪੰਛੀ ਦੀ ਵੰਗਾਰ ਕਬੂਲ ਨਹੀਂ ਕਰਾਂਗਾ। ਧਰਤੀ ਦਾ ਜੰਮਿਆਂ, ਮੈਂ ਧਰਤੀ ਉਤੇ ਹੀ ਰਹਾਂਗਾ।

“ਇਹ ਕਹਿੰਦਿਆਂ, ਇਸਨੇ ਹੋਰ ਵੀ ਘੁਮੰਡ ਵਿਚ ਆਉਂਦਿਆਂ ਇਕ ਪੱਥਰ ਉਤੇ ਕੁੰਡਲ ਮਾਰ ਲਿਆ।

ਤੇਜ਼ ਰੌਸ਼ਨੀ ਵਿਚ ਸਾਰਾ ਸਾਗਰ ਲਿਸ਼ਕਾਂ ਮਾਰ ਰਿਹਾ ਸੀ, ਤੇ ਲਹਿਰਾਂ ਜ਼ੋਰ ਜ਼ੋਰ ਦੀ ਆ ਕੇ ਕੰਢੇ ਨਾਲ ਪਟਕ ਰਹੀਆਂ ਸਨ।

ਉਹਨਾਂ ਦੀ ਸ਼ੇਰ ਵਰਗੀ ਗਰਜ ਵਿਚ ਬਾਜ਼ ਦੇ ਗੀਤ ਦੀ ਗੂੰਜ ਸੀ। ਸਾਗਰ ਦੇ ਥਪੇੜਿਆਂ ਨਾਲ ਚੱਟਾਨਾਂ ਕੰਬ ਰਹੀਆਂ ਸਨ, ਭਿਆਨਕ ਗੀਤ ਦੀਆਂ ਧੁਨਾਂ ਨਾਲ ਆਕਾਸ਼ ਕੰਬ ਰਿਹਾ ਸੀ:

“ਬਹਾਦਰਾਂ ਦੇ ਪਾਗਲਪਨ ਦੀ ਜੈ ਜੈ ਕਾਰ ਅਸੀਂ ਗਾ ਰਹੀਆਂ।

“ਬਹਾਦਰਾਂ ਦਾ ਪਾਗਲਪਨ ਜ਼ਿੰਦਗੀ ਦੀ ਸਿਆਣਪ ਹੈ। ਹੇ ਦਲੇਰ ਬਾਜ਼। ਦੁਸ਼ਮਣ ਨਾਲ ਲੜਦਿਆਂ ਤੂੰ ਖੂਨ ਡੋਹਲਿਆ, ਪਰ ਵਕਤ ਆਏਗਾ ਤੇ ਤੇਰੇ ਗਰਮ ਖੂਨ ਦੀ ਹਰ ਬੂੰਦ ਤਾਰਾ ਬਣੇਗੀ, ਤੇ ਜ਼ਿੰਦਗੀ ਦੇ ਹਨੇਰੇ ਨੂੰ ਰੁਸ਼ਨਾਏਗੀ ਤੇ ਕਈ ਬਹਾਦਰ ਦਿਲਾਂ ਵਿਚ ਆਜ਼ਾਦੀ ਤੇ ਰੌਸ਼ਨੀ ਦੀ ਪਾਗਲ ਪਿਆਸ ਭੜਕਾਏਗੀ !

“ਤੂੰ ਭਾਵੇਂ ਮਰ ਗਿਆ ਹੈ ! ਪਰ ਬਹਾਦਰੀ ਦੇ ਗੀਤਾਂ ਵਿਚ ਤੂੰ ਮਿਸਾਲ ਬਣਕੇ, ਤੇ ਆਜ਼ਾਦੀ ਲਈ, ਰੌਸ਼ਨੀ ਲਈ ਮਾਣ ਭਰੀ ਵੰਗਾਰ ਬਣ ਕੇ ਤੂੰ ਸਦਾ ਜਿਉਂਦਾ ਰਹੇਗਾ !

“ ‘ਬਹਾਦਰਾਂ ਦੇ ਪਾਗਲਪਨ ਦੀ ਜੈ ਜੈ ਕਾਰ ਅਸੀਂ ਗਾ ਰਹੀਆਂ।’ ”

.. ਸਾਗਰ ਦੀਆਂ ਦੁਧੀਆਂ ਚੁੜਿਤਣਾ ਖ਼ਾਮੋਸ਼ ਹਨ। ਤੱਟ ਨਾਲ ਆ ਕੇ ਵਜਦੀਆਂ ਲਹਿਰਾਂ ਮੱਧਮ ਸੁਰ ਵਿਚ ਗਾ ਰਹੀਆਂ ਹਨ, ਤੇ ਮੈਂ ਵੀ, ਦੁਰ ਨਜ਼ਰ ਗੱਡੀ, ਚੁੱਪ ਬੈਠਾ ਹਾਂ। ਹੁਣ ਪਾਣੀ ਉੱਤੇ ਚਾਂਦੀ ਰੰਗੇ ਧੱਬੇ ਵਧ ਗਏ ਹਨ।… ਸਾਡੀ ਕੇਤਲੀ ਚੁੱਪ-ਚਾਪ ਖੌਲ ਰਹੀ ਹੈ।

ਇਕ ਲਹਿਰ ਆਪਣੀਆਂ ਭੈਣਾਂ ਨੂੰ ਪਿੱਛੇ ਛੱਡਦੀ ਹੋਈ, ਰਹੀਮ ਦੇ ਸਿਰ ਤੱਕ ਪਹੁੰਚਦੀ ਹੋਈ ਮਜ਼ਾਕ ਉਡਾਉਂਦੀ ਨਿੱਕੀ ਜਿਹੀ ਕੂਕ ਛੱਡਦੀ ਹੈ।

“ਕਿੱਧਰ ਆ ਰਹੀ ਹੈਂ? … ਚਲ ਪਿੱਛੇ!” ਰਹੀਮ ਆਪਣਾ ਹੱਥ ਮਾਰਦਾ ਹੋਇਆ ਚਿੱਲਾਉਂਦਾ ਹੈ, ਤੇ ਲਹਿਰ ਆਗਿਆਕਾਰੀ ਢੰਗ ਨਾਲ ਵਾਪਸ ਹੋ ਜਾਂਦੀ ਹੈ।

ਰਹੀਮ ਵੱਲੋਂ ਲਹਿਰ ਨੂੰ ਜਿਉਂਦੀ ਜਾਗਦੀ ਚੀਜ਼ ਮੰਨਣ ਉਤੇ ਮੈਨੂੰ ਜ਼ਰਾ ਵੀ ਹੈਰਾਨੀ ਨਹੀਂ ਹੁੰਦੀ, ਨਾ ਡਰ ਲਗਦਾ ਹੈ।ਸਾਡੇ ਆਲੇ-ਦੁਆਲੇ ਦੀ ਹਰ ਚੀਜ਼ ਬੇਮਿਸਾਲ ਤੌਰ ਉਤੇ ਸਜੀਵ, ਕੋਮਲ ਤੇ ਸਹਿਲਾਉਣ ਦਾ ਅਸਰ ਰੱਖਦੀ ਹੈ। ਸਾਗਰ ਸ਼ਾਂਤ ਹੈ, ਤੇ ਇਸਦੇ ਸੀਤਲ ਸਵਾਸ ਵਿਚ ਇਕ ਤਾਕਤ ਮਹਿਸੂਸ ਹੁੰਦੀ ਹੈ, ਜਿਹੜਾ ਇਹ ਦਿਨ ਦੀ ਗਰਮੀ ਨਾਲ ਅਜੇ ਤੱਕ ਭਰੀਆਂ ਹੋਈਆਂ ਪਹਾੜਾਂ ਦੀਆਂ ਟੀਸੀਆਂ ਵੱਲ ਛੱਡ ਰਿਹਾ ਹੈ। ਆਕਾਸ਼ ਦੇ ਗੂੜ੍ਹੇ ਨੀਲੇ ਪਿਛੋਕੜ ਵਿਚ ਸਿਤਾਰਿਆਂ ਨੇ ਸੁਨਹਿਰੀ ਅੱਖਰਾਂ ਵਿਚ ਕੋਈ ਜੇ ਤੁ ਸੰਦੇਸ਼ ਲਿਖ ਦਿਤਾ ਹੈ, ਕੋਈ ਅਜਿਹੀ ਗਲ ਜਿਹੜੀ ਰੂਹ ਨੂੰ ਮੁਗਧ ਕਰ ਰਹੀ ਹੈ ਤੇ ਕਿਸੇ ਅਗੰਮ-ਗਿਆਨ ਦੀ ਮਿੱਠੀ ਆਸ ਨਾਲ ਮਨ ਨੂੰ ਹਿਲੂਣ ਰਹੀ ਹੈ।

ਸਭ ਕੁਝ ਉੱਘ ਰਿਹਾ ਹੈ, ਪਰ ਇਕ ਖਿਚਾ ਭਰੀ ਚੇਤਨਤਾ ਨਾਲ, ਜਿਵੇਂ ਕਿ ਹੋਰ ਘੜੀ ਨੂੰ ਸਭ ਚੀਜ਼ਾਂ ਆਪਣੀ ਨੀਂਦ ਲਾਹ ਮਾਰਨਗੀਆਂ ਤੇ ਕਿਸੇ ਅਕਹਿ ਮਿੱਠੀ ਇਕਸੁਰਤਾ ਦੇ ਸਮੂਹ ਗਾਣ ਵਿਚ ਆਪਣੀਆਂ ਆਵਾਜ਼ਾਂ ਉੱਚੀਆਂ ਕਰਨਗੀਆਂ। ਇਹ ਇਕਸੁਰ ਗੀਤ ਜ਼ਿੰਦਗੀ ਦੇ ਭੇਤਾਂ ਦੀ ਗੱਲ ਕਰੇਗਾ, ਮਨ ਸਾਹਮਣੇ ਇਹਨਾਂ ਦੀ ਵਿਆਖਿਆ ਕਰੇਗਾ ਤੇ ਫਿਰ ਉਸਨੂੰ ਬੁਝਾ ਦੇਵੇਗਾ, ਕਿਸੇ ਬੇਵਜੂਦ ਅੱਗ ਵਾਂਗ, ਤੇ ਰੂਹ ਨੂੰ ਉਠਾ ਕੇ ਰਾਤ ਦੇ ਨੀਲੇ ਖ਼ਿਲਾਵਾਂ ਵਿਚ ਲੈ ਜਾਏਗਾ ਜਿਥੇ ਤਾਰਿਆਂ ਦੀ ਧੜਕਦੀ ਹੋਈ ਨੱਕਾਸ਼ੀ ਅਗੰਮ-ਗਿਆਨ ਦਾ ਉਹੋ ਦੈਵੀ ਗੀਤ ਗਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।